ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤੇਜਸ ਹਾਦਸੇ ਦੇ ਮਾਅਨੇ

ਹਰ ਹਾਦਸਾ ਦੁਖਦਾਈ ਹੁੰਦਾ ਹੈ, ਖ਼ਾਸਕਰ ਜਦੋਂ ਇਸ ’ਚ ਦਿਲ ਨੂੰ ਦਹਿਲਾ ਦੇਣ ਵਾਲਾ ਜਾਨੀ ਨੁਕਸਾਨ ਹੁੰਦਾ ਹੈ। 21 ਨਵੰਬਰ 2025 ਨੂੰ ਦੁਬਈ ਏਅਰ ਸ਼ੋਅ ’ਚ ਹਾਦਸਾਗ੍ਰਸਤ ਹੋਇਆ ਤੇਜਸ ਲੜਾਕੂ ਜਹਾਜ਼, ਜਿਸ ਵਿੱਚ ਵਿੰਗ ਕਮਾਂਡਰ ਨਮਾਂਸ਼ ਸਿਆਲ ਦੀ ਜਾਨ ਚਲੀ...
Advertisement

ਹਰ ਹਾਦਸਾ ਦੁਖਦਾਈ ਹੁੰਦਾ ਹੈ, ਖ਼ਾਸਕਰ ਜਦੋਂ ਇਸ ’ਚ ਦਿਲ ਨੂੰ ਦਹਿਲਾ ਦੇਣ ਵਾਲਾ ਜਾਨੀ ਨੁਕਸਾਨ ਹੁੰਦਾ ਹੈ। 21 ਨਵੰਬਰ 2025 ਨੂੰ ਦੁਬਈ ਏਅਰ ਸ਼ੋਅ ’ਚ ਹਾਦਸਾਗ੍ਰਸਤ ਹੋਇਆ ਤੇਜਸ ਲੜਾਕੂ ਜਹਾਜ਼, ਜਿਸ ਵਿੱਚ ਵਿੰਗ ਕਮਾਂਡਰ ਨਮਾਂਸ਼ ਸਿਆਲ ਦੀ ਜਾਨ ਚਲੀ ਗਈ, ਨੇ ਭਾਰਤੀ ਹਵਾਈ ਸੈਨਾ ਅਤੇ ਸਮੁੱਚੇ ਦੇਸ਼ ਨੂੰ ਗਹਿਰਾ ਸਦਮਾ ਦਿੱਤਾ ਹੈ। ਹਾਲਾਂਕਿ ਫਾਈਟਰ ਫਲਾਇੰਗ (ਲੜਾਕੂ ਜਹਾਜ਼ ਉਡਾਉਣਾ) ਆਪਣੇ ਆਪ ਵਿੱਚ ਹੀ ਖ਼ਤਰਿਆਂ ਨਾਲ ਭਰਿਆ ਹੋਇਆ ਹੈ ਅਤੇ ਇਸ ’ਚ ਕਾਫ਼ੀ ਚੁਣੌਤੀਆਂ ਹਨ, ਪਰ ਡਿਸਪਲੇਅ ਫਲਾਇੰਗ (ਪ੍ਰਦਰਸ਼ਨ ਲਈ ਉਡਾਣ ਭਰਨਾ) ਕਾਕਪਿਟ ’ਚ ਬੈਠਣ ਵਾਲੇ ਨੂੰ ਇਸ ਤੋਂ ਵੀ ਕਿਤੇ ਵੱਧ ਪਰਖ਼ਦਾ ਹੈ। ਜੋ ਪਾਇਲਟ ਘੱਟ ਉਚਾਈ ’ਤੇ ਐਰੋਬੈਟਿਕਸ (ਹਵਾਈ ਕਰਤੱਬ) ਅਤੇ ਪ੍ਰਦਰਸ਼ਨ ਲਈ ਉਡਾਣਾਂ ਭਰਦੇ ਹਨ, ਉਨ੍ਹਾਂ ਨੂੰ ਨਾ ਸਿਰਫ਼ ਬੇਮਿਸਾਲ ਹੁਨਰ, ਪੇਸ਼ੇਵਰ ਤੌਰ-ਤਰੀਕੇ ਅਤੇ ਸੁਭਾਅ ਦੇਖ ਕੇ ਪੂਰੇ ਧਿਆਨ ਨਾਲ ਚੁਣਿਆ ਜਾਂਦਾ ਹੈ ਸਗੋਂ ਉਨ੍ਹਾਂ ਨੂੰ ਸਖ਼ਤ ਸਿਖਲਾਈ ਅਤੇ ਸੇਧ ਵੀ ਦਿੱਤੀ ਜਾਂਦੀ ਹੈ। ਹਾਦਸੇ ਹੁੰਦੇ ਹਨ ਅਤੇ ਜੋਖ਼ਮਾਂ ਕਰ ਕੇ ਹੁੰਦੇ ਵੀ ਰਹਿਣਗੇ, ਪਰ ਕੁਝ ਇਸ ਤਰ੍ਹਾਂ ਦੇ ਨਾਜ਼ੁਕ ਮੋੜ ’ਤੇ ਹੁੰਦੇ ਹਨ ਜਿੱਥੇ ਮਹੱਤਵਪੂਰਨ ਸੁਧਾਰਾਂ ਦੀ ਮੰਗ ਉੱਠਦੀ ਹੈ, ਨਾ ਸਿਰਫ਼ ਪਾਇਲਟਾਂ ਤੇ ਹਵਾਈ ਬਲਾਂ ਲਈ ਸਗੋਂ ਦੇਸ਼ ਲਈ ਵੀ। ਪਾਇਲਟ ਦੇ ਪਰਿਵਾਰ ਨੂੰ ਹੋਇਆ ਨੁਕਸਾਨ ਬਹੁਤ ਗਹਿਰਾ ਤੇ ਨਾ ਪੂਰਿਆ ਜਾਣ ਵਾਲਾ ਹੈ ਕਿਉਂਕਿ ਉਨ੍ਹਾਂ ਨੂੰ ਬਾਕੀ ਸਾਰੀ ਜ਼ਿੰਦਗੀ ਇਸ ਨਾਲ ਜੂਝਣਾ ਪਵੇਗਾ। ਕਿਸੇ ਵੀ ਹਵਾਈ ਸੈਨਾ ਲਈ ਪੇਸ਼ੇਵਰ ਪਾਇਲਟ ਦਾ ਨੁਕਸਾਨ ਇੱਕ ਅਜਿਹਾ ਘਾਟਾ ਹੁੰਦਾ ਹੈ ਜਿਸ ਤੋਂ ਉੱਭਰਨ ਵਿੱਚ ਕਈ ਸਾਲ ਲੱਗ ਜਾਂਦੇ ਹਨ।

​ਕੋਰਟ ਆਫ ਇਨਕੁਆਇਰੀ (ਜਾਂਚ) ਹਾਦਸੇ ਦੇ ਅਸਲ ਕਾਰਨਾਂ ਦੀ ਜੜ੍ਹ ਤੱਕ ਪਹੁੰਚੇਗੀ ਅਤੇ ਸਿਫ਼ਾਰਸ਼ਾਂ ਤੇ ਸੁਧਾਰਾਤਮਕ ਸੁਝਾਅ ਦੇਵੇਗੀ। ਇਸ ਲਈ ਧੀਰਜ ਰੱਖਣਾ ਪਵੇਗਾ ਤੇ ਨਤੀਜੇ ਦੀ ਉਡੀਕ ਕਰਨੀ ਪਵੇਗੀ। ਇਹ ਜਹਾਜ਼ ਦੇਸ਼ ਵਿੱਚ ਹੀ ਡਿਜ਼ਾਈਨ, ਵਿਕਸਤ ਅਤੇ ਤਿਆਰ ਕੀਤਾ ਗਿਆ ਸੀ। ਭਾਵੇਂ ਹਾਦਸੇ ਦੇ ਕਾਰਨ ਜੋ ਵੀ ਹੋਣ, ਪਰ ਇਸ ਹਾਦਸੇ ਕਾਰਨ ਦੇਸ਼ ਦੀ ਸਾਖ਼ ਦੇ ਨੁਕਸਾਨ ਦੀ ਪੂਰਤੀ ਮੁਸ਼ਕਿਲ ਹੋਵੇਗੀ। ਰੱਖਿਆ ਖੇਤਰ ’ਚ ਭਾਰਤ ਦੇ ਸਰਕਾਰੀ ਅਦਾਰੇ, ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐਚਏਐਲ) ’ਤੇ ਨਾ ਸਿਰਫ਼ ਆਪਣੀ ਸਾਖ਼, ਸਗੋਂ ਉਸ ਵਿਸ਼ਵਾਸ ਨੂੰ ਵੀ ਬਹਾਲ ਕਰਨ ਦੀ ਵੀ ਜ਼ਿੰਮੇਵਾਰੀ ਹੈ ਜੋ ਦੇਸ਼ ਨੇ ਇਸ ਦੀ ਸਮਰੱਥਾ ਵਿੱਚ ਦਿਖਾਇਆ ਹੈ। ਭਾਰਤੀ ਹਵਾਈ ਸੈਨਾ ਨੇ ਸ਼ੁਰੂਆਤੀ 40 ਐਮਕੇ1 ਜਹਾਜ਼ਾਂ ਦੇ ਆਰਡਰ ਤੋਂ ਬਾਅਦ 180 ਤੇਜਸ ਐਮਕੇ1ਏ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਵਿੱਖ ਵਿੱਚ ਹਵਾਈ ਸੈਨਾ ’ਚ ਵੱਡਾ ਹਿੱਸਾ ਇਹ ਸਵਦੇਸ਼ੀ ਲੜਾਕੂ ਜਹਾਜ਼ ਹੋਣਗੇ, ਜੋ ਕਿ 4.5 ਜੈਨਰੇਸ਼ਨ ਦੇ ਹਨ। ਇਸ ਹਾਦਸੇ ਤੋਂ ਬਾਅਦ ਤੇਜਸ ਦੇ ਜਾਂਚ ਦੇ ਘੇਰੇ ਵਿੱਚ ਆ ਗਿਆ ਹੈ। ਫਿਰ ਵੀ ਇਸ ਜਹਾਜ਼ ਦੀ ਸਮਰੱਥਾ ਅਤੇ ਐੱਚਏਐੱਲ ਤੇ ਸਬੰਧਤ ਢਾਂਚੇ ਦੀ ਉਤਪਾਦਨ ਯੋਗਤਾ ਦੋਵੇਂ ਵੱਖੋ ਵੱਖਰੀਆਂ ਗੱਲਾਂ ਹਨ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਨਵੰਬਰ 2023 ਨੂੰ ਬੰਗਲੂਰੂ ਵਿੱਚ ਤੇਜਸ ’ਚ ਉਡਾਣ ਭਰੀ ਸੀ। ਮੌਜੂਦਾ ਹਵਾਈ ਸੈਨਾ ਮੁਖੀ, ਏਅਰ ਚੀਫ਼ ਮਾਰਸ਼ਲ ਏ ਪੀ ਸਿੰਘ ਨੇ ਅਗਸਤ 2024 ਵਿੱਚ ਬਹੁ-ਦੇਸ਼ੀ ਸੈਨਿਕ ਅਭਿਆਸ ‘ਤਰੰਗ ਸ਼ਕਤੀ’ ਦੌਰਾਨ ਜਰਮਨੀ ਦੇ ਹਵਾਈ ਸੈਨਾ ਮੁਖੀ ਦਾ ਸਵਾਗਤ ਕਰਨ ਲਈ ਤਿੰਨ ਤੇਜਸ ਜਹਾਜ਼ਾਂ ਦੀ ਫਾਰਮੇਸ਼ਨ ਦੀ ਅਗਵਾਈ ਕੀਤੀ ਸੀ, ਜਦ ਉਹ ਯੂਰੋਫਾਈਟਰ ਟਾਈਫੂਨ ਵਿੱਚ ਭਾਰਤ ਆ ਰਹੇ ਸਨ। ਵਿਕਾਸ ਦੇ ਪੜਾਅ ਦੌਰਾਨ ਜਹਾਜ਼ ਨਾਲ ਕੋਈ ਹਾਦਸਾ ਨਹੀਂ ਹੋਇਆ ਅਤੇ ਹਵਾਈ ਸੈਨਾ ’ਚ ਸ਼ਾਮਲ ਹੋਣ ਤੋਂ ਅੱਠ ਸਾਲ ਬਾਅਦ ਵੀ ਇਸ ਨੇ ਬਿਨਾਂ ਕਿਸੇ ਹਾਦਸੇ ਦੇ ਉਡਾਣ ਭਰੀ ਹੈ। ਇਸ ਲਈ ਇਹ ਕਹਿਣ ਦੀ ਲੋੜ ਨਹੀਂ ਕਿ ਤੇਜਸ ਦਾ ਸੁਰੱਖਿਆ ਰਿਕਾਰਡ ਸ਼ਾਨਦਾਰ ਰਿਹਾ ਹੈ। ਦੁਬਈ ਤੋਂ ਪਹਿਲਾਂ ਇੱਕੋ-ਇੱਕ ਹੋਰ ਹਾਦਸਾ ਮਾਰਚ 2024 ਵਿੱਚ ਅਭਿਆਸ ਦੌਰਾਨ ਹੋਇਆ ਸੀ ਜਿਸ ਵਿੱਚ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ ਸੀ। ਮੁੱਢਲੀ ਛਾਣਬੀਣ ਨੇ ਹਾਦਸੇ ਦਾ ਕਾਰਨ ਤੇਲ ਪ੍ਰਣਾਲੀ ਦੀ ਖਰਾਬੀ ਨੂੰ ਮੰਨਿਆ ਸੀ, ਜਿਸ ਕਾਰਨ ਇੰਜਣ ਫੇਲ੍ਹ ਹੋਇਆ। 2001 ਵਿੱਚ ਪਹਿਲੀ ਉਡਾਣ ਭਰਨ ਤੋਂ ਲੈ ਕੇ 12000 ਤੋਂ ਵੱਧ ਘੰਟਿਆਂ ਦੀ ਉਡਾਣ ਦੇ ਨਾਲ, ਤੇਜਸ ਦਾ ਇੱਕ ਮਜ਼ਬੂਤ ਸੇਫਟੀ ਰਿਕਾਰਡ ਰਿਹਾ ਹੈ। ਪੂਰੀ ਦੁਨੀਆ ਦੇ ਹੋਰਨਾਂ ਸਿੰਗਲ ਇੰਜਣ ਲੜਾਕੂ ਜਹਾਜ਼ਾਂ ਦੇ ਵਿਕਾਸ ਅਤੇ ਲਾਂਚ (ਇੰਡੱਕਸ਼ਨ ਪ੍ਰੋਗਰਾਮਾਂ) ਦੇ ਮੁਕਾਬਲੇ ’ਚ ਇਸ ਨੂੰ ਸਭ ਤੋਂ ਘੱਟ ਗੈਰ-ਜੰਗੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।

ਪਹਿਲੇ 83 ਤੇਜਸ ਐਮਕੇ1ਏ ਜਹਾਜ਼ਾਂ ਲਈ 48,000 ਕਰੋੜ ਰੁਪਏ ਦਾ ਇਕਰਾਰਨਾਮਾ ਫਰਵਰੀ 2021 ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਤਿੰਨ ਸਾਲਾਂ ਵਿੱਚ ਪਹਿਲੇ ਤਿੰਨ ਜਹਾਜ਼ਾਂ ਦੀ ਡਿਲਿਵਰੀ ਅਤੇ ਉਸ ਤੋਂ ਬਾਅਦ ਹਰ ਸਾਲ 16 ਜਹਾਜ਼ਾਂ ਦੀ ਡਿਲਿਵਰੀ ਸ਼ਾਮਲ ਸੀ। ਨਿਰਧਾਰਤ ਸਮਾਂ-ਸੀਮਾ ਅਨੁਸਾਰ ਭਾਰਤੀ ਹਵਾਈ ਸੈਨਾ ਕੋਲ ਹੁਣ ਤੱਕ ਘੱਟੋ-ਘੱਟ 15-18 ਤੇਜਸ ਐਮਕੇ1ਏ ਉਡਾਣ ਭਰ ਰਹੇ ਹੋਣੇ ਚਾਹੀਦੇ ਸਨ ਜਦੋਂਕਿ ਹਕੀਕਤ ਵਿੱਚ ਇੱਕ ਵੀ ਜਹਾਜ਼ ਨਹੀਂ ਮਿਲ ਸਕਿਆ। ਭਾਰਤੀ ਹਵਾਈ ਸੈਨਾ ਨੇ ਬਾਅਦ ਵਿੱਚ ਸਤੰਬਰ 2025 ’ਚ 59,000 ਕਰੋੜ ਰੁਪਏ ਦੇ 97 ਹੋਰ ਤੇਜਸ ਐਮਕੇ1ਏ ਲੈਣ ਲਈ ਇੱਕ ਹੋਰ ਇਕਰਾਰਨਾਮਾ ਕੀਤਾ ਸੀ। ਹਾਲਾਂਕਿ, ਜੀਈ 404 ਇੰਜਣਾਂ ਦੇ ਪਹੁੰਚਣ ਵਿੱਚ ਹੋਈ ਦੇਰੀ ਡਿਲਿਵਰੀ ਨਾ ਹੋਣ ਦਾ ਇੱਕ ਵੱਡਾ ਕਾਰਨ ਹੈ, ਪਰ ਹੋਰ ਮਸਲੇ ਵੀ ਹਨ ਜੋ ਦੇਸ਼ ’ਚ ਬਣੇ ‘ਉੱਤਮ’ ਰਾਡਾਰ ਅਤੇ ਹਵਾ ਤੋਂ ਹਵਾ ਤੱਕ ਮਾਰ ਕਰਨ ਵਾਲੀ ‘ਅਸਤਰ’ ਮਿਜ਼ਾਈਲ ਦੇ ਏਕੀਕਰਨ ਨਾਲ ਸਬੰਧਤ ਹਨ। ਐਚਏਐਲ ਨੇ ਹੋਰ ਦੇਰੀ ਤੋਂ ਬਚਣ ਲਈ ਸ਼ੁਰੂਆਤੀ ਐਮਕੇ1ਏ ਜਹਾਜ਼ਾਂ ’ਤੇ ਇਜ਼ਰਾਇਲੀ ਈਐਲ/ਐਮ-2052 ਏਈਐੱਸਏ ਰਾਡਾਰ ਲਾਉਣ ਦਾ ਫ਼ੈਸਲਾ ਕੀਤਾ ਹੈ, ਹਾਲਾਂਕਿ ਅਸਤਰ ਐਮਕੇ1 ਮਿਜ਼ਾਈਲ ਅਜੇ ਵੀ ਏਕੀਕਰਨ, ਸੌਫਟਵੇਅਰ ਤੇ ਪ੍ਰਮਾਣੀਕਰਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ ਜਿਨ੍ਹਾਂ ਨੂੰ ਹੱਲ ਕਰਨਾ ਬਾਕੀ ਹੈ। ਐਰੋਨੌਟੀਕਲ ਡਿਵੈਲਪਮੈਂਟ ਏਜੰਸੀ (ਏਡੀਏ) ਨੇ ਤੇਜਸ ਵਿੱਚ ਐਚਏਐਲ ਲਈ ਇੱਕ ਵਧੀਆ ਪਲੈਟਫਾਰਮ ਬਣਾਇਆ ਹੈ ਜਿਸ ਨੂੰ ਆਧਾਰ ਬਣਾ ਕੇ ਅੱਗੇ ਵਧਿਆ ਜਾ ਸਕਦਾ ਹੈ ਤੇ ਇਸ ਦੀ ਬਰਾਬਰੀ ਕਰਨ ਲਈ ਐਚਏਐਲ ਨੂੰ ਵੀ ਇੱਕ ਵਧੀਆ ਪ੍ਰੋਡਕਸ਼ਨ ਲਾਈਨ ਬਣਾਉਣ ਦੀ ਲੋੜ ਹੈ।

ਦੁਨੀਆ ਭਰ ਦੇ ਏਅਰ ਸ਼ੋਅਜ਼ ਅਤੇ ਦੁਵੱਲੇ/ਬਹੁਪੱਖੀ ਸੈਨਿਕ ਅਭਿਆਸਾਂ ਵਿੱਚ ਸਵਦੇਸ਼ੀ ਲੜਾਕੂ ਜਹਾਜ਼ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨਾ ਚੰਗਾ ਹੈ, ਪਰ ਵਰਤਮਾਨ ਹਾਲਾਤ ’ਚ ਐਕਸਪੋਰਟ ਆਰਡਰਾਂ ਲਈ ਪ੍ਰਚਾਰ ਮੁਹਿੰਮ ਦੀ ਲੋੜ ਸਵਾਲਾਂ ਦੇ ਘੇਰੇ ਵਿੱਚ ਹੈ। ਅਤੀਤ ਵਿੱਚ ਮਲੇਸ਼ੀਆ, ਫਿਲੀਪੀਨਜ਼, ਮਿਸਰ ਅਤੇ ਅਰਜਨਟੀਨਾ ਨੇ ਤੇਜਸ ਵਿੱਚ ਦਿਲਚਸਪੀ ਲਈ, ਪਰ ਹੈਰਾਨੀ ਦੀ ਗੱਲ ਨਹੀਂ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਅਖੀਰ ਵਿੱਚ ਆਰਡਰ ਹੋਰਨਾਂ ਨਿਰਮਾਤਾਵਾਂ ਨੂੰ ਦਿੱਤਾ। ਐਚਏਐਲ ਨੇ ਉੱਨਤ ਹਲਕਾ ਹੈਲੀਕਾਪਟਰ ਧਰੁਵ ਵੀ ਤਿਆਰ ਕੀਤਾ ਹੈ, ਜਿਸ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਅਤੇ ਤੱਟ ਰੱਖਿਅਕ ਵਰਤ ਰਹੇ ਹਨ। ਹੁਣ ਤੱਕ 380 ਤੋਂ ਵੱਧ ਹੈਲੀਕਾਪਟਰ ਬਣਾਏ ਗਏ ਹਨ ਅਤੇ ਭਾਰਤੀ ਹਵਾਈ ਸੈਨਾ ਦੀ ‘ਸਾਰੰਗ’ ਡਿਸਪਲੇਅ ਟੀਮ ਦੁਨੀਆ ਭਰ ਦੇ ਕਈ ਏਅਰ ਸ਼ੋਅਜ਼ ਵਿੱਚ ਪ੍ਰਦਰਸ਼ਨ ਕਰ ਰਹੀ ਹੈ, ਜਦੋਂਕਿ ਬਰਾਮਦ ਕਾਫ਼ੀ ਸੀਮਤ ਹੈ। ਇਹ ਸੁਰੱਖਿਆ ਸਬੰਧੀ ਵਿਆਪਕ ਚਿੰਤਾਵਾਂ ਅਤੇ ਵਿਸ਼ਵ ਪੱਧਰੀ ਮੁਕਾਬਲੇ ਕਾਰਨ ਹੈ। ਭਾਵੇਂ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਹਥਿਆਰਬੰਦ ਸੈਨਾਵਾਂ ਸਵਦੇਸ਼ੀ ਤੌਰ ’ਤੇ ਡਿਜ਼ਾਈਨ, ਵਿਕਸਤ ਅਤੇ ਤਿਆਰ ਕੀਤੀਆਂ (ਆਈਡੀਡੀਐਮ) ਚੀਜ਼ਾਂ ਨੂੰ ਖਰੀਦਣਾ ਜਾਰੀ ਰੱਖਣਗੀਆਂ, ਪਰ ਇਨ੍ਹਾਂ ਨੂੰ ਹੋਰ ਦੇਸ਼ਾਂ ਨੂੰ ਵੇਚਣ ਲਈ ਸਾਨੂੰ ਵਿਸ਼ਵ ਪੱਧਰ ਦੇ ਮੁਕਾਬਲੇਬਾਜ਼ ਬਣਨਾ ਪਏਗਾ। ਇਸ ਤਰ੍ਹਾਂ ਐਚਏਐਲ ਅਤੇ ਦੇਸ਼ ਦਾ ਐਰੋਸਪੇਸ ਨਿਰਮਾਣ ਢਾਂਚਾ ਇੱਕ ਨਾਜ਼ੁਕ ਮੋੜ ’ਤੇ ਹੈ ਜਿੱਥੇ ਸਰਕਾਰੀ ਖੇਤਰ ਦੀ ਇੱਕ ਭਰੋਸੇਮੰਦ ਰੱਖਿਆ ਕੰਪਨੀ ਵਜੋਂ ਇਸ ਦੀ ਸਾਖ ਨੂੰ ਬਹਾਲ ਕਰਨ ਲਈ ਯਤਨਾਂ ਦੀ ਲੋੜ ਹੋਵੇਗੀ।

* ਡਾਇਰੈਕਟਰ ਜਨਰਲ, ਸੈਂਟਰ ਫਾਰ ਐਰੋਸਪੇਸ ਪਾਵਰ ਐਂਡ ਸਟ੍ਰੈਟੇਜਿਕ ਸਟੱਡੀਜ਼।

Advertisement
Show comments