ਪ੍ਰੇਮ ਵਿਆਹ ਤੋਂ ਖਫ਼ਾ ਪਰਿਵਾਰ ਦੀ ਬੇਰਹਿਮੀ: HC ’ਚ ਸੁਰੱਖਿਆ ਪਟੀਸ਼ਨ ਲੰਬਤ ਰਹਿੰਦਿਆਂ ਪਿਓ ਵੱਲੋਂ ਧੀ ਦਾ ਚਾਕੂ ਮਾਰ ਕੇ ਕਤਲ
ਗੁਰਦੁਆਰੇ ਮਿਲਣ ਦੇ ਬਹਾਨੇ ਬੁਲਾ ਕੇ ਧੀ ’ਤੇ ਕੀਤੇ ਤਾਬੜਤੋੜ ਵਾਰ; ਭੱਜ ਕੇ ਪਤੀ ਨੇ ਬਚਾਈ ਆਪਣੀ ਜਾਨ
ਆਪਣੀ ਪਤਨੀ ਦੇ ਕਤਲ ਤੋਂ ਬਾਅਦ ਸਹੁਰੇ ਪਰਿਵਾਰ ਦੇ ਕਹਿਰ ਤੋਂ ਬਾਲ-ਬਾਲ ਬਚੇ ਇੱਕ ਨੌਜਵਾਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦਰਦ ਬਿਆਨ ਕੀਤਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਸੁਰੱਖਿਆ ਪਟੀਸ਼ਨ ਵੀ ਉਸ ਦੀ ਪਤਨੀ ਦੀ ਜਾਨ ਨਹੀਂ ਬਚਾ ਸਕੀ। ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰ ਵੱਲੋਂ ਨੌਜਵਾਨ ਦੀ ਪਤਨੀ ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂਕਿ ਹਾਈ ਕੋਰਟ ਵਿੱਚ ਉਨ੍ਹਾਂ ਦੀ ਜੋੜੇ ਦੀ ਸੁਰੱਖਿਆ ਵਾਲੀ ਅਰਜ਼ੀ ਅਜੇ ਵੀ ਲੰਬਤ ਪਈ ਸੀ।
ਇਹ ਖ਼ੂਨੀ ਵਾਰਦਾਤ ਮੰਗਲਵਾਰ ਨੂੰ ਅੰਮ੍ਰਿਤਸਰ-ਬਠਿੰਡਾ ਕੌਮੀਂ ਰਾਜਮਾਰਗ ’ਤੇ ਪੈਂਦੇ ਪਿੰਡ ਢਿਲਵਾਂ ਨੇੜੇ ਵਾਪਰੀ। ਦੋਸ਼ ਹੈ ਕਿ ਮ੍ਰਿਤਕਾ ਦੀ ਮਾਂ ਅਤੇ ਭਰਾ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਬਹਾਨਾ ਬਣਾ ਕੇ ਜੋੜੇ ਨੂੰ ਬੁਲਾਇਆ ਸੀ, ਜਿੱਥੇ ਲੜਕੀ ਦੇ ਪਿਓ ਨੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਮਹਿਕਦੀਪ ਕੌਰ ਵਜੋਂ ਹੋਈ ਹੈ, ਜਿਸ ਦਾ ਕਤਲ 21 ਜੁਲਾਈ ਨੂੰ ਦੁਪਹਿਰ 2 ਤੋਂ 2:30 ਵਜੇ ਦੇ ਦਰਮਿਆਨ ਉਸ ਦੇ ਪਿਓ ਵਕੀਲ ਸਿੰਘ ਅਤੇ ਉਸ ਦੇ ਹੋਰ ਸਾਥੀਆਂ-ਗੁਰਪ੍ਰੀਤ ਸਿੰਘ ਉਰਫ਼ ਗੋਰਾ (ਭਰਾ), ਸੁਖਚੈਨ ਸਿੰਘ ਅਤੇ ਸੁੱਖਾ ਸਿੰਘ ਉਰਫ਼ ਗੋਲੂ (ਸਾਰੇ ਵਾਸੀ ਪਿੰਡ ਬੁਰਜ ਹਰੀਕਾ, ਥਾਣਾ ਬਾਜਾਖਾਨਾ) ਵੱਲੋਂ ਮਿਲ ਕੇ ਕੀਤਾ ਗਿਆ।
ਕੋਟਕਪੂਰਾ ਸਦਰ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 103(2), 193(3) ਅਤੇ 190 ਤਹਿਤ ਦਰਜ ਐੱਫ.ਆਈ.ਆਰ. ਅਨੁਸਾਰ ਸ਼ਿਕਾਇਤਕਰਤਾ ਜਗਦੀਪ ਸਿੰਘ ਉਰਫ਼ ਆਕਾਸ਼ (ਵਾਸੀ ਬਰਗਾੜੀ), ਜੋ ਕਿ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸ ਦੇ ਪਿੰਡ ਵਕੀਲ ਸਿੰਘ ਦੀ ਧੀ ਮਹਿਕਦੀਪ ਕੌਰ ਨਾਲ ਪਿਛਲੇ 5-6 ਸਾਲਾਂ ਤੋਂ ਪ੍ਰੇਮ ਸੰਬੰਧ ਸਨ। ਪਰਿਵਾਰਾਂ ਦੇ ਖ਼ਿਲਾਫ਼ ਹੋਣ ਕਾਰਨ ਦੋਵਾਂ ਨੇ ਪਰਿਵਾਰਕ ਰਜ਼ਾਮੰਦੀ ਤੋਂ ਬਿਨਾਂ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਵਾ ਲਿਆ ਸੀ ਅਤੇ ਸੁਰੱਖਿਆ ਲਈ ਹਾਈ ਕੋਰਟ ਦਾ ਰੁੱਖ ਕੀਤਾ ਸੀ। ਉਹ ਆਪਣੇ ਪਿੰਡ ਤੋਂ ਦੂਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਵਿਖੇ ਰਹਿ ਰਹੇ ਸਨ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ 21 ਜੁਲਾਈ ਨੂੰ ਉਸ ਦੀ ਸੱਸ ਸਿਮਰਨਜੀਤ ਕੌਰ ਅਤੇ ਸਾਲੇ ਗੁਰਪ੍ਰੀਤ ਸਿੰਘ ਨੇ ਮਹਿਕਦੀਪ ਕੌਰ ਨੂੰ ਝਾਂਸਾ ਦੇ ਕੇ ਫ਼ੋਨ ਕੀਤਾ ਅਤੇ ਪਿੰਡ ਢਿਲਵਾਂ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਮੱਥਾ ਟੇਕਣ ਲਈ ਬੁਲਾਇਆ। ਜਦੋਂ ਜੋੜਾ ਮੋਟਰਸਾਈਕਲ ’ਤੇ ਮੌਕੇ ’ਤੇ ਪਹੁੰਚਿਆ ਤਾਂ ਵਕੀਲ ਸਿੰਘ ਅਤੇ ਹੋਰ ਮੁਲਜ਼ਮ ਚੌਰਾਹੇ ’ਤੇ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਸਨ। ਉਨ੍ਹਾਂ ਨੇ ਧਮਕੀ ਦਿੰਦਿਆਂ ਕਿਹਾ ਕਿ ਉਹ ਅੱਜ ਦੋਵਾਂ ਨੂੰ ਜਿਊਂਦਾ ਨਹੀਂ ਛੱਡਣਗੇ।
ਜਦੋਂ ਮੁਲਜ਼ਮ ਉਨ੍ਹਾਂ ਵੱਲ ਵਧੇ ਤਾਂ ਜਗਦੀਪ ਅਤੇ ਮਹਿਕਦੀਪ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਡਿੱਗ ਗਿਆ। ਦੋਵੇਂ ਨੈਸ਼ਨਲ ਹਾਈਵੇਅ ਪਾਰ ਕਰਕੇ ਖੇਤਾਂ ਵੱਲ ਭੱਜੇ, ਜਿੱਥੇ ਮਹਿਕਦੀਪ ਕੌਰ ਖੇਤ ਦੁਆਲੇ ਲੱਗੀ ਕੰਡਿਆਲੀ ਤਾਰ ’ਚ ਉਲਝ ਕੇ ਡਿੱਗ ਪਈ। ਇਸੇ ਦੌਰਾਨ ਉਸ ਦੇ ਪਿਓ ਨੇ ਚਾਕੂ ਨਾਲ ਉਸ ਦੇ ਪੇਟ ’ਚ ਤਾਬੜਤੋੜ 5-6 ਵਾਰ ਕਰ ਦਿੱਤੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਗਦੀਪ ਸਿੰਘ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜਣ ’ਚ ਸਫ਼ਲ ਰਿਹਾ। ਪੁਲੀਸ ਨੇ ਪੰਜ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

