ਪਿਤਾ ਦਿਵਸ ਤੋਂ ਪਹਿਲਾਂ ਧੀਆਂ ਦਾ ਅਨਮੋਲ ਤੋਹਫ਼ਾ : ਇੱਕ ਨੇ ਦਿੱਤੀ ਕਿਡਨੀ, ਦੂਜੀ ਨੇ ਲਿਵਰ, ਪਿਤਾ ਨੂੰ ਦਿੱਤੀ ਨਵੀਂ ਜ਼ਿੰਦਗੀ
ਨੋਇਡਾ ਦੇ ਹਸਪਤਾਲ ’ਚ ਹੋਇਆ ਗੁੰਝਲਦਾਰ ਅਪਰੇਸ਼ਨ: ਜੇਕਰ ਸਾਡੇ ਪਾਪਾ ਸਾਡੇ ਕੋਲ ਹਨ, ਤਾਂ ਸਾਡੇ ਕੋਲ ਸਭ ਕੁਝ ਹੈ।- ਧੀਆਂ
‘ਫਾਦਰਜ਼ ਡੇਅ’ (ਪਿਤਾ ਦਿਵਸ) ਤੋਂ ਠੀਕ ਇੱਕ ਹਫ਼ਤਾ ਪਹਿਲਾਂ, ਮੋਰਟਾ ਪਿੰਡ ਦੇ ਇੱਕ ਪਰਿਵਾਰ ਵਿੱਚ ਅਜਿਹੀ ਮਿਸਾਲੀ ਦਾਸਤਾਨ ਸਾਹਮਣੇ ਆਈ ਹੈ, ਜਿਸ ਦੀ ਕਲਪਨਾ ਵੀ ਸ਼ਾਇਦ ਹੀ ਕੋਈ ਕਰ ਸਕਦਾ ਹੈ। ਜਦੋਂ 45 ਸਾਲਾ ਜਯੰਤ ਤਿਆਗੀ ਨੂੰ ਜਿਗਰ (ਲਿਵਰ) ਅਤੇ ਗੁਰਦਾ (ਕਿਡਨੀ) ਦੋਵੇਂ ਫੇਲ੍ਹ ਹੋਣ ਦੀ ਭਿਆਨਕ ਬੀਮਾਰੀ ਬਾਰੇ ਪਤਾ ਲੱਗਿਆ, ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਡਾਕਟਰਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਜਯੰਤ ਦੀ ਜਾਨ ਬਚਾਉਣੀ ਹੈ, ਤਾਂ ਦੋਵੇਂ ਅੰਗ ਬਦਲਣੇ ਪੈਣਗੇ। ਇਸ ਮੁਸ਼ਕਿਲ ਘੜੀ ਵਿੱਚ ਜਯੰਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਦੀ ਢਾਲ ਬਣ ਕੇ ਖੜ੍ਹੀਆਂ ਹੋ ਗਈਆਂ।
ਧੀ ਦੇ ਸਹੁਰੇ ਪਰਿਵਾਰ ਨੇ ਵੀ ਫੈਸਲੇ ਦੀ ਕੀਤੀ ਹਿਮਾਇਤ
ਵੱਡੀ ਧੀ ਰਿਸ਼ੀਕਾ ਤਿਆਗੀ, ਜਿਸ ਨੇ ਹਾਲ ਹੀ ਵਿੱਚ ਬੀ.ਟੈੱਕ (BTech) ਦੀ ਪੜ੍ਹਾਈ ਮੁਕੰਮਲ ਕੀਤੀ ਹੈ ਅਤੇ ਆਉਂਦੇ ਕੁਝ ਮਹੀਨਿਆਂ ਵਿੱਚ ਉਸ ਦਾ ਵਿਆਹ ਹੋਣ ਵਾਲਾ ਹੈ, ਨੇ ਆਪਣੇ ਪਿਤਾ ਦੇ ਇਲਾਜ ਲਈ ਸਭ ਤੋਂ ਵੱਡਾ ਫੈਸਲਾ ਲਿਆ। ਉਸ ਨੇ ਆਪਣੇ ਪਿਤਾ ਨੂੰ ਇੱਕ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਉਸ ਨੇ ਆਪਣੇ ਹੋਣ ਵਾਲੇ ਸਹੁਰੇ ਪਰਿਵਾਰ ਨੂੰ ਇਸ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ਵੀ ਰਿਸ਼ੀਕਾ ਦੇ ਇਸ ਨੇਕ ਫੈਸਲੇ ਦੀ ਪੂਰੀ ਹਮਾਇਤ ਕੀਤੀ। ਇਸ ਦੇ ਨਾਲ ਹੀ ਛੋਟੀ ਧੀ ਖ਼ੁਸ਼ੀ, ਜੋ ਬੀ.ਟੈੱਕ ਦੇ ਪਹਿਲੇ ਸਾਲ ਦੀ ਵਿਦਿਆਰਥਣ ਹੈ, ਨੇ ਵੀ ਵੱਡਾ ਜਿਗਰਾ ਦਿਖਾਉਂਦਿਆਂ ਆਪਣੇ ਪਿਤਾ ਨੂੰ ਜਿਗਰ ਦਾ ਇੱਕ ਹਿੱਸਾ ਦਾਨ ਕਰਨ ਦਾ ਐਲਾਨ ਕਰ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਦੋਵਾਂ ਭੈਣਾਂ ਦੇ ਮਨ ਵਿੱਚ ਸਿਰਫ਼ ਇੱਕੋ ਗੱਲ ਸੀ ਕਿ ਉਹ ਆਪਣੇ ਪਿਤਾ ਨੂੰ ਕੁਝ ਨਹੀਂ ਹੋਣ ਦੇਣਗੀਆਂ।
ਮੈਡੀਕਲ ਜਾਂਚ ਦੌਰਾਨ ਦੋਵਾਂ ਧੀਆਂ ਦੇ ਅੰਗਾਂ ਦੇ ਟੈਸਟ ਬਿਲਕੁਲ ਸਹੀ ਪਾਏ ਗਏ। ਡਾਕਟਰਾਂ ਵੱਲੋਂ ਕਾਉਂਸਲਿੰਗ ਅਤੇ ਸਾਰੇ ਮੈਡੀਕਲ ਮਾਪਦੰਡ ਪੂਰੇ ਹੋਣ ਤੋਂ ਬਾਅਦ ਤਿੰਨਾਂ ਨੂੰ ਸਰਜਰੀ ਲਈ ਫਿੱਟ ਐਲਾਨਿਆ ਗਿਆ। ਜਯੰਤ ਤਿਆਗੀ ਅਤੇ ਉਸ ਦੀਆਂ ਧੀਆਂ ਨੂੰ ਨੋਇਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਸੋਮਵਾਰ ਨੂੰ ਕਈ ਘੰਟਿਆਂ ਤੱਕ ਚੱਲੇ ਬੇਹੱਦ ਗੁੰਝਲਦਾਰ ਟਰਾਂਸਪਲਾਂਟ ਅਪਰੇਸ਼ਨ ਤੋਂ ਬਾਅਦ ਇਹ ਸਰਜਰੀ ਸਫ਼ਲ ਰਹੀ। ਡਾਕਟਰਾਂ ਮੁਤਾਬਕ ਫਿਲਹਾਲ ਪਿਤਾ ਅਤੇ ਦੋਵੇਂ ਧੀਆਂ ਦੀ ਹਾਲਤ ਸਥਿਰ ਹੈ, ਜਿਸ ਨਾਲ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ।
ਜਯੰਤ ਦੇ ਕਰੀਬੀ ਦੋਸਤ ਅਮਿਤ ਰੰਜਨ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਦੋਵੇਂ ਧੀਆਂ ਵਾਰ-ਵਾਰ ਇੱਕੋ ਗੱਲ ਕਹਿੰਦੀਆਂ ਸਨ, “ਜੇਕਰ ਸਾਡੇ ਪਾਪਾ ਸਾਡੇ ਕੋਲ ਹਨ, ਤਾਂ ਸਾਡੇ ਕੋਲ ਸਭ ਕੁਝ ਹੈ।”
ਦੱਸਣਯੋਗ ਹੈ ਕਿ ਜਯੰਤ ਤਿਆਗੀ ਭਾਜਪਾ ਸੰਗਠਨ ਵਿੱਚ ਸੈਕਟਰ ਕਨਵੀਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਉਨ੍ਹਾਂ ਦੇ ਆਪ੍ਰੇਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਖ਼ੂਨਦਾਨ ਵੀ ਕੀਤਾ। ਗਾਜ਼ੀਆਬਾਦ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹੁਣ ਸਿਰਫ਼ ਇੱਕ ਸਫ਼ਲ ਅਪਰੇਸ਼ਨ ਦੀ ਹੀ ਨਹੀਂ, ਬਲਕਿ ਉਨ੍ਹਾਂ ਦੋਵਾਂ ਧੀਆਂ ਦੇ ਜਜ਼ਬੇ ਦੀ ਚਰਚਾ ਹੋ ਰਹੀ ਹੈ, ਜਿਨ੍ਹਾਂ ਨੇ ਫਾਦਰਜ਼ ਡੇਅ ਦੇ ਮੌਕੇ ’ਤੇ ਆਪਣੇ ਪਿਤਾ ਨੂੰ ‘ਜ਼ਿੰਦਗੀ’ ਦਾ ਸਭ ਤੋਂ ਅਨਮੋਲ ਤੋਹਫ਼ਾ ਦਿੱਤਾ ਹੈ।
