DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਛੱਪੜ ਵਿੱਚ ਰਾਤਾਂ ਕੱਟਣ ਲਈ ਮਜਬੂਰ 70 ਸਾਲਾਂ ਮਾਂ.. ਔਲਾਦ ਨੇ ਛੱਡਿਆ, ਹੁਣ ਟੈਂਟ ’ਚ ਬਿਤਾ ਰਹੀ ਜ਼ਿੰਦਗੀ

ਬਰਸਾਤ ’ਚ ਜ਼ਹਿਰੀਲੇ ਜੀਵ-ਜੰਤੂਆਂ ਦੇ ਖ਼ੌਫ਼ ਹੇਠ ਬੀਤਦੀਆਂ ਹਨ ਰਾਤਾਂ

  • fb
  • twitter
  • whatsapp
  • whatsapp
featured-img featured-img
ਛੱਪੜ ਕਿਨਾਰੇ ਤੰਬੂ ਲਗਾਕੇ ਬੈਠੀ ਬਜ਼ੁਰਗ ਮਹਿਲਾਂ। ਫਾਈਲ ਫੋਟੋ: ਰਣਬੀਰ ਸਿੰਘ।
Advertisement

ਉਮਰ ਦੇ ਆਖ਼ਰੀ ਪੜਾਅ ਵਿੱਚ ਜਿੱਥੇ ਹਰ ਬਜ਼ੁਰਗ ਨੂੰ ਸੁਰੱਖਿਅਤ ਛੱਤ ਅਤੇ ਸਹਾਰੇ ਦੀ ਲੋੜ ਹੁੰਦੀ ਹੈ, ਉੱਥੇ ਹੀ ਹਲਕਾ ਖੇਮਕਰਨ ਦੇ ਪਿੰਡ ਮਰਗਿੰਦਪੁਰਾ ਦੀ ਕਰੀਬ 70 ਸਾਲਾਂ ਬਜ਼ੁਰਗ ਮਹਿਲਾ ਰਣਜੀਤ ਕੌਰ ਅੱਜ ਵੀ ਛੱਪੜ ਦੇ ਕਿਨਾਰੇ ਤੰਬੂ ਹੇਠਾਂ ਰਹਿਣ ਲਈ ਮਜਬੂਰ ਹੈ। ਪਤੀ ਦੀ ਮੌਤ ਅਤੇ ਪਰਿਵਾਰਕ ਸਹਾਰੇ ਤੋਂ ਵਾਂਝੀ ਹੋ ਚੁੱਕੀ ਇਸ ਬਜ਼ੁਰਗ ਮਾਤਾ ਨੇ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਸੇਵੀ ਦਾਨੀ ਸੱਜਣਾਂ ਕੋਲ ਆਪਣੇ ਸਿਰ 'ਤੇ ਇੱਕ ਪੱਕੀ ਛੱਤ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

ਰਣਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਪੁੱਤਰ ਅਤੇ ਧੀ ਵੀ ਵਿਆਹ ਤੋਂ ਪਿੱਛੋਂ ਉਸ ਨੂੰ ਇਕੱਲਾ ਛੱਡ ਗਏ। ਕੋਈ ਸਹਾਰਾ ਨਾ ਮਿਲਣ ਕਾਰਨ ਉਹ ਆਪਣੇ ਸਹੁਰੇ ਪਿੰਡ ਨੂੰ ਛੱਡ ਕੇ ਆਪਣੇ ਪੇਕੇ ਪਿੰਡ ਮਰਗਿੰਦਪੁਰਾ ਆ ਗਈ, ਪਰ ਇੱਥੇ ਵੀ ਉਸ ਨੂੰ ਪੱਕਾ ਘਰ ਨਸੀਬ ਨਹੀਂ ਹੋ ਸਕਿਆ। ਇਸ ਵੇਲੇ ਉਹ ਪਿੰਡ ਦੇ ਛੱਪੜ ਕੋਲ ਲੱਗੇ ਇੱਕ ਅਸਥਾਈ ਤੰਬੂ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ।

Advertisement

ਬਜ਼ੁਰਗ ਮਾਤਾ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਤੰਬੂ ਹੇਠਾਂ ਰਹਿਣਾ ਬੇਹੱਦ ਔਖਾ ਹੋ ਜਾਂਦਾ ਹੈ। ਮੀਂਹ ਪੈਣ ਸਮੇਂ ਤੰਬੂ ਵਿੱਚ ਪਾਣੀ ਭਰ ਜਾਂਦਾ ਹੈ, ਜਦਕਿ ਛੱਪੜ ਦੇ ਨੇੜੇ ਹੋਣ ਕਾਰਨ ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵ-ਜੰਤੂਆਂ ਦਾ ਵੀ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹਰ ਰਾਤ ਡਰ ਅਤੇ ਅਸੁਰੱਖਿਆ ਵਿੱਚ ਲੰਘਦੀ ਹੈ। ਉਨ੍ਹਾਂ ਦੀ ਸਿਰਫ਼ ਇਹੀ ਇੱਛਾ ਹੈ ਕਿ ਕੋਈ ਉਨ੍ਹਾਂ ਲਈ ਇੱਕ ਛੋਟਾ ਜਿਹਾ ਪੱਕਾ ਕਮਰਾ ਬਣਵਾ ਦੇਵੇ ਤਾਂ ਜੋ ਉਹ ਆਪਣੀ ਬਾਕੀ ਜ਼ਿੰਦਗੀ ਇੱਜ਼ਤ ਅਤੇ ਸੁਰੱਖਿਆ ਨਾਲ ਬਿਤਾ ਸਕਣ।

Advertisement

ਇਸ ਮੌਕੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਰਣਜੀਤ ਕੌਰ ਨੂੰ ਰਹਿਣ ਲਈ ਪੰਚਾਇਤੀ ਜ਼ਮੀਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪਿੰਡ ਵਿੱਚ 25 ਪੱਕੇ ਮਕਾਨਾਂ ਲਈ ਗਰਾਂਟ ਪ੍ਰਾਪਤ ਹੋਈ ਹੈ, ਪਰ ਨਿਰਧਾਰਿਤ ਪ੍ਰਕਿਰਿਆ ਕਾਰਨ ਬਜ਼ੁਰਗ ਮਾਤਾ ਦਾ ਨਾਂ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕਿਆ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੀ ਗ੍ਰਾਂਟ ਦੌਰਾਨ ਰਣਜੀਤ ਕੌਰ ਦਾ ਨਾਂ ਪਹਿਲ ਦੇ ਆਧਾਰ ’ਤੇ ਭੇਜਿਆ ਜਾਵੇਗਾ ਅਤੇ ਉਨ੍ਹਾਂ ਲਈ ਪੱਕਾ ਕਮਰਾ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਉੱਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਬੇਸਹਾਰਾ ਬਜ਼ੁਰਗ ਮਹਿਲਾ ਦਾ ਖੁੱਲ੍ਹੇ ਅਸਮਾਨ ਹੇਠਾਂ ਤੰਬੂ ਵਿੱਚ ਰਹਿਣਾ ਸਮਾਜ ਅਤੇ ਪ੍ਰਸ਼ਾਸਨ ਦੋਵਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਨੁੱਖੀ ਹਮਦਰਦੀ ਦੇ ਆਧਾਰ ’ਤੇ ਇਸ ਮਾਮਲੇ ਨੂੰ ਤਰਜੀਹ ਦੇਣ ਅਤੇ ਰਣਜੀਤ ਕੌਰ ਨੂੰ ਜਲਦੀ ਤੋਂ ਜਲਦੀ ਪੱਕਾ ਆਸਰਾ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਉਨ੍ਹਾਂ ਨੂੰ ਜ਼ਿੰਦਗੀ ਦੇ ਇਸ ਆਖ਼ਰੀ ਪੜਾਅ ਵਿੱਚ ਘੱਟੋ-ਘੱਟ ਇੱਕ ਸੁਰੱਖਿਅਤ ਛੱਤ ਨਸੀਬ ਹੋ ਸਕੇ।

Advertisement
×