ਗਰਲਫ੍ਰੈਂਡ ਦੀ ਇੰਟਰਵਿਊ ਰੱਦ ਕਰਵਾਉਣ ਲਈ ਦਿੱਤੀ ਬੰਬ ਦੀ ਧਮਕੀ, ਲੰਡਨ ਰਿਟਰਨ ‘ਕਾਨੂੰਨੀ ਮਾਹਿਰ’ ਗ੍ਰਿਫ਼ਤਾਰ
ਗੁਰੂਗ੍ਰਾਮ ਪੁਲੀਸ ਨੇ ਆਪਣੀ ਗਰਲਫ੍ਰੈਂਡ ਦੀ ਕੰਪਨੀ ਵਿੱਚ ਇੰਟਰਵਿਊ ਰੱਦ ਕਰਵਾਉਣ ਲਈ ਇੱਕ ਨਿੱਜੀ ਕੰਪਨੀ ਦੀ ਈਮੇਲ ’ਤੇ ਬੰਬ ਦੀ ਫਰਜ਼ੀ ਧਮਕੀ ਭੇਜਣ ਦੇ ਦੋਸ਼ ਵਿੱਚ ਇੱਕ ਕਾਨੂੰਨੀ ਪੇਸ਼ੇਵਰ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਨਿੱਜੀ ਕੰਪਨੀ ਵਿੱਚ ਕਾਨੂੰਨੀ ਮਾਹਿਰ ਵਜੋਂ...
ਗੁਰੂਗ੍ਰਾਮ ਪੁਲੀਸ ਨੇ ਆਪਣੀ ਗਰਲਫ੍ਰੈਂਡ ਦੀ ਕੰਪਨੀ ਵਿੱਚ ਇੰਟਰਵਿਊ ਰੱਦ ਕਰਵਾਉਣ ਲਈ ਇੱਕ ਨਿੱਜੀ ਕੰਪਨੀ ਦੀ ਈਮੇਲ ’ਤੇ ਬੰਬ ਦੀ ਫਰਜ਼ੀ ਧਮਕੀ ਭੇਜਣ ਦੇ ਦੋਸ਼ ਵਿੱਚ ਇੱਕ ਕਾਨੂੰਨੀ ਪੇਸ਼ੇਵਰ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਨਿੱਜੀ ਕੰਪਨੀ ਵਿੱਚ ਕਾਨੂੰਨੀ ਮਾਹਿਰ ਵਜੋਂ ਕੰਮ ਕਰਨ ਵਾਲੇ ਮੁਲਜ਼ਮ ਨੇ ਆਪਣੀ ਗਰਲਫ੍ਰੈਂਡ ਨਾਲ ਹੋਏ ਮਨਮੁਟਾਅ ਕਾਰਨ ਇਹ ਖ਼ਤਰਨਾਕ ਕਦਮ ਚੁੱਕਿਆ। ਪੁਲੀਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅਨੀਕੇਤ ਪਾਲ (29) ਵਜੋਂ ਹੋਈ ਹੈ, ਜੋ ਪੱਛਮੀ ਬੰਗਾਲ ਦੇ ਕੋਲਕਾਤਾ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਲੰਡਨ ਤੋਂ ਐੱਲਐੱਲਐੱਮ (LLM) ਕੀਤੀ ਹੋਈ ਹੈ ਅਤੇ ਉਹ ਗੁਰੂਗ੍ਰਾਮ ਸਥਿਤ ਇੱਕ ਕੰਪਨੀ ਵਿੱਚ ਕਾਨੂੰਨੀ ਮਾਹਿਰ ਵਜੋਂ ਕੰਮ ਕਰਦਾ ਹੈ।
ਪੁਲੀਸ ਅਨੁਸਾਰ ਮੰਗਲਵਾਰ ਨੂੰ ਸੁਸ਼ਾਂਤ ਲੋਕ ਪੁਲੀਸ ਸਟੇਸ਼ਨ ਵਿੱਚ ਸੈਕਟਰ 43 ਦੀ ਡੀਐੱਲਐੱਫ ਹੋਰਾਈਜ਼ਨ ਬਿਲਡਿੰਗ (DLF Horizon Building) ਵਿੱਚ ਬੰਬ ਹੋਣ ਬਾਰੇ ਸੂਚਨਾ ਮਿਲੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਨੂੰ ਜਾਂਚ ਲਈ ਭੇਜਿਆ ਗਿਆ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
'ਕਾਰਪੋਰੇਟ ਐਜ' (Corporate Edge) ਕੰਪਨੀ ਦੇ ਸੁਰੱਖਿਆ ਅਧਿਕਾਰੀਆਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਵੇਰੇ ਕਰੀਬ 9:15 ਵਜੇ ਕੰਪਨੀ ਦੀ ਅਧਿਕਾਰਤ ਮੇਲ 'ਤੇ ਇੱਕ ਈਮੇਲ ਪ੍ਰਾਪਤ ਹੋਈ ਜਿਸ ਵਿੱਚ ਡੀ ਐੱਲ ਐੱਫ ਹੋਰਾਈਜ਼ਨ ਇਮਾਰਤ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਸੁਸ਼ਾਂਤ ਲੋਕ ਥਾਣੇ ਵਿੱਚ ਅਣਪਛਾਤੇ ਮੁਲਜ਼ਮ ਖ਼ਿਲਾਫ਼ ਐੱਫ ਆਈ ਆਰ ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਗੁਰੂਗ੍ਰਾਮ ਪੁਲੀਸ ਦੀ ਟੀਮ ਨੇ ਬੁੱਧਵਾਰ ਨੂੰ ਸੈਕਟਰ 31, ਗੁਰੂਗ੍ਰਾਮ ਤੋਂ ਮੁਲਜ਼ਮ ਅਨੀਕੇਤ ਪਾਲ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਜੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਸ ਕੋਲ ਲੰਡਨ ਤੋਂ ਐੱਲ ਐੱਲ ਐਮ ਦੀ ਡਿਗਰੀ ਹੈ।
ਏਸੀਪੀ ਡੀ ਐੱਲ ਐੱਫ ਵਿਕਾਸ ਕੌਸ਼ਿਕ ਨੇ ਦੱਸਿਆ, "ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਦਾ ਆਪਣੀ ਗਰਲਫ੍ਰੈਂਡ() ਨਾਲ ਝਗੜਾ ਚੱਲ ਰਿਹਾ ਸੀ, ਜੋ ਸੈਕਟਰ 43 ਸਥਿਤ ਡੀਐਲਐਫ ਹੋਰਾਈਜ਼ਨ ਸੈਂਟਰ ਇਮਾਰਤ ਦੀ ਇੱਕ ਕੰਪਨੀ ਵਿੱਚ ਇੰਟਰਵਿਊ ਦੇਣ ਵਾਲੀ ਸੀ। ਉਹ ਚਾਹੁੰਦਾ ਸੀ ਕਿ ਉਹ ਇੰਟਰਵਿਊ ਲਈ ਨਾ ਜਾ ਸਕੇ, ਇਸ ਲਈ ਉਸ ਨੇ ਡੀਐਲਐਫ ਹੋਰਾਈਜ਼ਨ ਸੈਂਟਰ ਦਾ ਈਮੇਲ ਪਤਾ ਲੱਭਿਆ ਅਤੇ ਬੰਬ ਹੋਣ ਦਾ ਦਾਅਵਾ ਕਰਦੇ ਹੋਏ ਇੱਕ ਮੇਲ ਭੇਜ ਦਿੱਤੀ।
ਮੁਲਜ਼ਮ ਦਾ ਮੰਨਣਾ ਸੀ ਕਿ ਇਸ ਨਾਲ ਡਰ ਦਾ ਮਾਹੌਲ ਪੈਦਾ ਹੋਵੇਗਾ, ਉਸ ਦੀ ਗਰਲਫ੍ਰੈਂਡ ਇੰਟਰਵਿਊ ਨਹੀਂ ਦੇ ਸਕੇਗੀ ਅਤੇ ਉਹ ਉਸ ਤੋਂ ਮਦਦ ਮੰਗੇਗੀ। ਉਹ ਇਸ ਦਾ ਫਾਇਦਾ ਉਠਾ ਕੇ ਉਸ ਨਾਲ ਹੋਏ ਵਿਵਾਦ ਨੂੰ ਸੁਲਝਾ ਲਵੇਗਾ। ਅਸੀਂ ਮੁਲਜ਼ਮ ਕੋਲੋਂ ਮੋਬਾਈਲ ਫੋਨ ਅਤੇ ਹੋਰ ਉਪਕਰਨ ਜ਼ਬਤ ਕਰ ਲਏ ਹਨ। ਅਸੀਂ ਉਸ ਤੋਂ ਪੁੱਛਗਿੱਛ ਕਰ ਰਹੇ ਹਾਂ ਅਤੇ ਸ਼ੁਰੂਆਤੀ ਤੌਰ 'ਤੇ ਮੁਲਜ਼ਮ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।"

