ਰੇਲ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ: ਦੇਸ਼ ਨੂੰ ਮਿਲਣ ਜਾ ਰਹੀ ਹੈ ਪਹਿਲੀ ‘ਵੰਦੇ ਭਾਰਤ ਸਲੀਪਰ’ ਟ੍ਰੇਨ
PM ਮੋਦੀ ਇਸੇ ਮਹੀਨੇ ਦਿਖਾਉਣਗੇ ਹਰੀ ਝੰਡੀ; ਹਵਾਈ ਜਹਾਜ਼ ਨਾਲੋਂ ਅੱਧੇ ਕਿਰਾਏ ’ਚ ਮਿਲਣਗੀਆਂ ਸ਼ਾਨਦਾਰ ਸਹੂਲਤਾਂ
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਮਹੀਨੇ (ਸੰਭਾਵਿਤ 18 ਜਾਂ 19 ਜਨਵਰੀ ਨੂੰ) ਗੁਹਾਟੀ ਅਤੇ ਕੋਲਕਾਤਾ ਦੇ ਵਿਚਕਾਰ ਦੇਸ਼ ਦੀ ਬਹੁ-ਉਡੀਕੀ ਜਾਣ ਵਾਲੀ ‘ਵੰਦੇ ਭਾਰਤ ਸਲੀਪਰ’ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਟ੍ਰੇਨ ਅਗਲੇ 15-20 ਦਿਨਾਂ ਵਿੱਚ ਆਪਣੀ ਸੇਵਾ ਸ਼ੁਰੂ ਕਰ ਦੇਵੇਗੀ।
ਰੇਲ ਮੰਤਰੀ ਨੇ ਦੱਸਿਆ ਕਿ ਇਸ ਟ੍ਰੇਨ ਦਾ ਕਿਰਾਇਆ ਮੱਧ ਵਰਗ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤਾ ਗਿਆ ਹੈ। ਜਿੱਥੇ ਗੁਹਾਟੀ-ਕੋਲਕਾਤਾ ਦਾ ਹਵਾਈ ਕਿਰਾਇਆ 6,000 ਤੋਂ 8,000 ਰੁਪਏ ਦੇ ਵਿਚਕਾਰ ਹੈ, ਉੱਥੇ ਵੰਦੇ ਭਾਰਤ ਸਲੀਪਰ ਦਾ ਕਿਰਾਇਆ (ਖਾਣੇ ਸਮੇਤ) ਕਾਫ਼ੀ ਘੱਟ ਹੋਵੇਗਾ।
ਥਰਡ ਏ.ਸੀ. (3rd AC): ਲਗਭਗ 2,300 ਰੁਪਏ, ਸੈਕੰਡ ਏ.ਸੀ. (2nd AC): ਲਗਭਗ 3,000 ਰੁਪਏ ਅਤੇ ਫਸਟ ਏ.ਸੀ. (1st AC): ਲਗਭਗ 3,600 ਰੁਪਏ ਤੱਕ ਹੋਵੇਗਾ।
ਇਸ 16 ਕੋਚਾਂ ਵਾਲੀ ਟ੍ਰੇਨ ਵਿੱਚ ਕੁੱਲ 823 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ। ਟ੍ਰੇਨ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ, ਟ੍ਰੇਨ 120-130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ। ਆਟੋਮੈਟਿਕ ਦਰਵਾਜ਼ੇ, ਵਧੀਆ ਸਸਪੈਂਸ਼ਨ (ਝਟਕਿਆਂ ਤੋਂ ਰਾਹਤ), ਅਤੇ ਸ਼ੋਰ ਮੁਕਤ ਸਫ਼ਰ।
ਟ੍ਰੇਨ ਵਿੱਚ ‘ਕਵਚ’ (Kavach) ਸਿਸਟਮ ਅਤੇ ਐਮਰਜੈਂਸੀ ਟਾਕ-ਬੈਕ ਸਿਸਟਮ ਲਗਾਇਆ ਗਿਆ ਹੈ। ਟ੍ਰੇਨ ਵਿੱਚ ਵਿਸ਼ੇਸ਼ ਡਿਸਇਨਫੈਕਟੈਂਟ ਟੈਕਨਾਲੋਜੀ ਵਰਤੀ ਗਈ ਹੈ ਜੋ 99.9% ਕੀਟਾਣੂਆਂ ਨੂੰ ਖ਼ਤਮ ਕਰ ਦੇਵੇਗੀ।
ਰੇਲ ਮੰਤਰੀ ਨੇ ਦੱਸਿਆ ਕਿ ਖਾਣ-ਪੀਣ ਦਾ ਵੀ ਖ਼ਾਸ ਖ਼ਿਆਲ ਰੱਖਿਆ ਗਿਆ ਹੈ। ਗੁਹਾਟੀ ਤੋਂ ਚੱਲਣ ਵਾਲੀ ਟ੍ਰੇਨ ਵਿੱਚ ਅਸਾਮੀ ਪਕਵਾਨ ਅਤੇ ਕੋਲਕਾਤਾ ਤੋਂ ਚੱਲਣ ਵਾਲੀ ਟ੍ਰੇਨ ਵਿੱਚ ਬੰਗਾਲੀ ਖਾਣਾ ਪਰੋਸਿਆ ਜਾਵੇਗਾ। ਅਗਲੇ 6 ਮਹੀਨਿਆਂ ਵਿੱਚ 8 ਹੋਰ ਅਜਿਹੀਆਂ ਟ੍ਰੇਨਾਂ ਤਿਆਰ ਹੋ ਜਾਣਗੀਆਂ ਅਤੇ ਅਗਲੇ ਸਾਲ ਤੱਕ ਇਨ੍ਹਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ।

