DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦਿਅਕ ਪ੍ਰਣਾਲੀ ਦੇ ਪੁਨਰ-ਨਿਰਮਾਣ ਦੀ ਲੋੜ

ਜੇਕਰ ਅਸੀਂ ਭਾਰਤ ਨੂੰ 2047 ਤੱਕ ਸੰਸਾਰ ਦਾ ਵਿਕਸਿਤ ਦੇਸ਼ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਵਿਦਿਅਕ ਢਾਂਚੇ ਨੂੰ ਆਪਣੀਆਂ ਲੋੜਾਂ ਅਨੁਸਾਰ ਉਸਾਰਨਾ ਪਵੇਗਾ। ਸਾਰੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਜ਼ਰੂਰੀ ਹੈ। ਇੱਥੇ ਬੱਚਿਆਂ ਨੂੰ ਪੜ੍ਹਨਾ ਲਿਖਣਾ ਸਿਖਾਉਣ ਦੇ ਨਾਲ ਨਾਲ ਸਮਾਜਿਕ ਕਦਰਾਂ-ਕੀਮਤਾਂ ਅਤੇ ਕਿਰਤ ਦਾ ਸਤਿਕਾਰ ਕਰਨਾ ਸਿਖਾਇਆ ਜਾਵੇ।

  • fb
  • twitter
  • whatsapp
  • whatsapp
Advertisement

ਕਿਸੇ ਵੀ ਲੋਕਰਾਜੀ ਦੇਸ਼ ਦੇ ਵਿਕਾਸ ਦਾ ਅਕਸ ਉੱਥੋਂ ਦਾ ਮਨੁੱਖੀ ਵਿਕਾਸ ਹੁੰਦਾ ਹੈ, ਪਰ ਅਸੀਂ ਆਜ਼ਾਦੀ ਦੇ 78 ਸਾਲ ਪੂਰੇ ਕਰਨ ਪਿੱਛੋਂ ਵੀ ਮਨੁੱਖੀ ਵਿਕਾਸ ਵਿੱਚ ਬਹੁਤ ਪਿੱਛੇ ਰਹਿ ਗਏ ਹਾਂ। ਮਨੁੱਖੀ ਵਿਕਾਸ ਦਾ ਮੁੱਖ ਸੋਮਾ ਦੇਸ਼ ਦਾ ਵਿਦਿਅਕ ਢਾਂਚਾ ਹੁੰਦਾ ਹੈ। ਆਜ਼ਾਦੀ ਪਿੱਛੋਂ ਵਿਦਿਅਕ ਸੁਧਾਰਾਂ ਲਈ ਬਹੁਤ ਸਾਰੇ ਮਿਸ਼ਨ ਤੇ ਕਮਿਸ਼ਨ ਬਣਾਏ ਗਏ, ਪਰ ਵਿਦਿਅਕ ਢਾਂਚੇ ਵਿੱਚ ਕੁਝ ਸਾਲਾਂ ਅਤੇ ਵਿਸ਼ਿਆਂ ਦੇ ਹੇਰ-ਫੇਰ ਤੋਂ ਬਗੈਰ ਕੁਝ ਵੀ ਨਹੀਂ ਬਦਲਿਆ। ਸੁਧਾਰ ਹੋਣ ਦੀ ਥਾਂ ਵਿਦਿਆ ਵਪਾਰ ਬਣ ਗਈ ਹੈ। ਅਖੌਤੀ ਵਧੀਆ ਸਕੂਲ ਤੇ ਕਾਲਜ ਨਿੱਜੀ ਖੇਤਰ ਦੀਆਂ ਕੰਪਨੀਆਂ ਜਿਹੇ ਬਣ ਰਹੇ ਹਨ, ਜਿਨ੍ਹਾਂ ਦਾ ਮੁੱਖ ਮੰਤਵ ਮਹਿਜ਼ ਕਮਾਈ ਕਰਨਾ ਹੁੰਦਾ ਹੈ। ਕਿਸੇ ਵੀ ਲੋਕਰਾਜ ਵਿੱਚ ਰੋਟੀ, ਕੱਪੜਾ, ਮਕਾਨ, ਵਿੱਦਿਆ ਅਤੇ ਸਿਹਤ ਸਹੂਲਤਾਂ ਨੂੰ ਨਾਗਰਿਕਾਂ ਦਾ ਮੁੱਢਲਾ ਅਧਿਕਾਰ ਮੰਨਿਆ ਜਾਂਦਾ ਹੈ। ਇਨ੍ਹਾਂ ਸਭਨਾਂ ਵਿੱਚੋਂ ਵਿੱਦਿਆ ਸਿਖਰ ਉੱਤੇ ਆਉਂਦੀ ਹੈ। ਵਿਦਿਆ ਮਨੁੱਖ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਹੋਣਾ ਸਿਖਾਉਂਦੀ ਹੈ ਅਤੇ ਉਸ ਨੂੰ ਵਧੀਆ ਇਨਸਾਨ ਭਾਵ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਵੀ ਬਣਾਉਂਦੀ ਹੈ। ਸਾਡੇ ਦੇਸ਼ ਦਾ ਵਿਦਿਅਕ ਢਾਂਚਾ ਅੰਗਰੇਜ਼ਾਂ ਨੇ ਉਸਾਰਿਆ ਸੀ। ਉਨ੍ਹਾਂ ਨੂੰ ਸਰਕਾਰ ਚਲਾਉਣ ਲਈ ਦੇਸੀ ਸਹਾਇਕ ਚਾਹੀਦੇ ਸਨ। ਅੰਗਰੇਜ਼ਾਂ ਨੂੰ ਡਰ ਸੀ ਕਿ ਜੇਕਰ ਉਨ੍ਹਾਂ ਆਪਣੇ ਵਿਦਿਅਕ ਢਾਂਚੇ ਅਨੁਸਾਰ ਭਾਰਤ ਦਾ ਵਿਦਿਅਕ ਢਾਂਚਾ ਉਸਾਰਿਆ ਤਾਂ ਭਾਰਤੀਆਂ ਨੂੰ ਗ਼ੁਲਾਮ ਰੱਖਣਾ ਔਖਾ ਹੋ ਜਾਵੇਗਾ ਕਿਉਂਕਿ ਇਹ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਦੇ ਭਲੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ। ਇਸ ਲਈ ਉਨ੍ਹਾਂ ਅਜਿਹਾ ਢਾਂਚਾ ਉਸਾਰਿਆ, ਜਿਸ ਨਾਲ ਲੋਕ ਆਪਣੀ ਸੋਚ ਨੂੰ ਵਿਕਸਿਤ ਕਰਨ ਦੀ ਥਾਂ ਜੋ ਪੜ੍ਹਾਇਆ ਜਾਵੇ ਉਸ ਉੱਤੇ ਹੀ ਅਮਲ ਕਰਨ।

ਆਜ਼ਾਦੀ ਪਿੱਛੋਂ ਇਸ ਢਾਂਚੇ ਵਿੱਚ ਤਬਦੀਲੀ ਦੇ ਬਹੁਤ ਯਤਨ ਕੀਤੇ ਗਏ, ਪਰ ਕੋਈ ਸਫ਼ਲਤਾ ਪ੍ਰਾਪਤ ਨਹੀਂ ਹੋ ਸਕੀ ਕਿਉਂਕਿ ਜਿਨ੍ਹਾਂ ਨੇ ਤਬਦੀਲੀ ਲਿਆਉਣੀ ਸੀ ਉਨ੍ਹਾਂ ਨੂੰ ਅੰਗਰੇਜ਼ਾਂ ਦੀ ਲੋੜ ਵਰਗੇ ਹੀ ਕਰਿੰਦੇ ਚਾਹੀਦੇ ਸਨ। ਇਸ ਕਰਕੇ ਵਿਦਿਅਕ ਢਾਂਚੇ ਵਿੱਚ ਸੁਧਾਰ ਹੋਣ ਦੀ ਥਾਂ ਨਿਘਾਰ ਆਇਆ। ਭਾਰਤੀ ਵਿਦਿਅਕ ਢਾਂਚੇ ਵਿੱਚ ਆਏ ਨਿਘਾਰ ਲਈ ਸਾਡੇ ਰਾਜਨੀਤਕ ਆਗੂ ਜ਼ਿੰਮੇਵਾਰ ਹਨ। ਸਮੇਂ ਦੇ ਬੀਤਣ ਨਾਲ ਰਾਜਨੀਤੀ ਵਿੱਚ ਸੁਧਾਰ ਹੋਣਾ ਚਾਹੀਦਾ ਸੀ, ਪਰ ਇਸ ਵਿੱਚ ਨਿਘਾਰ ਆਇਆ ਹੈ। ਰਾਜਨੀਤੀ ਲੋਕ ਸੇਵਾ ਦੀ ਥਾਂ ਵਪਾਰ ਬਣ ਗਈ ਹੈ। ਬੱਚਿਆਂ ਵਿੱਚ ਉਸਾਰੂ ਸੋਚ ਦੀਆਂ ਉਡਾਰੀਆਂ ਮਾਰਨ ਦੀ ਸਮਰੱਥਾ ਪੈਦਾ ਨਹੀਂ ਕੀਤੀ ਜਾਂਦੀ। ਇਮਤਿਹਾਨ ਵਿੱਚ ਬੱਚਿਆਂ ਨੂੰ ਉਹ ਹੀ ਲਿਖਣਾ ਪੈਂਦਾ ਹੈ, ਜੋ ਅਧਿਆਪਕ ਨੇ ਪੜ੍ਹਾਇਆ ਹੁੰਦਾ ਹੈ। ਇਹ ਇੱਕ ਤਰ੍ਹਾਂ ਉਸ ਦੀ ਲਿਆਕਤ ਦੀ ਪਰਖ ਨਹੀਂ ਹੈ ਸਗੋਂ ਉਸ ਦੀ ਯਾਦ ਸ਼ਕਤੀ ਦੀ ਪਰਖ ਹੁੰਦੀ ਹੈ। ਜਿੰਨੀ ਜਿਸ ਦੀ ਯਾਦ ਸ਼ਕਤੀ ਵੱਧ ਹੋਵੇਗੀ ਓਨੇ ਹੀ ਉਹ ਵੱਧ ਅੰਕ ਪ੍ਰਾਪਤ ਕਰੇਗਾ। ਅਧਿਆਪਕਾਂ ਦੀ ਬਹੁਗਿਣਤੀ ਵੀ ਲਾਇਬ੍ਰੇਰੀ ਵਿੱਚ ਜਾ ਕੇ ਆਪਣੇ ਵਿਸ਼ੇ ਨਾਲ ਸਬੰਧਿਤ ਆਈਆਂ ਨਵੀਆਂ ਪੁਸਤਕਾਂ ਪੜ੍ਹਨ ਦੀ ਖੇਚਲ ਨਹੀਂ ਕਰਦੀ। ਕਈ ਅਧਿਆਪਕ ਤਾਂ ਅਜਿਹੇ ਹਨ, ਜਿਨ੍ਹਾਂ ਇੱਕ ਵਾਰ ਜਿਹੜੇ ਨੋਟਸ ਤਿਆਰ ਲਏ, ਕਈ ਕਈ ਸਾਲ ਉਨ੍ਹਾਂ ਨਾਲ ਕੰਮ ਸਾਰ ਲੈਂਦੇ ਹਨ। ਇਸੇ ਕਰਕੇ ਅਸੀਂ ਆਪਣੇ ਦੇਸ਼ ਵਿੱਚ ਕੋਈ ਵੱਡੀਆਂ ਮੱਲਾਂ ਨਹੀਂ ਮਾਰ ਸਕੇ। ਜਦੋਂ ਭਾਰਤੀ ਨਾਗਰਿਕ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਪਿੱਛੋਂ ਉੱਥੇ ਹੀ ਨਵੀਆਂ ਖੋਜਾਂ ਕਰਦੇ ਹਨ ਤਾਂ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਹਨ। ਦੇਸ਼ ਵਿੱਚ ਵਰਤੀ ਜਾਂਦੀ ਬਹੁਤੀ ਤਕਨਾਲੋਜੀ ਵਿਦੇਸ਼ੀ ਗਿਆਨ ਦੀ ਹੀ ਨਕਲ ਹੈ। ਅਸੀਂ ਆਪਣੀਆਂ ਲੋੜਾਂ ਅਨੁਸਾਰ ਮਸ਼ੀਨਾਂ ਵਿਕਸਿਤ ਨਹੀਂ ਕਰ ਸਕੇ। ਦੇਸ਼ ਭਾਵੇਂ ਦੁਨੀਆ ਦੀ ਚੌਥੀ ਆਰਥਿਕ ਤਾਕਤ ਬਣ ਗਿਆ ਹੈ, ਪਰ ਖੁਸ਼ਹਾਲੀ ਅਤੇ ਭੁੱਖਮਰੀ ਦੇ ਹਿਸਾਬ ਨਾਲ ਅਸੀਂ ਬਹੁਤ ਪਿੱਛੇ ਹਾਂ। ਸਾਡੀ ਗਿਣਤੀ ਸੰਸਾਰ ਦੇ 100 ਵਿਕਸਿਤ ਦੇਸ਼ਾਂ ਵਿੱਚ ਨਹੀਂ ਆਉਂਦੀ। ਦੇਸ਼ ਭਗਤੀ, ਦੇਸ਼ ਪ੍ਰੇਮ, ਲੋਕ ਸੇਵਾ ਆਦਿ ਸ਼ਬਦ ਸਾਡੀ ਰਾਜਨੀਤੀ ਵਿੱਚੋਂ ਮਨਫ਼ੀ ਹੋ ਗਏ ਜਾਪਦੇ ਹਨ। ਇੱਥੋਂ ਤੱਕ ਕਿ ਧਰਮ ਪ੍ਰਚਾਰ ਵੀ ਰੁਜ਼ਗਾਰ ਬਣਦਾ ਜਾ ਰਿਹਾ ਹੈ। ਜਦੋਂ ਲੋਕ ਅਨਪੜ੍ਹ ਸਨ, ਗ਼ਰੀਬੀ ਸੀ, ਘਰਾਂ ਵਿੱਚ ਸੁਖ ਸਹੂਲਤਾਂ ਸੀਮਿਤ ਸਨ ਉਦੋਂ ਲੋਕੀਂ ਵਧੇਰੇ ਮਿਹਨਤੀ, ਸੰਤੋਖੀ ਅਤੇ ਵੰਡ ਛਕਣ ਵਾਲੇ ਸਨ। ਉਹ ਕੁਦਰਤ ਨਾਲ ਖਿਲਵਾੜ ਨਹੀਂ ਸਗੋਂ ਉਸ ਦਾ ਸਤਿਕਾਰ ਕਰਦੇ ਸਨ।

Advertisement

ਵਿਦਿਆ ਦੇ ਪਸਾਰ ਨਾਲ ਦੇਸ਼ ਦੇ ਨਾਗਰਿਕਾਂ ਵਿੱਚ ਲੋਕਰਾਜੀ ਅਤੇ ਸਮਾਜਿਕ ਕਦਰਾਂ ਕੀਮਤਾਂ ਵਿੱਚ ਵਾਧਾ ਹੋਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਇਸ ਦਾ ਵੱਡਾ ਕਾਰਨ ਰਾਜਨੀਤੀ ਵਿੱਚ ਆਇਆ ਨਿਘਾਰ ਹੈ। ਲੋਕਰਾਜ ਵਿੱਚ ਦੇਸ਼ ਦਾ ਰਾਜ ਪ੍ਰਬੰਧ ਚਲਾਉਣ ਦੇ ਢੰਗ ਤਰੀਕਿਆਂ ਆਧਾਰਿਤ ਰਾਜਸੀ ਪਾਰਟੀਆਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਆਪਣੇ ਇਸੇ ਵਿਕਾਸ ਏਜੰਡੇ ਉੱਤੇ ਚੋਣਾਂ ਲੜੀਆਂ ਜਾਂਦੀਆਂ ਹਨ। ਇਹ ਸੋਚ ਹੋਰ ਪਰਿਪੱਕ ਹੋਣ ਦੀ ਥਾਂ ਕਮਜ਼ੋਰ ਹੋ ਰਹੀ ਹੈ। ਸ਼ਾਇਦ ਹੀ ਕਿਸੇ ਪਾਰਟੀ ਕੋਲ ਕੋਈ ਠੋਸ ਵਿਕਾਸ ਏਜੰਡਾ ਹੋਵੇਗਾ। ਸਭਨਾਂ ਦਾ ਇੱਕੋ ਇੱਕ ਨਿਸ਼ਾਨਾ ਚੋਣ ਜਿੱਤਣਾ ਹੈ। ਚੋਣਾਂ ਸਮੇਂ ਆਪਣੇ ਵਿਕਾਸ ਏਜੰਡੇ ਦੇ ਆਧਾਰ ਉੱਤੇ ਚੋਣ ਪ੍ਰਚਾਰ ਕਰਨ ਦੀ ਥਾਂ ਇੱਕ-ਦੂਜੇ ਉੱਤੇ ਚਿੱਕੜ ਉਛਾਲਿਆ ਜਾਂਦਾ ਹੈ। ਇੱਕ-ਦੂਜੇ ਦੇ ਮੁਕਾਬਲੇ ਵੋਟਰਾਂ ਨੂੰ ਮੁਫ਼ਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ। ਧਰਮ ਅਤੇ ਜਾਤ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਵੋਟਰਾਂ ਨੂੰ ਸੌਗਾਤਾਂ ਵੰਡ ਕੇ ਵੀ ਵੋਟਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਆਜ਼ਾਦੀ ਪਿੱਛੋਂ ਬੜੀ ਤੇਜ਼ੀ ਨਾਲ ਧਾਰਮਿਕ ਅਸਥਾਨਾਂ ਅਤੇ ਪ੍ਰਚਾਰਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਪਰ ਇਹ ਲੋਕਾਂ ਨੂੰ ਧਾਰਮਿਕ ਅਸੂਲਾਂ ਨਾਲ ਜੋੜਨ ਦੀ ਥਾਂ ਉਨ੍ਹਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾਉਂਦੇ ਹਨ। ਇੱਕ-ਦੂਜੇ ਦੇ ਧਰਮ ਵਿਰੁੱਧ ਪ੍ਰਚਾਰ ਕਰਕੇ ਲੋਕਾਂ ਨੂੰ ਆਪਸ ਵਿੱਚ ਨਫ਼ਰਤ ਕਰਨਾ ਸਿਖਾਉਂਦੇ ਹਨ। ਵਿਕਾਸ ਪ੍ਰੋਜੈਕਟ ਬਣਾਉਣ ਸਮੇਂ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਿਆ ਜਾਂਦਾ। ਹੁਣ ਵਿਦਿਅਕ ਅਦਾਰਿਆਂ ਵੱਲ ਝਾਤ ਮਾਰਦੇ ਹਾਂ। ਬੜੀ ਤੇਜ਼ੀ ਨਾਲ ਨਿੱਜੀ ਖੇਤਰ ਵਿੱਚ ਸਕੂਲ ਤੇ ਕਾਲਜ ਹੋਂਦ ਵਿੱਚ ਆਏ ਹਨ। ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਵਧੀਆ ਵਿਦਿਆ ਲਈ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਇਆ ਜਾਵੇ। ਪੜ੍ਹਾਈ ਇੰਨੀ ਮਹਿੰਗੀ ਹੋ ਗਈ ਹੈ ਕਿ ਦੇਸ਼ ਦੀ ਬਹੁਗਿਣਤੀ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਭੇਜਣ ਬਾਰੇ ਸੋਚ ਵੀ ਨਹੀਂ ਸਕਦੀ। ਕੀ ਇਹ ਮਹਿੰਗੇ ਸਕੂਲ ਬੱਚਿਆਂ ਦੀ ਸਹੀ ਸ਼ਖ਼ਸੀਅਤ ਉਸਾਰੀ ਕਰ ਰਹੇ ਹਨ? ਸਕੂਲ ਵਿੱਚ ਬੱਚਿਆਂ ਨੂੰ ਟਿਊਸ਼ਨ ਰੱਖਣ ਲਈ ਮਜਬੂਰ ਕੀਤਾ ਜਾਂਦਾ ਹੈ ਕਿਉਂਕਿ ਸਕੂਲ ਵੱਲੋਂ ਅਧਿਆਪਕਾਂ ਨੂੰ ਘੱਟ ਤਨਖ਼ਾਹ ਮਿਲਦੀ ਹੈ ਤੇ ਉਨ੍ਹਾਂ ਨੂੰ ਅਜਿਹਾ ਕਰਨਾ ਪੈਂਦਾ ਹੈ। ਇੰਝ ਸਕੂਲ ਵਿੱਚ ਹੀ ਬੱਚੇ ਨਾਲ ਬੇਈਮਾਨੀ ਕੀਤੀ ਜਾਂਦੀ ਹੈ। ਸਕੂਲ ਦੀ ਵਰਦੀ ਅਤੇ ਕਿਤਾਬਾਂ ਖਰੀਦਣ ਲਈ ਵਿਸ਼ੇਸ਼ ਦੁਕਾਨਾਂ ਨਿਸ਼ਚਿਤ ਹਨ। ਬੱਚੇ ਸਵੇਰੇ ਸੱਤ ਵਜੇ ਤੋਂ ਲੈ ਕੇ ਰਾਤ ਦੇ ਸੱਤ ਵਜੇ ਤੱਕ ਭੱਜੇ ਫਿਰਦੇ ਹਨ। ਉਨ੍ਹਾਂ ਕੋਲ ਆਪਣੇ ਬਾਰੇ ਸੋਚਣ ਦਾ ਸਮਾਂ ਹੀ ਕਿੱਥੇ ਹੈ?

Advertisement

ਭਾਰਤ ਨੂੰ ਇਹ ਮਾਣ ਹਾਸਲ ਹੈ ਕਿ ਇੱਥੇ ਹਜ਼ਾਰਾਂ ਸਾਲ ਪਹਿਲਾਂ ਗੁਰੂਕੁਲ ਦੇ ਰੂਪ ਵਿੱਚ ਵਧੀਆ ਵਿਦਿਅਕ ਪ੍ਰਣਾਲੀ ਦਾ ਵਿਕਾਸ ਹੋਇਆ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਇੰਗਲੈਂਡ ਅਤੇ ਯੂਰੋਪ ਦੇ ਬਾਕੀ ਦੇਸ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ 18ਵੀਂ ਸਦੀ ਦੇ ਵਿਦਿਅਕ ਪ੍ਰਬੰਧ ਤੋਂ ਪ੍ਰਭਾਵਿਤ ਹੋ ਕੇ ਆਪਣੇ ਦੇਸ਼ਾਂ ਵਿੱਚ ਅਜਿਹੀ ਹੀ ਵਿਦਿਅਕ ਪ੍ਰਣਾਲੀ ਅਪਣਾਈ, ਜਿਸ ਸਦਕਾ ਉਨ੍ਹਾਂ ਸਾਰੀ ਦੁਨੀਆ ਉੱਤੇ ਰਾਜ ਕੀਤਾ। ਹੁਣ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵਧੀਆ ਮਹਾਰਾਜਾ ਮੰਨਿਆ ਗਿਆ ਹੈ। ਚੀਨ, ਜਪਾਨ, ਸਿੰਘਾਪੁਰ, ਵੀਅਤਨਾਮ ਆਦਿ ਦੇਸ਼ਾਂ ਦੇ ਲੋਕ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਸਮਝਦੇ ਹਨ। ਪੰਜਾਬ ਵਿੱਚ ਆਏ ਹੜ੍ਹਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਪਾਣੀ ਦੇ ਵਗਣ ਦੇ ਕੁਦਰਤੀ ਰਾਹਾਂ ਨੂੰ ਰੋਕ ਕੇ ਉਨ੍ਹਾਂ ਉੱਤੇ ਉਸਾਰੀਆਂ ਕਰ ਲਈਆਂ ਹਨ। ਦਰਿਆਵਾਂ ਕੰਢੇ ਬਣੇ ਬੰਨ੍ਹਾਂ ਦੀ ਸਾਂਭ-ਸੰਭਾਲ ਦਾ ਜ਼ਿੰਮਾ ਕੇਵਲ ਸਰਕਾਰ ਦਾ ਹੀ ਸਮਝਿਆ ਜਾਂਦਾ ਹੈ ਤੇ ਬਹੁਤੇ ਸਰਕਾਰੀ ਕਰਮਚਾਰੀ ਚੋਖਾ ਕਾਰਜ ਕੇਵਲ ਕਾਗਜ਼ਾਂ ਵਿੱਚ ਹੀ ਕਰਦੇ ਹਨ।

ਜੇਕਰ ਅਸੀਂ ਭਾਰਤ ਨੂੰ 2047 ਤੱਕ ਸੰਸਾਰ ਦਾ ਵਿਕਸਿਤ ਦੇਸ਼ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਵਿਦਿਅਕ ਢਾਂਚੇ ਨੂੰ ਆਪਣੀਆਂ ਲੋੜਾਂ ਅਨੁਸਾਰ ਉਸਾਰਨਾ ਪਵੇਗਾ। ਸਾਰੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਜ਼ਰੂਰੀ ਹੈ। ਇੱਥੇ ਬੱਚਿਆਂ ਨੂੰ ਪੜ੍ਹਨਾ ਲਿਖਣਾ ਸਿਖਾਉਣ ਦੇ ਨਾਲ ਨਾਲ ਸਮਾਜਿਕ ਕਦਰਾਂ-ਕੀਮਤਾਂ ਅਤੇ ਕਿਰਤ ਦਾ ਸਤਿਕਾਰ ਕਰਨਾ ਸਿਖਾਇਆ ਜਾਵੇ। ਬਹੁਤਾ ਸਮਾਂ ਬੱਚਿਆਂ ਦੀ ਸੁਚੱਜੀ ਸ਼ਖ਼ਸੀਅਤ ਉਸਾਰੀ ਵੱਲ ਲਗਾਇਆ ਜਾਵੇ। ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਨੂੰ ਹੁਨਰੀ ਬਣਾਇਆ ਜਾਵੇ ਤਾਂ ਜੋ ਪੜ੍ਹਾਈ ਪੂਰੀ ਕਰਨ ਪਿੱਛੋਂ ਉਹ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ। ਅਜਿਹਾ ਕਾਰਜ ਅਸੰਭਵ ਨਹੀਂ ਹੈ ਬਸ ਦ੍ਰਿੜ੍ਹ ਇਰਾਦੇ ਅਤੇ ਨੇਕਨੀਅਤੀ ਦੀ ਲੋੜ ਹੈ। ਪੰਜਾਬ ਵਿੱਚ ਇਸ ਪਾਸੇ ਕਈ ਸਫ਼ਲ ਤਜਰਬੇ ਕੀਤੇ ਗਏ ਹਨ, ਪਰ ਅਫ਼ਸੋਸ ਕਿਸੇ ਵੀ ਸਰਕਾਰ ਜਾਂ ਸਵੈ-ਸੇਵੀ ਸੰਸਥਾਵਾਂ ਨੇ ਅਜਿਹੇ ਹੋਰ ਸਕੂਲ ਉਸਾਰਨ ਦਾ ਯਤਨ ਨਹੀਂ ਕੀਤਾ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਿਆੜਕੀ ਦੇ ਸਕੂਲ ਦੀ ਮਿਸਾਲ ਸਾਹਮਣੇ ਹੈ, ਜਿੱਥੇ ਬੱਚੇ ਸਾਰਾ ਕੰਮ ਆਪ ਕਰਦੇ ਹਨ, ਇੰਝ ਵਿਦਿਆ ਮੁਫ਼ਤ ਵਰਗੀ ਹੈ। ਬੱਚੇ ਇਮਾਨਦਾਰੀ ਅਤੇ ਮਿਹਨਤ ਦੀ ਮਿਸਾਲ ਹਨ। ਕਦੇ ਕਿਸੇ ਬੱਚੇ ਨੇ ਇਮਤਿਹਾਨ ਵਿੱਚ ਨਕਲ ਨਹੀਂ ਮਾਰੀ, ਪਰ ਨਤੀਜਾ ਬਹੁਤ ਹੀ ਵਧੀਆ ਆਉਂਦਾ ਹੈ। ਪੰਜਾਬ ਦੇਸ਼ ਦਾ ਰਾਹਦਸੇਰਾ ਹੈ। ਵਿਦਿਅਕ ਸੁਧਾਰਾਂ ਦੀ ਮੁਹਿੰਮ ਵੀ ਪੰਜਾਬ ਵਿੱਚੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ।

Advertisement
×