Ashpreet Singh Height Story: ਕੋਚ ਸਾਢੇ ਛੇ ਫੁੱਟ ਦਾ ਤੇ ਖਿਡਾਰੀ ਚਾਰ ਫੁੱਟ ਦਾ; ਦੋਵਾਂ ਨੂੰ ਆਪੋ ਆਪਣੇ ਕੱਦ ’ਤੇ ਮਾਣ
ਐਸ਼ਪ੍ਰੀਤ ਸਿੰਘ ਵੱਲੋਂ ਹੈਂਡਬਾਲ ਕੋਚ ਨਾਲ ਮੁਲਾਕਾਤ
Ashpreet Singh Height Story: ਤਰਨ ਤਾਰਨ ਵਿਚ ਇਕ ਕੋਚ ਸਾਢੇ ਛੇ ਫੁੱਟ ਦਾ ਹੈ ਤੇ ਖਿਡਾਰੀ ਚਾਰ ਫੁੱਟ ਤੋਂ ਘੱਟ ਹੈ ਪਰ ਦੋਵਾਂ ਨੂੰ ਆਪਣੇ ਆਪਣੇ ਕੱਦ ’ਤੇ ਮਾਣ ਹੈ।
ਹਾਲ ਹੀ ਵਿੱਚ ਐਥਲੈਟਿਕਸ ਐਸੋਸੀਏਸ਼ਨ ਤਰਨ ਤਰਨ ਵੱਲੋਂ ਇਥੋਂ ਦੇ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਸਟੇਡੀਅਮ ਵਿੱਚ ਕਰਵਾਈ ਗਈ ਦੋ-ਰੋਜ਼ਾ ਪੰਜਾਬ ਓਪਨ ਸਟੇਟ ਚੈਂਪੀਅਨਸ਼ਿਪ ਵਿੱਚ ਐਸ਼ਪ੍ਰੀਤ ਸਿੰਘ ਵਾਸੀ ਗੁਮਾਨਪੁਰਾ (ਅੰਮ੍ਰਿਤਸਰ) ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। 17 ਸਾਲਾ ਐਸ਼ਪ੍ਰੀਤ ਸਿੰਘ ਖੇਡਾਂ ਦੀ ਐੱਫ-40 ਕੈਟੇਗਰੀ ਵਿੱਚ ਦੋ ਸੋਨ ਤਗ਼ਮੇ ਜਿੱਤ ਚੁੱਕਿਆ ਹੈ। ਉਸ ਨੇ ਨੈਸ਼ਨਲ ਪੱਧਰ ਤੇ ਜੈਵਲਿਨ ਥਰੋਅ ਅਤੇ ਸ਼ਾਟ-ਪੁੱਟ (ਗੋਲਾ ਸੁੱਟਣ) ਵਿੱਚ ਇਹ ਤਗ਼ਮੇ ਜਿੱਤੇ ਹਨ। ਤਿੰਨ ਫੁੱਟ 11 ਇੰਚ ਦਾ ਐਸ਼ਪ੍ਰੀਤ ਸਿੰਘ ਤਰਨ ਤਰਨ ਵਿੱਚ ਇੱਕ ਬਹੁਤ ਉੱਚੇ ਲੰਮੇ ਨੌਜਵਾਨ ਸਰੂਪ ਸਿੰਘ ਜਿਸ ਦਾ ਕੱਦ 6 ਫੁੱਟ 6 ਇੰਚ ਹੈ ਨੂੰ ਉਚੇਚੇ ਤੌਰ ’ਤੇ ਮਿਲਣ ਲਈ ਆਇਆ ਸੀ।
ਸਰੂਪ ਸਿੰਘ ਅੰਤਰਰਾਸ਼ਟਰੀ ਹੈਂਡਬਾਲ ਦਾ ਕੋਚ ਹੈ। ਉਸ ਨੇ ਦੱਸਿਆ ਕਿ ਐਸ਼ਪ੍ਰੀਤ ਸਿੰਘ ਹੁਣ 17 ਸਾਲ ਦੀ ਉਮਰ ਦਾ ਹੈ ਅਤੇ ਉਹ ਜੂਨੀਅਰ ਨੈਸ਼ਨਲ ਦੀ ਤਿਆਰੀ ਕਰ ਰਿਹਾ ਹੈ। ਉਹ ਸਰੂਪ ਸਿੰਘ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਅਤੇ ਉਸ ਨੇ ਕਿ ਕਿ ਜਿੱਥੇ ਸਰੂਪ ਸਿੰਘ ਨੂੰ ਆਪਣੇ ਉੱਚੇ ਕੱਦ ਦਾ ਮਾਣ ਹੈ, ਉੱਥੇ ਉਸ ਨੂੰ (ਐਸ਼ਪ੍ਰੀਤ ਸਿੰਘ) ਨੂੰ ਵੀ ਆਪਣੇ ਚਾਰ ਫੁੱਟ ਤੋਂ ਇੱਕ ਇੰਚ ਘੱਟ ਕੱਦ ਦਾ ਉਨਾ ਹੀ ਗਰੂਰ ਹੈ ਕਿਉਂਕਿ ਲੋਕ ਉਸ ਵੱਲ ਬਦੋ-ਬਦੀ ਖਿੱਚੇ ਆਉਂਦੇ ਹਨ। ਉਹ ਜ਼ਿੰਦਗੀ ਵਿੱਚ ਇਮਾਨਦਾਰੀ ਨਾਲ ਮਿਹਨਤ ਕਰਦੇ ਰਹਿਣ ਨੂੰ ਇੱਕ ਵਿਲੱਖਣ ਜਾਇਦਾਦ ਸਮਝਦਾ ਹੈ। ਉਸ ਨੇ ਕਿਹਾ ਕਿ ਉਹ ਖੇਡਾਂ ਵਿੱਚ ਇੱਕ ਦਿਨ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਬਣਨ ਦੀ ਇੱਛਾ ਰੱਖ ਰਿਹਾ ਹੈ।

