‘ਮੈਨੂੰ ਕਿਸੇ ਵੀ ਕਿਰਦਾਰ ’ਚ ਫਿੱਟ ਕਰ ਦਿਓ, ਮੈਂ ਨਿਭਾ ਸਕਦੀ ਹਾਂ..’; Soni Razdan ਨੇ series ’ਚ ਕੰਮ ਕਰਨ ਦੀ ਜਤਾਈ ਇੱਛਾ
ਫ਼ਿਲਮ ‘ਓਮ ਕਾ ਹਰੀ’ ’ਚ ਅਹਿਮ ਭੂਮਿਕਾ ਨਿਭਾ ਰਹੀ ਅਦਾਕਾਰਾ ਨੇ ਥੀਏਟਰ ਨੂੰ ਦਿੱਤਾ ਆਪਣੀ ਅਦਾਕਾਰੀ ਦਾ ਸਿਹਰਾ
ਨਾਮੀ ਅਦਾਕਾਰਾ ਸੋਨੀ ਰਾਜ਼ਦਾਨ ਦਾ ਕਹਿਣਾ ਹੈ ਕਿ ਉਹ ਇੱਕ ਕਲਾਕਾਰ ਵਜੋਂ ਖ਼ੁਦ ਨੂੰ ਕਿਸੇ ਖ਼ਾਸ ਦਾਇਰੇ ਜਾਂ ਸੀਮਾ ਵਿੱਚ ਬੰਨ੍ਹ ਕੇ ਨਹੀਂ ਰੱਖਦੀ ਅਤੇ ਹਰ ਨਵੇਂ ਕਿਰਦਾਰ ਨੂੰ ਪੂਰੇ ਉਤਸ਼ਾਹ ਨਾਲ ਅਪਣਾਉਂਦੀ ਹੈ। ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਓਮ ਕਾ ਹਰੀ’ ਵਿੱਚ ਨਜ਼ਰ ਆ ਰਹੀ 69 ਸਾਲਾ ਅਦਾਕਾਰਾ ਨੇ ਦਾਅਵਾ ਕੀਤਾ ਕਿ ਉਹ ਕਿਸੇ ਵੀ ਵੱਖਰੇ ਮਾਹੌਲ ਜਾਂ ਕਿਰਦਾਰ ਵਿੱਚ ਢਲਣ ਦੀ ਸਮਰੱਥਾ ਰੱਖਦੀ ਹੈ। ਇੱਕ ਇੰਟਰਵਿਊ ਦੌਰਾਨ ਆਪਣੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਨੇ ਚਰਚਿਤ ਵੈੱਬ ਸੀਰੀਜ਼ ‘ਪੰਚਾਇਤ’ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਜਿਹੇ ਸ਼ੋਅ ਵਿੱਚ ਵੀ ਕਾਸਟ ਕੀਤਾ ਜਾਵੇ, ਤਾਂ ਉਹ ਉਸ ਵਿੱਚ ਵੀ ਪੂਰੀ ਤਰ੍ਹਾਂ ਫਿੱਟ ਹੋ ਸਕਦੀ ਹਨ ਅਤੇ ਆਪਣੀ ਅਦਾਕਾਰੀ ਨਾਲ ਇਹ ਸਾਬਤ ਵੀ ਕਰ ਸਕਦੀ ਹਨ।
ਸ਼ੁੱਕਰਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਫ਼ਿਲਮ 'ਓਮ ਕਾ ਹਰੀ' ਵਿੱਚ ਸੋਨੀ ਰਾਜ਼ਦਾਨ ਨੇ ‘ਸਰੋਜ’ ਨਾਂ ਦੀ ਔਰਤ ਦਾ ਕਿਰਦਾਰ ਨਿਭਾਇਆ ਹੈ, ਜੋ ਆਪਣੇ ਜ਼ਿੱਦੀ ਪਤੀ ਹਰੀ ਪ੍ਰਸਾਦ ਸ਼ਰਮਾ (ਰਘੁਬੀਰ ਯਾਦਵ) ਅਤੇ ਆਜ਼ਾਦ ਖ਼ਿਆਲਾਂ ਵਾਲੇ ਪੁੱਤਰ ਓਮ ਪ੍ਰਸਾਦ ਸ਼ਰਮਾ (ਅੰਸ਼ੂਮਨ ਝਾਅ) ਦੇ ਵਿਚਕਾਰਲੇ ਤਣਾਅਪੂਰਨ ਰਿਸ਼ਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹੈ। ਹਰੀਸ਼ ਵਿਆਸ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਬਾਪ-ਪੁੱਤ ਦੇ ਰਿਸ਼ਤੇ ਦੁਆਲੇ ਘੁੰਮਦੀ ਹੈ, ਜਿਸ ਦੀ ਕਹਾਣੀ ਭੋਪਾਲ ਤੋਂ ਵਾਰਾਣਸੀ ਤੱਕ ਜਾਂਦੀ ਹੈ।
ਸੋਨੀ ਰਾਜ਼ਦਾਨ ਨੇ ਆਪਣੀ ਅਦਾਕਾਰੀ ਦਾ ਸਿਹਰਾ ਆਪਣੇ ਥੀਏਟਰ ਦੇ ਦਿਨਾਂ ਨੂੰ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦਿੱਗਜ ਥੀਏਟਰ ਨਿਰਦੇਸ਼ਕ ਸਤਿਆਦੇਵ ਦੁਬੇ ਦੀ ਅਗਵਾਈ ਹੇਠ ਕੀਤੀ ਸੀ।

