‘CM ਮਾਨ ਜੀ ਕੋਈ ਦੱਸੀ ਨੀ ਸਲਾਹ ਕਰਕੇ, ਪਾਤੇ ਬੀਬੀਆਂ ਨੂੰ ਪੈਸੇ ਤੁਸੀਂ ਠਾਹ ਕਰਕੇ’; ਪਾਰਟ-2 ’ਚ ਰੈਪਰ ਗੱਭਰੂਆਂ ਨੇ ਮੁੜ ਮੰਗੇ 500 ਰੁਪਏ
ਪੰਜਾਬ ਵਿੱਚ ਔਰਤਾਂ ਨੂੰ ਮਿਲ ਰਹੀਆਂ ਮੁਫ਼ਤ ਸਹੂਲਤਾਂ ਅਤੇ ਵਿੱਤੀ ਸਹਾਇਤਾ ਨੂੰ ਲੈ ਕੇ ਤਲਵਾੜਾ ਦੇ ਨੌਜਵਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਮਜ਼ਾਕੀਆ ਸਿਲਸਿਲਾ ਹੁਣ ਹੋਰ ਵੀ ਅੱਗੇ ਵਧ ਗਿਆ ਹੈ। ਪਹਿਲੇ ਵਾਇਰਲ ਰੈਪ ਦੇ ਵੱਡੇ ਪੱਧਰ ’ਤੇ ਵਾਇਰਲ ਹੋਣ ਤੋਂ...
ਰੈਪ ਦੇ ਬੋਲਾਂ ਰਾਹੀਂ ਬਿਆਨ ਕੀਤਾ ਦਰਦ
ਨੌਜਵਾਨਾਂ ਵੱਲੋਂ ਜਾਰੀ ਕੀਤੇ ਗਏ ਇਸ ਨਵੇਂ ਰੈਪ ਗੀਤ ਦੇ ਬੋਲ ਕਾਫ਼ੀ ਚਰਚਾ ਵਿੱਚ ਆ ਰਹੇ ਹਨ। ਗੀਤ ਵਿੱਚ ਰੈਪਰਾਂ ਨੇ ਤਨਜ਼ ਕੱਸਦਿਆਂ ਗਾਇਆ ਹੈ: "CM ਮਾਨ ਜੀ ਕੋਈ ਦੱਸੀ ਨੀ ਸਲਾਹ ਕਰਕੇ, ਪਾਤੇ ਬੀਬੀਆਂ ਨੂੰ ਪੈਸੇ ਤੁਸੀਂ ਢਾਹ ਕਰਕੇ, ਸਾਡੀ ਰੱਖ ਦਿੱਤੀ ਇੱਜ਼ਤ ਸਵਾ ਕਰਕੇ... ਹੁਣ ਔਰਤਾਂ ਤੇ ਬੀਬੀਆਂ ਨਾ ਭਰੇ ਆ ਬਜ਼ਾਰ ਪਿਆ, ਮੰਨਦੀਆਂ ਕਿੱਥੇ Roadways ਵਾਲਾ ਹਾਰ ਗਿਆ... ਦੇ ਦੇ ਕੇ ਸੂਟ ਸਭ ਦਰਜੀ ਨੂੰ ਮਾਰੀ ਜਾਂਦੇ, ਅਸੀਂ ਸਾਢੇ ਇੱਕੋ ਹੀ ਪਜਾਮੇ ਨਾਲ ਸਾਰੀ ਜਾਂਦੇ, ਬੱਸ ਲਈ ਜਾਣੇ ਹੌਕੇ ਲੰਮੇ ਸਾਹ ਭਰ ਕੇ।"
ਗੀਤ ਵਿੱਚ ਅੱਗੇ ਮਜ਼ਾਕੀਆ ਲਹਿਜ਼ੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਔਰਤਾਂ ਨੂੰ ਪੈਸੇ ਮਿਲਣ ਤੋਂ ਬਾਅਦ ਹੁਣ ਘਰਾਂ ਵਿੱਚ ਹਾਲਾਤ ਬਦਲ ਰਹੇ ਹਨ ਅਤੇ ਬੰਦਿਆ ਨਾਲ ਇਹ ਧੱਕਾ ਹੋ ਰਿਹਾ ਹੈ: "ਹੁਣ ਟੂ ਟੂ ਦੇ ਪਿੱਛੇ ਸਭ ਚੂੱਲ੍ਹਾ ਚੌਂਕਾ ਭੁੱਲ ਗਈਆਂ, ਰੋਟੀਆਂ ਵੀ ਬੰਦਿਆਂ ਨੂੰ ਖਾ ਲੋ ਕਹਿੰਦੀ ਮੁੱਲ ਦੀਆਂ। ਲੱਗਦਾ ਗੁਲਾਮੀ ਵਾਲਾ ਦੌਰ ਪੱਕਾ ਆ, ਸਾਡੇ ਜਿਹੇ ਬੰਦਿਆਂ ਨਾਲ ਸ਼ਰੇਆਮ ਧੱਕਾ ਆ। ਪਾਏ ਪੰਜ ਸੌ ਨੀ ਸਾਨੂੰ ਕੋਈ ਗੁਨ੍ਹਾ ਕਰਕੇ, ਪਾਤੇ ਬੀਬੀਆਂ ਨੂੰ ਪੈਸੇ ਤੁਸੀਂ ਠਾਹ ਕਰਕੇ।"
ਸੋਸ਼ਲ ਮੀਡੀਆ ’ਤੇ ਮੁੜ ਮਚਾਈ ਧੂਮ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ਨੌਜਵਾਨਾਂ ਦਾ ਪਹਿਲਾ ਰੈਪ ਗੀਤ ਸੋਸ਼ਲ ਮੀਡੀਆ ਪੇਜ ‘talwara_cypher’ ’ਤੇ ਰਿਲੀਜ਼ ਹੋਣ ਦੇ ਮਹਿਜ਼ 11 ਘੰਟਿਆਂ ਵਿੱਚ ਹੀ 30 ਲੱਖ (3 ਮਿਲੀਅਨ) ਤੋਂ ਵੱਧ ਵਿਊਜ਼ ਹਾਸਲ ਕਰਕੇ ਇੰਟਰਨੈੱਟ ’ਤੇ ਛਾ ਗਿਆ ਸੀ। ਉਸ ਵੀਡੀਓ ਵਿੱਚ ਨੌਜਵਾਨਾਂ ਨੇ ਮੰਗ ਕੀਤੀ ਸੀ ਕਿ ਜਨਰਲ ਕੈਟਾਗਰੀ ਦੀਆਂ ਔਰਤਾਂ ਨੂੰ ਮਿਲਣ ਵਾਲੀ ਰਾਸ਼ੀ ਦੀ ਅੱਧੀ ਰਕਮ, ਯਾਨੀ ਘੱਟੋ-ਘੱਟ 500 ਰੁਪਏ ਪ੍ਰਤੀ ਮਹੀਨਾ ਮਰਦਾਂ ਦੇ ਖਾਤੇ ਵਿੱਚ ਵੀ ਪਾਈ ਜਾਵੇ।
ਹੁਣ ਪਾਰਟ-2 ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਇਸ ਕਲਾਕਾਰ ਗਰੁੱਪ ਦੇ ਅੰਦਾਜ਼ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ’ਤੇ ਕਰੀਬ 15 ਲੱਖ ਵੀਊਜ਼ ਸਨ।

