DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Gujrat Plane Crash: ਵੀਡੀਓ ਬਣਾ ਕੇ Aeroplane Boy ਬਣਿਆ ਆਰੀਅਨ ਇੱਕ ਸਾਲ ਬਾਅਦ ਵੀ ਮਾਨਸਿਕ ਖੌਫ਼ ’ਚ

ਅਹਿਮਦਾਬਾਦ ਹਵਾਈ ਹਾਦਸੇ ਦੀ ਲਾਈਵ ਵੀਡੀਓ ਰਿਕਾਰਡ ਕਰਨ ਵਾਲਾ 18 ਸਾਲਾ ਨੌਜਵਾਨ ਅਜੇ ਵੀ ਉਸ ਭਿਆਨਕ ਤ੍ਰਾਸਦੀ ਦੇ ਮਾਨਸਿਕ ਬੋਝ ਹੇਠ; ਵਿਦੇਸ਼ ਜਾਣ ਦਾ ਸੁਪਨਾ ਪਰ ਉਡਾਣ ਭਰਨ ਤੋਂ ਅਸਮਰੱਥ।

  • fb
  • twitter
  • whatsapp
  • whatsapp
Advertisement

Gujrat Plane Crash: ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਦਾ 18 ਸਾਲਾ ਵਿਦਿਆਰਥੀ ਆਰੀਅਨ ਅਸਾਰੀ ਇੱਕ ਸਾਲ ਪਹਿਲਾਂ ਤੱਕ ਇੱਕ ਆਮ ਸਕੂਲੀ ਵਿਦਿਆਰਥੀ ਸੀ, ਜਿਸ ਨੇ ਕਦੇ ਕਿਸੇ ਹਵਾਈ ਜਹਾਜ਼ ਨੂੰ ਇੰਨੇ ਨੇੜਿਓਂ ਨਹੀਂ ਦੇਖਿਆ ਸੀ। ਪਰ ਅੱਜ ਆਰੀਅਨ ਆਪਣੇ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ‘ਐਰੋਪਲੇਨ ਬੁਆਏ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਕਾਰਨ ਉਸ ਦਾ ਉਹ ਮੋਬਾਈਲ ਫ਼ੋਨ ਵੀਡੀਓ ਹੈ, ਜਿਸ ਵਿੱਚ ਪਿਛਲੇ ਸਾਲ 12 ਜੂਨ ਨੂੰ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਐੇਅਰ ਇੰਡੀਆ ਦੇ ਜਹਾਜ਼ ਦੇ ਆਖਰੀ ਪਲ ਅਚਾਨਕ ਰਿਕਾਰਡ ਹੋ ਗਏ ਸਨ। ਇਸ ਭਿਆਨਕ ਹਾਦਸੇ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ।

ਹਾਲਾਂਕਿ, ਇਹ ਮਸ਼ਹੂਰੀ ਆਪਣੇ ਨਾਲ ਇੱਕ ਡੂੰਘਾ ਮਾਨਸਿਕ ਬੋਝ ਵੀ ਲੈ ਕੇ ਆਈ ਹੈ। ਆਰੀਅਨ ਦਾ ਕਹਿਣਾ ਹੈ ਕਿ ਉਸ ਦਿਨ ਤੋਂ ਬਾਅਦ ਉਸ ਨੇ ਕਦੇ ਕਿਸੇ ਜਹਾਜ਼ ਦੀ ਵੀਡੀਓ ਨਹੀਂ ਬਣਾਈ ਅਤੇ ਹੁਣ ਤੱਕ ਖੁਦ ਜਹਾਜ਼ ਵਿੱਚ ਸਫ਼ਰ ਕਰਨ ਦੀ ਹਿੰਮਤ ਵੀ ਨਹੀਂ ਜੁਟਾ ਸਕਿਆ। ਆਰੀਅਨ ਨੇ ਦੱਸਿਆ, “ ਮੈਂ ਪਹਿਲੀ ਵਾਰ ਅਹਿਮਦਾਬਾਦ ਗਿਆ ਸੀ ਅਤੇ ਇੰਨੇ ਨੇੜਿਓਂ ਜਹਾਜ਼ ਦੇਖਿਆ ਸੀ। ਦੋਸਤਾਂ ਨੂੰ ਦਿਖਾਉਣ ਲਈ ਮੈਂ ਮੋਬਾਈਲ ਕੱਢ ਕੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਸੀ।”

Advertisement

ਅਹਿਮਦਾਬਾਦ ਦੇ ਮੇਘਾਣੀਨਗਰ ਇਲਾਕੇ ਵਿੱਚ ਹਵਾਈ ਅੱਡੇ ਦੇ ਨੇੜੇ ਆਪਣੇ ਪਿਤਾ ਦੇ ਕਿਰਾਏ ਦੇ ਮਕਾਨ ਦੀ ਛੱਤ ’ਤੇ ਖੜ੍ਹੇ ਆਰੀਅਨ ਨੂੰ ਨੀਵਾਂ ਉੱਡ ਰਿਹਾ ਜਹਾਜ਼ ਆਕਰਸ਼ਿਤ ਕਰ ਰਿਹਾ ਸੀ। ਪਰ ਆਮ ਵਾਂਗ ਬਣਾਈ ਜਾ ਰਹੀ ਵੀਡੀਓ ਕੁਝ ਹੀ ਪਲਾਂ ਵਿੱਚ ਦੇਸ਼ ਦੀ ਇੱਕ ਵੱਡੀ ਤ੍ਰਾਸਦੀ ਦਾ ਦਸਤਾਵੇਜ਼ ਬਣ ਗਈ। ਉਸਨੇ ਭਾਵੁਕ ਹੁੰਦਿਆਂ ਕਿਹਾ, “ਅਚਾਨਕ ਜਹਾਜ਼ ਹੇਠਾਂ ਵੱਲ ਆਉਣ ਲੱਗਾ ਅਤੇ ਫਿਰ ਅੱਗ ਦੇ ਵੱਡੇ ਗੋਲੇ ਵਿੱਚ ਬਦਲ ਗਿਆ। ਮੈਂ ਬੁਰੀ ਤਰ੍ਹਾਂ ਡਰ ਗਿਆ ਸੀ। ਮੈਂ ਕਦੇ ਨਹੀਂ ਸੀ ਸੋਚਿਆ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਅਜਿਹਾ ਕੁਝ ਵਾਪਰ ਜਾਵੇਗਾ।”

Advertisement

ਆਰੀਅਨ ਉਸ ਦਿਨ ਸਵੇਰੇ ਹੀ ਆਪਣੇ ਪਿਤਾ ਮਗਨ ਅਸਾਰੀ ਨੂੰ ਮਿਲਣ ਅਹਿਮਦਾਬਾਦ ਪਹੁੰਚਿਆ ਸੀ। ਸੇਵਾਮੁਕਤ ਫ਼ੌਜੀ ਮਗਨ ਅਸਾਰੀ ਉਸ ਸਮੇਂ ਇੱਕ ਮੈਟਰੋ ਸਟੇਸ਼ਨ 'ਤੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਸਨ। ਆਰੀਅਨ ਦੀ ਇਹ ਯਾਤਰਾ 12ਵੀਂ ਜਮਾਤ ਵਿੱਚ ਦਾਖ਼ਲਾ ਲੈਣ ਤੋਂ ਬਾਅਦ ਕਿਤਾਬਾਂ ਖਰੀਦਣ ਦੇ ਉਦੇਸ਼ ਨਾਲ ਵੀ ਸੀ। ਪਰ ਸ਼ਹਿਰ ਪਹੁੰਚਣ ਦੇ ਕੁਝ ਹੀ ਘੰਟਿਆਂ ਦੇ ਅੰਦਰ ਉਹ ਦੇਸ਼ ਦੇ ਸਭ ਤੋਂ ਭਿਆਨਕ ਹਵਾਈ ਹਾਦਸਿਆਂ ਵਿੱਚੋਂ ਇੱਕ ਦਾ ਚਸ਼ਮਦੀਦ ਗਵਾਹ ਬਣ ਗਿਆ। ਉਸ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਚੈਨਲਾਂ ’ਤੇ ਵਾਇਰਲ ਹੋ ਗਈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਖ-ਵੱਖ ਮੀਡੀਆ ਅਦਾਰਿਆਂ ਦੇ ਪ੍ਰਤੀਨਿਧੀ ਉਸ ਦੇ ਪਿਤਾ ਦੇ ਘਰ ਪਹੁੰਚੇ ਅਤੇ ਆਰੀਅਨ ਨੇ ਕਈ ਨਿਊਜ਼ ਚੈਨਲਾਂ ਨੂੰ ਇੰਟਰਵਿਊ ਦਿੱਤੇ। ਕੁਝ ਦਿਨਾਂ ਬਾਅਦ ਉਹ ਆਪਣੇ ਪਿੰਡ ਪਰਤ ਆਇਆ ਅਤੇ ਪੜ੍ਹਾਈ ਵਿੱਚ ਜੁੱਟ ਗਿਆ। ਉਸ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਹੁਣ ਕਾਲਜ ਵਿੱਚ ਦਾਖ਼ਲਾ ਲੈਣ ਦੀ ਤਿਆਰੀ ਕਰ ਰਿਹਾ ਹੈ। ਆਮ ਜ਼ਿੰਦਗੀ ਕਾਫ਼ੀ ਹੱਦ ਤੱਕ ਪਟੜੀ ’ਤੇ ਪਰਤ ਆਈ ਹੈ, ਪਰ ਇਲਾਕੇ ਵਿੱਚ ਉਸ ਦੀ ਪਛਾਣ ਹਮੇਸ਼ਾ ਲਈ ਬਦਲ ਚੁੱਕੀ ਹੈ।

ਆਰੀਅਨ ਨੇ ਕਿਹਾ, “ ਜਦੋਂ ਮੈਂ ਪਿੰਡ ਪਰਤਿਆ ਤਾਂ ਹਰ ਕੋਈ ਉਹ ਵੀਡੀਓ ਦੇਖਣਾ ਚਾਹੁੰਦਾ ਸੀ। ਮੇਰੇ ਦੋਸਤਾਂ ਨੇ ਕਿਹਾ ਕਿ ਮੈਂ ਮਸ਼ਹੂਰ ਹੋ ਗਿਆ ਹਾਂ। ਹਾਲ ਹੀ ਵਿੱਚ ਮੈਂ ਇੱਕ ਵਿਆਹ ਵਿੱਚ ਗਿਆ ਸੀ, ਉੱਥੇ ਵੀ ਕਈ ਲੋਕਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਉਹੀ ‘ਐਰੋਪਲੇਨ ਬੁਆਏ’ ਹਾਂ? ਮੈਂ ਕਿਹਾ, ਹਾਂ।”

ਉਸ ਘਟਨਾ ਦਾ ਖੌਫ਼ ਅਜੇ ਵੀ ਉਸ ਦੇ ਦਿਲ-ਦਿਮਾਗ ’ਤੇ ਹਾਵੀ ਹੈ। ਆਰੀਅਨ ਨੇ ਦੱਸਿਆ, “ਉਸ ਹਾਦਸੇ ਤੋਂ ਬਾਅਦ ਮੈਂ ਮੋਬਾਈਲ ਨਾਲ ਜਹਾਜ਼ਾਂ ਦੀ ਵੀਡੀਓ ਬਣਾਉਣੀ ਬੰਦ ਕਰ ਦਿੱਤੀ। ਹੁਣ ਡਰ ਲੱਗਦਾ ਹੈ ਕਿ ਜੇਕਰ ਮੈਂ ਕਿਸੇ ਜਹਾਜ਼ ਦੀ ਵੀਡੀਓ ਬਣਾਵਾਂਗਾ ਤਾਂ ਕਿਤੇ ਉਹ ਵੀ ਹਾਦਸਾਗ੍ਰਸਤ ਨਾ ਹੋ ਜਾਵੇ।” ਇਹ ਡਰ ਸਿਰਫ਼ ਵੀਡੀਓ ਬਣਾਉਣ ਤੱਕ ਸੀਮਤ ਨਹੀਂ ਹੈ। ਪੇਂਡੂ ਗੁਜਰਾਤ ਦੇ ਕਈ ਨੌਜਵਾਨਾਂ ਵਾਂਗ ਆਰੀਅਨ ਵੀ ਭਵਿੱਖ ਵਿੱਚ ਵਿਦੇਸ਼ ਜਾਣ ਦਾ ਸੁਪਨਾ ਦੇਖਦਾ ਹੈ, ਪਰ ਹਵਾਈ ਸਫ਼ਰ ਦਾ ਖ਼ਿਆਲ ਹੀ ਉਸ ਨੂੰ ਕੰਬਾ ਦਿੰਦਾ ਹੈ। ਉਸ ਨੇ ਭਰੇ ਮਨ ਨਾਲ ਕਿਹਾ, “ਮੈਂ ਭਵਿੱਖ ਵਿੱਚ ਵਿਦੇਸ਼ ਜਾਣਾ ਚਾਹੁੰਦਾ ਹਾਂ, ਪਰ ਅਜੇ ਤੱਕ ਜਹਾਜ਼ ਵਿੱਚ ਬੈਠਣ ਦੀ ਹਿੰਮਤ ਨਹੀਂ ਜੁਟਾ ਪਾਇਆ ਹਾਂ।”

Advertisement
×