ਕੈਪਟਨ ਸੌਰਭ ਕਾਲੀਆ ਦੇ ਪਰਿਵਾਰ ਨੂੰ 27 ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ
ਸਰਵਉੱਚ ਅਦਾਲਤ ’ਚ ਸੁਣਵਾਈ ਨਾ ਹੋਣ ਕਰਕੇ ਪਰਿਵਾਰ ਨਿਰਾਸ਼, ਪਰ ਰੱਬ ’ਤੇ ਅਜੇ ਵੀ ਭਰੋਸਾ ਕਾਇਮ
ਕਾਰਗਿਲ ਯੁੱਧ ਦੇ 27 ਸਾਲ ਬੀਤ ਜਾਣ ਤੋਂ ਬਾਅਦ ਵੀ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਪਹਿਲੇ ਭਾਰਤੀ ਫ਼ੌਜੀ ਅਫ਼ਸਰਾਂ ਵਿੱਚੋਂ ਇੱਕ, ਕੈਪਟਨ ਸੌਰਭ ਕਾਲੀਆ ਦਾ ਪਰਿਵਾਰ ਅਜੇ ਵੀ ਇਨਸਾਫ਼ ਦੀ ਰਾਹ ਤੱਕ ਰਿਹਾ ਹੈ। ਪਾਕਿਸਤਾਨੀ ਫ਼ੌਜ ਵੱਲੋਂ ਕੈਪਟਨ ਕਾਲੀਆ ਅਤੇ ਉਨ੍ਹਾਂ ਦੇ ਪੰਜ ਸਾਥੀ ਜਵਾਨਾਂ ਦੀ ਕਥਿਤ ਤਸੀਹੇ ਦੇ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਜਵਾਬਦੇਹੀ ਦੀ ਮੰਗ ਕਰਦੀ ਪਟੀਸ਼ਨ ਦੇਸ਼ ਦੀ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਵਿੱਚ ਲੰਬਿਤ ਪਈ ਹੈ, ਜਿਸ ਦੀ ਪਿਛਲੇ ਲਗਭਗ ਛੇ ਸਾਲਾਂ ਤੋਂ ਕੋਈ ਸੁਣਵਾਈ ਨਹੀਂ ਹੋਈ।
ਕੈਪਟਨ ਕਾਲੀਆ ਦੇ ਪਿਤਾ ਡਾ. ਐੱਨ. ਕੇ. ਕਾਲੀਆ ਨੇ ਅੱਜ ਇੱਥੇ ‘ਦਿ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਾਨੂੰਨੀ ਚਾਰਾਜੋਈ ’ਚ ਹੋ ਰਹੀ ਦੇਰੀ ’ਤੇ ਡੂੰਘੇ ਦੁੱਖ ਅਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਇਨਸਾਫ਼ ਦੀ ਆਸ ਵਿੱਚ ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਲੰਘਾ ਦਿੱਤਾ ਹੈ, ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਹਾਲਾਂਕਿ, ਇਸ ਲੰਬੇ ਇੰਤਜ਼ਾਰ ਦੇ ਬਾਵਜੂਦ ਸੱਚ ਅਤੇ ਇਨਸਾਫ਼ ਵਿੱਚ ਉਨ੍ਹਾਂ ਦਾ ਵਿਸ਼ਵਾਸ ਅਜੇ ਵੀ ਅਟੱਲ ਹੈ।
ਡਾ. ਕਾਲੀਆ ਅਨੁਸਾਰ, ਪਰਿਵਾਰ ਦੇ ਵਕੀਲ ਨੇ ਅਪਰੈਲ 2026 ਵਿੱਚ ਸੁਪਰੀਮ ਕੋਰਟ ਵਿੱਚ ਇੱਕ ਨਵੀਂ ਅਰਜ਼ੀ ਦਾਇਰ ਕਰਕੇ ਮਾਮਲੇ ਦੀ ਜਲਦ ਸੁਣਵਾਈ ਕਰਨ ਦੀ ਬੇਨਤੀ ਕੀਤੀ ਸੀ। ਪਰ ਇਸ ਦੇ ਬਾਵਜੂਦ ਕੇਸ ਅਜੇ ਤੱਕ ਅਦਾਲਤ ਦੇ ਸਾਹਮਣੇ ਸੁਣਵਾਈ ਲਈ ਨਹੀਂ ਲੱਗ ਸਕਿਆ।
ਭਾਵੁਕ ਹੁੰਦਿਆਂ ਡਾ. ਕਾਲੀਆ ਨੇ ਕਿਹਾ ਕਿ ਲਗਾਤਾਰ ਹੋ ਰਹੀ ਦੇਰੀ ਨੇ ਕਾਨੂੰਨੀ ਪ੍ਰਣਾਲੀ ਰਾਹੀਂ ਇਨਸਾਫ਼ ਮਿਲਣ ਦੀਆਂ ਉਮੀਦਾਂ ਨੂੰ ਢਾਹ ਲਾਈ ਹੈ। ਉਨ੍ਹਾਂ ਦੁਖੀ ਮਨ ਨਾਲ ਕਿਹਾ, “ਜੇਕਰ ਇਸ ਦੁਨੀਆ ਵਿੱਚ ਇਨਸਾਫ਼ ਨਾ ਮਿਲਿਆ, ਤਾਂ ਮੇਰੇ ਸ਼ਹੀਦ ਪੁੱਤ ਨੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਇਨਸਾਫ਼ ਜ਼ਰੂਰ ਮਿਲੇਗਾ।”
ਜ਼ਿਕਰਯੋਗ ਹੈ ਕਿ ਕਾਰਗਿਲ ਜੰਗ ਦੌਰਾਨ ਲੱਦਾਖ ਦੇ ਕਾਕਸਰ ਸੈਕਟਰ ਵਿੱਚ ਪਾਕਿਸਤਾਨੀ ਘੁਸਪੈਠ ’ਤੇ ਨਜ਼ਰ ਰੱਖਣ ਲਈ ਤਾਇਨਾਤ ਕੈਪਟਨ ਸੌਰਭ ਕਾਲੀਆ ਅਤੇ ਉਨ੍ਹਾਂ ਦੀ ਟੀਮ ਦੇ ਪੰਜ ਜਵਾਨ- ਸਿਪਾਹੀ ਅਰਜੁਨ ਰਾਮ, ਭੰਵਰ ਲਾਲ ਬਗੜੀਆ, ਭੀਕਾ ਰਾਮ, ਮੂਲਾ ਰਾਮ ਅਤੇ ਨਰੇਸ਼ ਸਿੰਘ, 15 ਮਈ 1999 ਨੂੰ ਗਸ਼ਤ ਦੌਰਾਨ ਲਾਪਤਾ ਹੋ ਗਏ ਸਨ। 9 ਜੂਨ 1999 ਨੂੰ ਪਾਕਿਸਤਾਨ ਵੱਲੋਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਨੂੰ ਸੌਂਪੀਆਂ ਗਈਆਂ ਸਨ।
ਸ਼ਹੀਦਾਂ ਦੇ ਸਰੀਰਾਂ ’ਤੇ ਬੇਰਹਿਮੀ ਨਾਲ ਦਿੱਤੇ ਗਏ ਤਸੀਹਿਆਂ ਦੇ ਨਿਸ਼ਾਨ ਸਨ, ਜਿਸ ਕਾਰਨ ਪੂਰੇ ਦੇਸ਼ ਵਿੱਚ ਭਾਰੀ ਰੋਸ ਫੈਲ ਗਿਆ ਸੀ ਅਤੇ ਕੌਮਾਂਤਰੀ ਪੱਧਰ ’ਤੇ ਜਵਾਬਦੇਹੀ ਦੀ ਮੰਗ ਉੱਠੀ ਸੀ। ਪਿਛਲੇ 27 ਸਾਲਾਂ ਤੋਂ ਵੱਧ ਸਮੇਂ ਤੋਂ ਕਾਲੀਆ ਪਰਿਵਾਰ ਲਗਾਤਾਰ ਕੇਂਦਰ ਸਰਕਾਰਾਂ ਅਤੇ ਕੌਮਾਂਤਰੀ ਮੰਚਾਂ ਅੱਗੇ ਇਸ ਮੁੱਦੇ ਨੂੰ ਚੁੱਕਣ ਅਤੇ ਸ਼ਹੀਦ ਜਵਾਨਾਂ ਲਈ ਇਨਸਾਫ਼ ਦੀ ਗੁਹਾਰ ਲਗਾਉਂਦਾ ਆ ਰਿਹਾ ਹੈ।
ਵਾਰ-ਵਾਰ ਅਪੀਲਾਂ ਦੇ ਬਾਵਜੂਦ, ਪਰਿਵਾਰ ਦਾ ਮੰਨਣਾ ਹੈ ਕਿ ਦੋਸ਼ੀਆਂ ਨੂੰ ਜਵਾਬਦੇਹ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਇਹ ਮਾਮਲਾ ਅੱਜ ਵੀ ਕਾਰਗਿਲ ਜੰਗ ਦੇ ਸਭ ਤੋਂ ਦਰਦਨਾਕ ਅਧਿਆਏ ਅਤੇ ਦੇਸ਼ ਦੇ ਅਧੂਰੇ ਇਨਸਾਫ਼ ਦਾ ਪ੍ਰਤੀਕ ਬਣਿਆ ਹੋਇਆ ਹੈ।

