Elvish Yadav Snake Venom Case: ਸੁਪਰੀਪ ਕੋਰਟ ਨੇ ਦਿੱਤੀ ਰਾਹਤ; ਐਫ਼ਆਈਆਰ ਕੀਤੀ ਰੱਦ
ਕਾਨੂੰਨੀ ਤੌਰ ’ਤੇ ਟਿਕਣਯੋਗ ਨਹੀਂ ਕੇਸ; ਯੂਟਿਊਬਰ ਖ਼ਿਲਾਫ਼ ਸਾਰੀ ਕਾਰਵਾਈ ਖ਼ਤਮ: ਅਦਾਲਤ
Elvish Yadav Snake Venom Case: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਵੱਡੀ ਰਾਹਤ ਦਿੰਦਿਆਂ 2023 ਵਿੱਚ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਦਰਜ ਕੀਤੀ ਗਈ FIR ਅਤੇ ਅਗਲੀ ਸਾਰੀ ਕਾਰਵਾਈ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਐਨ. ਕੋਟੀਸ਼ਵਰ ਸਿੰਘ ਦੀ ਬੈਂਚ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ (Wildlife Protection Act) ਤਹਿਤ ਇਹ ਸ਼ਿਕਾਇਤ ਕਿਸੇ ਅਧਿਕਾਰਤ ਵਿਅਕਤੀ ਵੱਲੋਂ ਦਰਜ ਨਹੀਂ ਕੀਤੀ ਗਈ ਸੀ, ਇਸ ਲਈ ਇਹ ਕਾਨੂੰਨੀ ਤੌਰ 'ਤੇ ਸਹੀ ਨਹੀਂ ਹੈ।
ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਐਲਵਿਸ਼ ਖ਼ਿਲਾਫ਼ ਲਗਾਈਆਂ ਗਈਆਂ NDPS ਐਕਟ ਦੀਆਂ ਧਾਰਾਵਾਂ ਵੀ ਲਾਗੂ ਨਹੀਂ ਹੁੰਦੀਆਂ, ਕਿਉਂਕਿ ਬਰਾਮਦ ਕੀਤਾ ਗਿਆ ਤਰਲ ਪਦਾਰਥ (ਐਂਟੀ-ਵੀਨਮ) ਇਸ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦਾ।
ਜ਼ਿਕਰਯੋਗ ਹੈ ਕਿ ਐਲਵਿਸ਼ ਯਾਦਵ ਨੂੰ ਮਾਰਚ 2024 ਵਿੱਚ ਨੋਇਡਾ ਦੀ ਇੱਕ ‘ਰੇਵ ਪਾਰਟੀ’ ਵਿੱਚ ਸੱਪਾਂ ਦੇ ਜ਼ਹਿਰ ਦੀ ਕਥਿਤ ਵਰਤੋਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਐਲਵਿਸ਼ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਕੋਲੋਂ ਕੋਈ ਵੀ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ ਸੀ ਅਤੇ ਸਿਰਫ਼ ਇੱਕ ਪ੍ਰਭਾਵਸ਼ਾਲੀ ਸੋਸ਼ਲ ਮੀਡੀਆ ਸਟਾਰ ਹੋਣ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਫੈਸਲੇ ਨਾਲ ਹੁਣ ਟਰਾਇਲ ਕੋਰਟ ਵਿੱਚ ਚੱਲ ਰਹੀ ਚਾਰਜਸ਼ੀਟ ਅਤੇ ਹੋਰ ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।

