ਉਰਦੂ ਸ਼ਾਇਰੀ ਦੇ ਸੁਨਹਿਰੀ ਯੁੱਗ ਦਾ ਅੰਤ: ਮਸ਼ਹੂਰ ਸ਼ਾਇਰ ਪਦਮ ਸ਼੍ਰੀ ਡਾ. ਬਸ਼ੀਰ ਬਦਰ ਦਾ 91 ਸਾਲ ਦੀ ਉਮਰ ’ਚ ਦੇਹਾਂਤ
ਲੰਬੀ ਬਿਮਾਰੀ ਤੋਂ ਬਾਅਦ ਭੋਪਾਲ ਵਿਖੇ ਲਏ ਆਖਰੀ ਸਾਹ
ਉਰਦੂ ਸਾਹਿਤ ਅਤੇ ਗ਼ਜ਼ਲ ਦੀ ਦੁਨੀਆ ਤੋਂ ਇੱਕ ਬਹੁਤ ਹੀ ਦੁਖਦ ਅਤੇ ਹਿਰਦੇਵੇਦਕ ਖ਼ਬਰ ਸਾਹਮਣੇ ਆਈ ਹੈ। ਆਪਣੀ ਰੂਹਾਨੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਸ਼ਾਇਰੀ ਨਾਲ ਕਰੋੜਾਂ ਦਿਲਾਂ ’ਤੇ ਰਾਜ ਕਰਨ ਵਾਲੇ ਦੇਸ਼ ਦੇ ਮਸ਼ਹੂਰ ਉਰਦੂ ਕਵੀ ਡਾ. ਬਸ਼ੀਰ ਬਦਰ ਦਾ ਵੀਰਵਾਰ ਨੂੰ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਨੇ 91 ਸਾਲ ਦੀ ਉਮਰ ਵਿੱਚ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਆਖਰੀ ਸਾਹ ਲਿਆ। ਆਧੁਨਿਕ ਗ਼ਜ਼ਲ ਦੇ ਅਸਲ ਉਸਤਾਦ ਮੰਨੇ ਜਾਣ ਵਾਲੇ ਬਸ਼ੀਰ ਬਦਰ ਦੇ ਅਕਾਲ ਚਲਾਣੇ ਨਾਲ ਪੂਰੇ ਕੌਮਾਂਤਰੀ ਸਾਹਿਤਕ ਹਲਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਸ ਮਹਾਨ ਫਨਕਾਰ ਦੇ ਤੁਰ ਜਾਣ ਦੀ ਭਾਵੁਕ ਖ਼ਬਰ ਉਨ੍ਹਾਂ ਦੀ ਪਤਨੀ ਰਾਹਤ ਬਦਰ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਲਿਖਿਆ, “ ਬਸ਼ੀਰ ਸਾਹਿਬ ਸਾਨੂੰ ਛੱਡ ਗਏ... ਪ੍ਰਾਰਥਨਾਵਾਂ। ਸਾਹਿਤ ਦੀ ਦੁਨੀਆ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਦੇਸ਼ ਦੇ ਵੱਕਾਰੀ ‘ਪਦਮ ਸ਼੍ਰੀ’ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ।”
ਅਯੁੱਧਿਆ ਤੋਂ ਅਲੀਗੜ੍ਹ ਤੱਕ ਦਾ ਸਾਹਿਤਕ ਸਫ਼ਰ
15 ਫਰਵਰੀ, 1935 ਨੂੰ ਅਯੁੱਧਿਆ ਵਿਖੇ ਜਨਮੇ ਬਸ਼ੀਰ ਬਦਰ ਨੇ ਆਪਣੀ ਉੱਚ ਸਿੱਖਿਆ ਅਤੇ ਪੀਐਚ.ਡੀ. ਦੀ ਡਿਗਰੀ ਦੇਸ਼ ਦੀ ਪ੍ਰਸਿੱਧ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (AMU) ਤੋਂ ਹਾਸਲ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਉੱਥੇ ਉਰਦੂ ਦੇ ਪ੍ਰੋਫੈਸਰ ਵਜੋਂ ਵੀ ਸੇਵਾਵਾਂ ਦਿੱਤੀਆਂ। 12 ਅਗਸਤ, 1974 ਨੂੰ ਉਹ ਮੇਰਠ ਕਾਲਜ ਦੇ ਉਰਦੂ ਵਿਭਾਗ ਵਿੱਚ ਬਤੌਰ ਲੈਕਚਰਾਰ ਨਿਯੁਕਤ ਹੋਏ। ਉਦੋਂ ਤੱਕ ਉਹ ਕਵਿਤਾ ਦੀ ਦੁਨੀਆ ਵਿੱਚ ਇਸ ਕਦਰ ਮਕਬੂਲ ਹੋ ਚੁੱਕੇ ਸਨ ਕਿ ਉਨ੍ਹਾਂ ਦਾ ਨਾਮ ਹੀ ਕਿਸੇ ਵੱਡੀ ਡਿਗਰੀ ਨਾਲੋਂ ਵੱਡਾ ਰੁਤਬਾ ਬਣ ਚੁੱਕਾ ਸੀ।
ਬਸ਼ੀਰ ਸਾਹਿਤ ਨੂੰ ਬੇਹੱਦ ਸਰਲ, ਆਮ-ਫਹਿਮ (ਆਸਾਨੀ ਨਾਲ ਸਮਝ ਆਉਣ ਵਾਲੀ) ਭਾਸ਼ਾ ਵਿੱਚ ਡੂੰਘੀਆਂ ਖ਼ਿਆਲ ਉਡਾਰੀਆਂ ਵਾਲੀਆਂ ਗ਼ਜ਼ਲਾਂ ਲਿਖਣ ਵਿੱਚ ਅਦਭੁਤ ਮਹਾਰਤ ਹਾਸਲ ਸੀ। ਉਨ੍ਹਾਂ ਨੇ ਪਰੰਪਰਾਗਤ ਗ਼ਜ਼ਲ ਸ਼ੈਲੀ ਵਿੱਚ ਕਈ ਨਵੇਂ ਅਤੇ ਆਧੁਨਿਕ ਸ਼ਬਦਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਸ਼ਾਮਲ ਕੀਤਾ। ਹਾਲਾਂਕਿ, ਗੰਭੀਰ ਬਿਮਾਰੀ ਕਾਰਨ ਉਹ ਪਿਛਲੇ ਕਈ ਸਾਲਾਂ ਤੋਂ ਸ਼ਾਇਰੀ ਅਤੇ ਮੁਸ਼ਾਇਰਿਆਂ ਦੀ ਦੁਨੀਆ ਤੋਂ ਪੂਰੀ ਤਰ੍ਹਾਂ ਦੂਰ ਹੋ ਚੁੱਕੇ ਸਨ।
ਮੇਰਠ ਦੰਗਿਆਂ ਦਾ ਉਹ ਕਾਲਾ ਦੌਰ, ਜਿਸ ਨੇ ਅੰਦਰ ਤੱਕ ਤੋੜਿਆ
ਸਾਲ 1987 ਵਿੱਚ ਮੇਰਠ ਵਿੱਚ ਹੋਏ ਭਿਆਨਕ ਫਿਰਕੂ ਦੰਗਿਆਂ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਬਸ਼ੀਰ ਸਾਹਿਬ ਦਾ ਹੱਸਦਾ-ਖੇਡਦਾ ਘਰ ਪੂਰੀ ਤਰ੍ਹਾਂ ਸਾੜ ਦਿੱਤਾ ਗਿਆ ਸੀ। ਇਸ ਦਰਦਨਾਕ ਹਾਦਸੇ ਵਿੱਚ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤੀਆਂ ਕਈ ਇਤਿਹਾਸਕ ਸਾਹਿਤਕ ਰਚਨਾਵਾਂ, ਅਨਮੋਲ ਡਾਇਰੀਆਂ ਅਤੇ ਕਵਿਤਾਵਾਂ ਹਮੇਸ਼ਾ ਲਈ ਸਵਾਹ ਹੋ ਗਈਆਂ ਸਨ।
ਇਸ ਭਿਆਨਕ ਤ੍ਰਾਸਦੀ ਅਤੇ ਨਿੱਜੀ ਨੁਕਸਾਨ ਤੋਂ ਬਾਅਦ ਉਹ ਮੇਰਠ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਪੱਕੇ ਤੌਰ ’ਤੇ ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ਵਿੱਚ ਜਾ ਕੇ ਵੱਸ ਗਏ ਸਨ। ਅੱਜ ਉਨ੍ਹਾਂ ਦੇ ਚਲੇ ਜਾਣ ਨਾਲ ਉਰਦੂ ਸ਼ਾਇਰੀ ਦਾ ਇੱਕ ਬੇਹੱਦ ਚਮਕਦਾ ਸਿਤਾਰਾ ਹਮੇਸ਼ਾ ਲਈ ਟੁੱਟ ਗਿਆ ਹੈ, ਜਿਸ ਦੀ ਕਮੀ ਸਾਹਿਤ ਜਗਤ ਨੂੰ ਹਮੇਸ਼ਾ ਰੜਕਦੀ ਰਹੇਗੀ।

