DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Donald Trump ਨੇ ਖੁਦ ਨੂੰ ਈਸਾ ਮਸੀਹ ਵਜੋਂ ਦਿਖਾਉਣ ਵਾਲੀ ਪੋਸਟ ਡਿਲੀਟ ਕੀਤੀ

ਸਮਰਥਕਾਂ ਅਤੇ ਵਿਰੋਧੀਆਂ ਵੱਲੋਂ ਆਲੋਚਨਾ ਕਰਨ ਤੋਂ ਬਾਅਦ ਪੋਸਟ ਡਿਲੀਟ ਕੀਤੀ

  • fb
  • twitter
  • whatsapp
  • whatsapp
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਤੋਂ ਉਹ ਤਸਵੀਰ ਹਟਾ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਨੂੰ ਜੀਸਸ (ਈਸਾ ਮਸੀਹ) ਵਜੋਂ ਦਿਖਾਇਆ ਗਿਆ ਸੀ। ਇਸ ਤਸਵੀਰ ਵਿੱਚ ਉਹ ਇੱਕ ਬਿਮਾਰ ਵਿਅਕਤੀ ਦਾ ਇਲਾਜ ਕਰਦੇ ਨਜ਼ਰ ਆ ਰਹੇ ਸਨ। ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦਾ ਖਾਸਾ ਵਿਰੋਧ ਕੀਤਾ। ਇੱਥੋਂ ਤੱਕ ਕਿ ਟਰੰਪ ਦੇ ਆਪਣੇ ਸਮਰਥਕਾਂ ਨੇ ਵੀ ਇਸ ਤਸਵੀਰ ਨੂੰ ਗਲਤ ਅਤੇ ਅਪਮਾਨਜਨਕ ਦੱਸਿਆ ਹੈ।

ਕੰਜ਼ਰਵੇਟਿਵ ਇਨਫਲੂਐਂਸਰ ਰਿਲੇ ਗੇਨਜ਼ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਟਰੰਪ ਨੇ ਅਜਿਹੀ ਤਸਵੀਰ ਕਿਉਂ ਪੋਸਟ ਕੀਤੀ। ਉਨ੍ਹਾਂ ਕਿਹਾ ਕਿ ਟਰੰਪ ਲਈ ਥੋੜ੍ਹਾ ਨਿਮਰ ਹੋਣਾ ਬਿਹਤਰ ਹੁੰਦਾ ਅਤੇ ਪ੍ਰਮਾਤਮਾ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਇਸੇ ਤਰ੍ਹਾਂ ਫੌਕਸ ਨਿਊਜ਼ ਦੇ ਸ਼ੋਅ ਹੋਸਟ ਜੋਏ ਜੋਨਸ ਨੇ ਵੀ ਇਸ ਤਸਵੀਰ ਦੀ ਨਿਖੇਧੀ ਕਰਦਿਆਂ ਇਸ ਨੂੰ ਬਹੁਤ ਅਜੀਬ ਦੱਸਿਆ ਅਤੇ ਕਿਹਾ ਕਿ ਨੇਤਾਵਾਂ ਨੂੰ ਅਜਿਹੇ ਫ਼ਾਲਤੂ ਦੇ ਵਿਵਾਦਾਂ ਤੋਂ ਬਚਣਾ ਚਾਹੀਦਾ ਹੈ।

Advertisement

ਇੱਕ ਹੋਰ ਕੰਜ਼ਰਵੇਟਿਵ ਕਾਰਕੁਨ ਬ੍ਰਿਲਿਨ ਹੌਲੀਹੈਂਡ ਨੇ ਕਿਹਾ ਕਿ ਧਰਮ ਕੋਈ ਦਿਖਾਵੇ ਦੀ ਚੀਜ਼ ਨਹੀਂ ਹੈ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਖ਼ੁਦ ਨੂੰ ਮਸੀਹਾ ਵਜੋਂ ਪੇਸ਼ ਕਰਨ ਦੀ ਲੋੜ ਨਹੀਂ ਹੈ। ਭਾਵੇਂ ਇਰਾਨ ਅਤੇ ਲੈਬਨਾਨ ਦੇ ਚੱਲ ਰਹੇ ਸੰਘਰਸ਼ਾਂ ਅਤੇ ਹੋਰਮੁਜ਼ ਜਲ ਮਾਰਗ ਦੀ ਨਾਕਾਬੰਦੀ ਵਰਗੇ ਗੰਭੀਰ ਮੁੱਦਿਆਂ ਕਾਰਨ ਪਹਿਲਾਂ ਹੀ ਕੌਮਾਂਤਰੀ ਪੱਧਰ 'ਤੇ ਤਣਾਅ ਬਣਿਆ ਹੋਇਆ ਹੈ, ਪਰ ਟਰੰਪ ਦੀ ਇਸ ਸੋਸ਼ਲ ਮੀਡੀਆ ਹਰਕਤ ਨੇ ਅਮਰੀਕਾ ਦੇ ਅੰਦਰੂਨੀ ਸਿਆਸੀ ਅਤੇ ਧਾਰਮਿਕ ਹਲਕਿਆਂ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਦੀ ਨਿਗਰਾਨੀ ਕਰਨ ਵਾਲੀ ਪੁਲੀਸ ਅਤੇ ਸਾਈਬਰ ਸੁਰੱਖਿਆ ਮਾਹਰ ਵੀ ਸਰਗਰਮ ਨਜ਼ਰ ਆਏ। ਟਰੰਪ ਦੇ ਇਸ ਕਦਮ ਨੂੰ ਤਹਿਰਾਨ ਸਮੇਤ ਦੁਨੀਆ ਭਰ ਦੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਜਾ ਰਿਹਾ ਹੈ।

Advertisement

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਨਵਾਂ ਵਿਵਾਦ ਛੇੜ ਦਿੱਤਾ ਸੀ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਹਜ਼ਰਤ ਈਸਾ ਮਸੀਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਤਸਵੀਰ ਵਿੱਚ ਟਰੰਪ ਬਾਈਬਲ ਕਾਲ ਦੇ ਚੋਲੇ ਵਿੱਚ ਨਜ਼ਰ ਆ ਰਹੇ ਹਨ ਅਤੇ ਇੱਕ ਬੀਮਾਰ ਵਿਅਕਤੀ ’ਤੇ ਹੱਥ ਰੱਖ ਕੇ ਉਸ ਦਾ ਇਲਾਜ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਦੀਆਂ ਉਂਗਲਾਂ ਵਿੱਚੋਂ ਰੌਸ਼ਨੀ ਨਿਕਲ ਰਹੀ ਹੈ।

ਇਹ ਤਸਵੀਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਟਰੰਪ ਅਤੇ ਕੈਥੋਲਿਕ ਚਰਚ ਦੇ ਸਰਵਉੱਚ ਆਗੂ ਪੋਪ ਲੀਓ XIV ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਪੋਪ ਵੱਲੋਂ ਅਮਰੀਕਾ-ਇਰਾਨ ਜੰਗ ਦੀ ਨਿਖੇਧੀ ਕੀਤੇ ਜਾਣ ਤੋਂ ਭੜਕੇ ਟਰੰਪ ਨੇ ਕਿਹਾ, “ ਮੈਂ ਪੋਪ ਲੀਓ ਦਾ ਕੋਈ ਪ੍ਰਸ਼ੰਸਕ ਨਹੀਂ ਹਾਂ। ਉਹ ਬਹੁਤ ਉਦਾਰਵਾਦੀ (Liberal) ਵਿਅਕਤੀ ਹਨ ਅਤੇ ਅਪਰਾਧਾਂ ਪ੍ਰਤੀ ਨਰਮ ਹਨ। ਉਹ ‘ਕੱਟੜਪੰਥੀ ਖੱਬੇਪੱਖੀਆਂ’ ਦੇ ਹੱਥਾਂ ਵਿੱਚ ਖੇਡਣਾ ਬੰਦ ਕਰਨ।” ਟਰੰਪ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ ਵ੍ਹਾਈਟ ਹਾਊਸ ਵਿੱਚ ਨਾ ਹੁੰਦੇ, ਤਾਂ ਲੀਓ ਸ਼ਾਇਦ ਵੈਟੀਕਨ ਵਿੱਚ ਨਾ ਹੁੰਦੇ।

ਧਾਰਮਿਕ ਜਥੇਬੰਦੀਆਂ ਨੇ ਜਤਾਇਆ ਇਤਰਾਜ਼

ਟਰੰਪ ਵੱਲੋਂ ਪਵਿੱਤਰ ਧਾਰਮਿਕ ਚਿੰਨ੍ਹਾਂ ਦੀ ਸਿਆਸੀ ਮੰਤਵ ਲਈ ਵਰਤੋਂ ਕਰਨ ’ਤੇ ਕਈ ਧਾਰਮਿਕ ਸਮੂਹਾਂ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ। ਨਿੰਦਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਖ਼ੁਦ ਨੂੰ ਈਸਾ ਮਸੀਹ ਵਾਂਗ ਪੇਸ਼ ਕਰਨਾ ਇਸਾਈ ਮਾਨਤਾਵਾਂ ਦਾ ਅਪਮਾਨ ਹੈ। ਦੂਜੇ ਪਾਸੇ, ਟਰੰਪ ਦੇ ਸਮਰਥਕ ਇਸ ਨੂੰ ਮਹਿਜ਼ ਇੱਕ ‘ਡਿਜੀਟਲ ਵਿਅੰਗ’ ਕਰਾਰ ਦੇ ਰਹੇ ਹਨ।

ਦੱਸ ਦਈਏ ਕਿ ਅਮਰੀਕਾ-ਇਰਾਨ ਜੰਗ ਨੂੰ ਲੈ ਕੇ ਪੋਪ ਨੇ ਜੰਗ ਨੂੰ ‘ਸਰਵਸ਼ਕਤੀਮਾਨ ਹੋਣ ਦਾ ਭੁਲੇਖਾ’ ਦੱਸਿਆ, ਜਦੋਂਕਿ ਟਰੰਪ ਨੇ ਇਸ ਨੂੰ ਰੱਬ ਦੀ ਮਰਜ਼ੀ ਕਿਹਾ। ਟਰੰਪ ਨੇ ਪੋਪ ’ਤੇ ਦੋਸ਼ ਲਾਇਆ ਕਿ ਉਹ ਅਮਰੀਕਾ ਵੱਲੋਂ ਵੇਨੇਜ਼ੁਏਲਾ ’ਤੇ ਕੀਤੇ ਹਮਲੇ ਦੀ ਨਿੰਦਾ ਕਰਕੇ ਗਲਤੀ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਉਹ ਅਜਿਹੇ ਪੋਪ ਨੂੰ ਪਸੰਦ ਨਹੀਂ ਕਰਦੇ ਜੋ ਇਰਾਨ ਕੋਲ ਪਰਮਾਣੂ ਹਥਿਆਰ ਹੋਣ ਨੂੰ ਸਹੀ ਮੰਨਦਾ ਹੋਵੇ।

ਇਸ ਘਟਨਾ ਨੇ ਮੀਡੀਆ ਅਤੇ ਸਿਆਸਤ ਵਿੱਚ AI ਦੀ ਵਰਤੋਂ ਅਤੇ ਧਾਰਮਿਕ ਮਰਿਆਦਾਵਾਂ ’ਤੇ ਨਵੀਂ ਬਹਿਸ ਛੇੜ ਦਿੱਤੀ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਵੀ ਲੋਕਾਂ ਨੂੰ ਈਸਾ ਮਸੀਹ ਦੇ ਨਾਮ ’ਤੇ ਜੰਗ ਵਿੱਚ ਜਿੱਤ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ, ਜਿਸ ਨਾਲ ਇਹ ਟਕਰਾਅ ਹੋਰ ਡੂੰਘਾ ਹੋ ਗਿਆ ਹੈ।

Advertisement
×