ਪਾਕਿਸਤਾਨ ਤੋਂ ਪਰਤ ਰਹੇ ਅਫ਼ਗਾਨ ਸ਼ਰਨਾਰਥੀਆਂ ਦਾ ਟਰੱਕ ਪੂਰਬੀ ਅਫ਼ਗਾਨਿਸਤਾਨ ਵਿੱਚ ਹਾਦਸਾਗ੍ਰਸਤ; 22 ਲੋਕਾਂ ਦੀ ਮੌਤ
ਪੂਰਬੀ ਅਫ਼ਗਾਨਿਸਤਾਨ ਵਿੱਚ ਸ਼ਨਿੱਚਰਵਾਰ ਨੂੰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਪਰਤ ਰਹੇ ਅਫ਼ਗਾਨ ਸ਼ਰਨਾਰਥੀਆਂ ਨਾਲ ਭਰਿਆ ਇੱਕ ਟਰੱਕ ਹਾਈਵੇਅ 'ਤੇ ਪਲਟ ਗਿਆ, ਜਿਸ ਕਾਰਨ ਘੱਟੋ-ਘੱਟ 22 ਲੋਕਾਂ ਦੀ ਜਾਨ ਚਲੀ ਗਈ ਅਤੇ 36 ਹੋਰ ਜ਼ਖਮੀ ਹੋ ਗਏ। ਮਰਨ ਅਤੇ ਜ਼ਖਮੀ ਹੋਣ...
ਪੂਰਬੀ ਅਫ਼ਗਾਨਿਸਤਾਨ ਵਿੱਚ ਸ਼ਨਿੱਚਰਵਾਰ ਨੂੰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਪਰਤ ਰਹੇ ਅਫ਼ਗਾਨ ਸ਼ਰਨਾਰਥੀਆਂ ਨਾਲ ਭਰਿਆ ਇੱਕ ਟਰੱਕ ਹਾਈਵੇਅ 'ਤੇ ਪਲਟ ਗਿਆ, ਜਿਸ ਕਾਰਨ ਘੱਟੋ-ਘੱਟ 22 ਲੋਕਾਂ ਦੀ ਜਾਨ ਚਲੀ ਗਈ ਅਤੇ 36 ਹੋਰ ਜ਼ਖਮੀ ਹੋ ਗਏ। ਮਰਨ ਅਤੇ ਜ਼ਖਮੀ ਹੋਣ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਲਗ਼ਮਾਨ ਪ੍ਰਾਂਤ ਦੇ ਗਵਰਨਰ ਦੇ ਬੁਲਾਰੇ ਅਬਦੁਲ ਮਲਿਕ ਨਿਆਜ਼ਈ ਨੇ ਦੱਸਿਆ ਕਿ ਇਹ ਹਾਦਸਾ ਲਗ਼ਮਾਨ ਦੇ ਉਸ ਮੁੱਖ ਹਾਈਵੇਅ 'ਤੇ ਵਾਪਰਿਆ, ਜਿਹੜਾ ਰਾਜਧਾਨੀ ਕਾਬੁਲ ਨੂੰ ਨੰਗਰਹਾਰ ਪ੍ਰਾਂਤ ਨਾਲ ਜੋੜਦਾ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ 10 ਬੱਚੇ ਅਤੇ ਪੰਜ ਔਰਤਾਂ ਸ਼ਾਮਲ ਹਨ । ਜ਼ਖਮੀਆਂ ਨੂੰ ਇਲਾਜ ਲਈ ਨੰਗਰਹਾਰ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।
ਪ੍ਰਾਂਤ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਅਮੀਨਉੱਲਾ ਸ਼ਰੀਫ਼ ਨੇ ਦੱਸਿਆ ਕਿ ਇਸ ਦਰਦਨਾਕ ਹਾਦਸੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਕਰੀਬਨ 36 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਡਰਾਈਵਰ ਨੂੰ ਨੀਂਦ ਆ ਗਈ ਅਤੇ ਟਰੱਕ ਖਾਈ ਵਿੱਚ ਡਿੱਗ ਗਿਆ।
ਸ਼ਨਿੱਚਰਵਾਰ ਨੂੰ ਗਵਰਨਰ ਦਫ਼ਤਰ ਨੇ ਦੱਸਿਆ ਕਿ ਪੂਰਬੀ ਪ੍ਰਾਂਤ ਨੂਰਿਸਤਾਨ ਵਿੱਚ ਇੱਕ ਵੱਖਰੇ ਹਾਦਸੇ ਦੌਰਾਨ ਸ਼ੁੱਕਰਵਾਰ ਰਾਤ ਇੱਕ ਕਾਰ ਸੜਕ ਤੋਂ ਫਿਸਲ ਕੇ ਨਦੀ ਵਿੱਚ ਡਿੱਗ ਗਈ, ਜਿਸ ਨਾਲ ਡਰਾਈਵਰ ਜ਼ਖਮੀ ਹੋ ਗਿਆ ਅਤੇ ਚਾਰ ਯਾਤਰੀ ਲਾਪਤਾ ਹੋ ਗਏ। ਦਫ਼ਤਰ ਨੇ ਦੱਸਿਆ ਕਿ ਬਚਾਅ ਟੀਮਾਂ ਚਾਰਾਂ ਦੀ ਭਾਲ ਕਰ ਰਹੀਆਂ ਹਨ।
ਅਫ਼ਗਾਨਿਸਤਾਨ ਵਿੱਚ ਸੜਕ ਹਾਦਸੇ ਆਮ ਗੱਲ ਹਨ, ਜਿੱਥੇ ਸੜਕਾਂ ਖ਼ਸਤਾਹਾਲ ਹਨ ਅਤੇ ਡਰਾਈਵਰ ਅਕਸਰ ਟਰੈਫਿਕ ਨਿਯਮਾਂ ਦੀ ਅਣਦੇਖੀ ਕਰਦੇ ਹਨ।

