ਡੇਟਿੰਗ ਐਪ ’ਤੇ ਡਿਨਰ ਡੇਟ ਰਾਹੀਂ ਧੋਖਾ: ਦੋ ਲੜਕੀਆਂ ਨੇ 67 ਸਾਲਾ ਬਜ਼ੁਰਗ ਤੋਂ ਲੁੱਟੇ 1.30 ਲੱਖ
ਟੈਲੀਗ੍ਰਾਮ ’ਤੇ ਬਣਾਈ ਫਰਜ਼ੀ ਆਈਡੀ, ਰੈਸਟੋਰੈਂਟ ’ਚ ਖਾਣਾ ਖਾਂਦਿਆਂ ਚੋਰੀ ਕੀਤਾ ਫੋਨ; UPI ਰਾਹੀਂ ਉਡਾਏ ਪੈਸੇ
ਰਾਜਧਾਨੀ ਦਿੱਲੀ ਵਿੱਚ ਇੱਕ 67 ਸਾਲਾ ਬਜ਼ੁਰਗ ਨੂੰ ਡੇਟਿੰਗ ਐਪ ਰਾਹੀਂ ‘ਹਨੀ-ਟਰੈਪ’ (Honey-Trap) ਵਿੱਚ ਫਸਾ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲੀਸ ਨੇ ਇਸ ਸਾਜ਼ਿਸ਼ ਦੇ ਦੋਸ਼ ਵਿੱਚ ਦੋ ਜਵਾਨ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਬਜ਼ੁਰਗ ਨੂੰ ਡਿਨਰ ’ਤੇ ਬੁਲਾ ਕੇ ਉਸ ਦਾ ਸਮਾਰਟਫ਼ੋਨ ਚੋਰੀ ਕੀਤਾ ਅਤੇ ਉਸ ਦੇ ਬੈਂਕ ਖਾਤਿਆਂ ’ਚੋਂ 1.30 ਲੱਖ ਰੁਪਏ ਟਰਾਂਸਫਰ ਕਰ ਲਏ।
ਪੁਲੀਸ ਅਨੁਸਾਰ 26 ਸਾਲਾ ਜਯੋਤਸਨਾ ਨੇ ਡੇਟਿੰਗ ਐਪ ’ਤੇ ਇੱਕ ਫਰਜ਼ੀ ਪ੍ਰੋਫਾਈਲ ਬਣਾਈ ਸੀ, ਜਿਸ ਤੋਂ ਬਾਅਦ ਉਸ ਨੇ ਬਜ਼ੁਰਗ ਨਾਲ ਟੈਲੀਗ੍ਰਾਮ ’ਤੇ ਗੱਲਬਾਤ ਸ਼ੁਰੂ ਕੀਤੀ। ਇਸ ਖੇਡ ਨੂੰ ਅਸਲੀ ਰੂਪ ਦੇਣ ਲਈ ਉਸ ਨੇ ਆਪਣੀ 21 ਸਾਲਾ ਸਾਥੀ ਮਾਨਸ਼ੀ ਨੂੰ ਸ਼ਾਮਲ ਕੀਤਾ। ਮਾਨਸ਼ੀ ਨੇ ਉਸ ਫਰਜ਼ੀ ਔਨਲਾਈਨ ਪਛਾਣ ਵਾਲੀ ਲੜਕੀ ਬਣ ਕੇ ਬਜ਼ੁਰਗ ਨਾਲ ਮੁਲਾਕਾਤ ਕੀਤੀ। 20 ਜੁਲਾਈ ਨੂੰ ਪਹਿਲੀ ਮੁਲਾਕਾਤ ਤੋਂ ਬਾਅਦ, ਦੋਵਾਂ ਲੜਕੀਆਂ ਨੇ 24 ਜੁਲਾਈ ਨੂੰ ਦੱਖਣੀ ਦਿੱਲੀ ਦੇ ਡਿਫੈਂਸ ਕਲੋਨੀ ਸਥਿਤ ਇੱਕ ਰੈਸਟੋਰੈਂਟ ਵਿੱਚ ਬਜ਼ੁਰਗ ਨੂੰ ਡਿਨਰ ’ਤੇ ਬੁਲਾਇਆ।
ਖਾਣਾ ਖਾਣ ਤੋਂ ਬਾਅਦ ਜਿਵੇਂ ਹੀ ਉਹ ਰੈਸਟੋਰੈਂਟ ਤੋਂ ਬਾਹਰ ਨਿਕਲਣ ਲੱਗੇ, ਦੋਵਾਂ ਨੇ ਚਲਾਕੀ ਨਾਲ ਬਜ਼ੁਰਗ ਦਾ ਮੋਬਾਈਲ ਫੋਨ ਚੋਰੀ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੋਬਾਈਲ ਰਾਹੀਂ UPI ਦੀ ਵਰਤੋਂ ਕਰਕੇ ਪੀੜਤ ਦੇ ਦੋ ਬੈਂਕ ਖਾਤਿਆਂ ’ਚੋਂ 1.30 ਲੱਖ ਰੁਪਏ ਟਰਾਂਸਫਰ ਕਰ ਲਏ ਅਤੇ ਸਬੂਤ ਮਿਟਾਉਣ ਲਈ ਫੋਨ ਨਸ਼ਟ ਕਰ ਦਿੱਤਾ।
ਸਾਈਬਰ ਪੁਲੀਸ ਨੇ 25 ਜੁਲਾਈ ਨੂੰ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 318(4) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਪੁਲੀਸ ਨੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 90,000 ਰੁਪਏ ATM ਰਾਹੀਂ ਕਢਵਾਏ ਗਏ ਸਨ। ATM ਦੀ ਸੀਸੀਟੀਵੀ (CCTV) ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਪੁਲੀਸ ਨੇ ਦੋਵਾਂ ਦੋਸ਼ੀ ਲੜਕੀਆਂ ਨੂੰ ਪਛਾਣ ਕੇ ਗ੍ਰਿਫ਼ਤਾਰ ਕਰ ਲਿਆ। ਦੋਸ਼ੀਆਂ ਦੇ ਕਬਜ਼ੇ ’ਚੋਂ ਦੋ ਮੋਬਾਈਲ ਫੋਨ ਬਰਾਮਦ ਹੋਏ ਹਨ ਅਤੇ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।

