ਲਾਲ ਕਿਲ੍ਹਾ ਧਮਾਕਾ: ਕੁਝ ਸਵਾਲ, ਕੁਝ ਸਬਕ
ਨਵੀਂ ਦਿੱਲੀ ’ਚ ਹੋਏ ਕਾਰ ਧਮਾਕੇ ਨੂੰ ਕੁਝ ਅਰਸਾ ਬੀਤ ਗਿਆ ਹੈ। ਇਸ ਘਟਨਾ ਨੂੰ ਇੰਨਾ ਕੁ ਸਮਾਂ ਲੰਘ ਗਿਆ ਹੈ ਕਿ ਜਾਂਚ ਹੁਣ ਦਿਸ਼ਾ ਅਤੇ ਰਫ਼ਤਾਰ ਫੜ ਗਈ ਹੈ। ਵੱਖੋ ਵੱਖਰੇ ਨੁਕਤਿਆਂ ਦੀ ਵਿਆਖਿਆ ਅਤੇ ਖੁਲਾਸਿਆਂ ਲਈ ਵੀ ਕਾਫ਼ੀ ਸਮਾਂ ਮਿਲ ਗਿਆ ਹੈ। ਲਾਲ ਕਿਲ੍ਹੇ ਨੇੜੇ ਹੋਇਆ ਧਮਾਕਾ ਹੈਰਾਨੀਜਨਕ ਤੇ ਦਿਲ ਦਹਿਲਾ ਦੇਣ ਵਾਲਾ ਸੀ।
ਇਸ ਕਾਰਨ ਇਹੋ ਗੱਲ ਮਨ ਵਿੱਚ ਆਉਂਦੀ ਹੈ ਕਿ ਇਸ ਲਈ ਯੋਜਨਾ ਲੰਮੇ ਸਮੇਂ ਤੋਂ ਘੜੀ ਜਾ ਰਹੀ ਸੀ; ਪੇਸ਼ੇਵਰ ਵਿਅਕਤੀਆਂ (ਜਿਨ੍ਹਾਂ ’ਚ ਬਹੁਤੇ ਡਾਕਟਰ ਸਨ) ਨੂੰ ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਮਾਨਸਿਕ ਤੌਰ ’ਤੇ ਤਿਆਰ ਕੀਤਾ ਗਿਆ ਅਤੇ ਅਜਿਹਾ ਕਰਨ ਵਿੱਚ ਸਮਾਂ ਲੱਗਦਾ ਹੈ। ਉੱਚ-ਪੱਧਰੀ ਵਿਸਫੋਟਕ ਬਣਾਉਣ ਲਈ ਸਮੱਗਰੀ ਇਕੱਠੀ ਕੀਤੀ ਗਈ ਅਤੇ ਉਪਲਬਧ ਰਸਾਇਣਾਂ ਤੋਂ ਬੰਬ ਬਣਾਉਣ ਦੀ ਸਿਖਲਾਈ ਦਿੱਤੀ ਗਈ (ਇਹ ਕੰਮ ਓਨਾ ਸੌਖਾ ਨਹੀਂ ਜਿੰਨਾ ਫਿਲਮਾਂ ’ਚ ਦਿਖਾਇਆ ਜਾਂਦਾ ਹੈ, ਸਗੋਂ ਇਸ ਕੰਮ ਲਈ ਬਹੁਤ ਮੁਹਾਰਤ ਚਾਹੀਦੀ ਹੈ)। ਨਿਸ਼ਾਨਿਆਂ ਦੀ ਚੋਣ ਤੇ ਥਾਵਾਂ ਦੀ ਰੇਕੀ ਕੀਤੀ ਗਈ ਅਤੇ ਵੱਖ-ਵੱਖ ਖਿੱਤਿਆਂ ’ਚ ਵੱਡੇ ਧਮਾਕੇ ਇੱਕੋ ਵੇਲੇ ਕਰਨ ਲਈ ਪੂਰਾ ਜਾਲ ਬੁਣਿਆ ਗਿਆ।
ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਇਸ ਵਾਰ ਸਾਡੀ ਪੁਲੀਸ ਅਤੇ ਖ਼ੁਫ਼ੀਆ ਏਜੰਸੀਆਂ ਦੀਆਂ ਅੱਖਾਂ ’ਤੇ ਵੀ ਪੱਟੀ ਬੱਝੀ ਰਹੀ, ਜੋ ਇਸ ਬਹੁਤ ਖ਼ਤਰਨਾਕ ਦੁਸ਼ਮਣ ਸੰਗਠਨ ਦੀ ਸਾਜ਼ਿਸ਼ ਅਤੇ ਸਰਗਰਮੀਆਂ ਨੂੰ ਦੇਖ ਨਾ ਸਕੀਆਂ। ਜੰਮੂ ਕਸ਼ਮੀਰ ਪੁਲੀਸ ਵੱਲੋਂ ਵੱਡੀ ਮਾਤਰਾ ’ਚ ਫੜੇ ਗਏ ਅਮੋਨੀਅਮ ਨਾਈਟਰੇਟ ਨੇ ਹੀ ਹੌਲੀ ਹੌਲੀ ਦਹਿਸ਼ਤਗਰਦਾਂ ਦੇ ਵੱਡੇ ਗੁੰਝਲਦਾਰ ਤਾਣੇ-ਬਾਣੇ ਅਤੇ ਦਿੱਲੀ ਤੇ ਹੋਰ ਥਾਵਾਂ ’ਤੇ ਗੜਬੜ ਕਰਨ ਦੀਆਂ ਨਫ਼ਰਤੀ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤਾ।
ਜਾਪਦਾ ਹੈ ਕਿ ਇਹ ਦਹਿਸ਼ਤਗਰਦ ਤੁਰਕੀ ਅਤੇ ਪਾਕਿਸਤਾਨ ਵਿਚਲੇ ਹੈਂਡਲਰਾਂ ਨਾਲ ਤਾਲਮੇਲ ਕਰਕੇ ਆਪਣੇ ਕੰਮ ਕਰ ਰਹੇ ਸਨ। ਇਸ ਸਰਗਰਮੀ ਦਾ ਕੇਂਦਰ ਫਰੀਦਾਬਾਦ ਦਾ ਅਲ ਫਲਾਹ ਮੈਡੀਕਲ ਕਾਲਜ ਜਾਪਦਾ ਹੈ ਅਤੇ ਇਸ ਦਾ ਮੁੱਢ ਕਥਿਤ ਤੌਰ ’ਤੇ ਕਸ਼ਮੀਰ ਵਿੱਚ ਬੱਝਿਆ। ਕੁਝ ਕਾਰਨਾਂ ਕਰਕੇ ਉੱਚੇ ਅਹੁਦਿਆਂ ’ਤੇ ਬੈਠੇ ਵਿਅਕਤੀ ਜੰਮੂ ਤੇ ਕਸ਼ਮੀਰ ਵਿੱਚੋਂ ਮੁਕਾਮੀ ਦਹਿਸ਼ਤਗਰਦਾਂ ਦੇ ਖ਼ਤਮ ਹੋਣ ਦੇ ਦਾਅਵੇ ਕਰਦੇ ਹਨ। ਜ਼ਾਹਰ ਹੈ ਕਿ ਉਹ ਹੁਣ ਹੱਕੇ-ਬੱਕੇ ਰਹਿ ਗਏ ਹਨ ਅਤੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਤੇ ਨਾਲ ਹੀ ਜੰਮੂ ਕਸ਼ਮੀਰ, ਹਰਿਆਣਾ, ਉੱਤਰ ਪ੍ਰਦੇਸ਼ ਆਦਿ ’ਚੋਂ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ। ਪ੍ਰਤੱਖ ਹੈ ਕਿ ਇਹ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਧਮਾਕੇ ਸਬੰਧੀ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਕੀਤੀ ਪੁੱਛ-ਪੜਤਾਲ ਦਾ ਸਿੱਟਾ ਹਨ।
ਮੈਨੂੰ ਫ਼ਿਕਰ ਇਹ ਹੈ ਕਿ ਪੇਸ਼ੇਵਰ ਵਿਅਕਤੀਆਂ ਨੂੰ ਸੰਕਲਪ ਤੋਂ ਲੈ ਕੇ ਮਾਨਸਿਕ ਤੌਰ ’ਤੇ ਇਸ ਲਈ ਤਿਆਰ ਕਰਨਾ, ਰਸਾਇਣਾਂ ਦੀ ਖ਼ਰੀਦ, ਨਿਸ਼ਾਨਿਆਂ ਦੀ ਚੋਣ ਅਤੇ ਵਿਅਕਤੀਆਂ ਤੇ ਸਮੱਗਰੀ ਨੂੰ ਥਾਉਂ-ਥਾਈਂ ਪਹੁੰਚਾਉਣ ਦਾ ਕੰਮ ਗੁੰਝਲਦਾਰ ਤੇ ਸਮਾਂ ਲੈਣ ਵਾਲਾ ਹੋਣ ਕਾਰਨ ਇਸ ਨੂੰ ਲੁਕਵੇਂ ਢੰਗ ਨਾਲ ਹੀ ਅੰਜਾਮ ਦਿੱਤਾ ਜਾਣਾ ਸੀ। ਜ਼ਿਆਦਾਤਰ ਕੰਮ ਮੁਕੰਮਲ ਹੋ ਚੁੱਕਿਆ ਸੀ ਅਤੇ ਆਖ਼ਰੀ ਪੜਾਅ ਨੇੜੇ ਹੀ ਸੀ, ਪਰ ਸਾਨੂੰ ਇਸ ਬਾਰੇ ਕੰਨੋ-ਕੰਨ ਖ਼ਬਰ ਤੱਕ ਨਾ ਹੋਈ...। ਅਸੀਂ ਖੁਸ਼ਕਿਸਮਤ ਰਹੇ ਕਿ ਬਚਾਅ ਹੋ ਗਿਆ। ਇਹ ਵੀ ਧਿਆਨ ਦੇਣ ਯੋਗ ਹੈ ਕਿ ਸ਼ੁਰੂਆਤ ਵਿੱਚ ਇਸ ਬਾਰੇ ਜੰਮੂ ਕਸ਼ਮੀਰ ਪੁਲੀਸ ਰਾਹੀਂ ਪਤਾ ਲੱਗਿਆ ਜਿਸ ਨੇ ਫਰੀਦਾਬਾਦ ਵਿੱਚ ਇੰਨੀ ਵੱਡੀ ਖੇਪ ਦਾ ਪਤਾ ਲਗਾਇਆ। ਇਹੋ ਚੰਗਾ ਪੁਲੀਸ ਤੰਤਰ ਹੁੰਦਾ ਹੈ।
ਮਨ ਵਿੱਚ ਅਗਲਾ ਸਵਾਲ ਇਹੋ ਆਉਂਦਾ ਹੈ: ਇਹੋ ਜਿਹੇ ਹੋਰ ਕਿੰਨੇ ਸੈੱਲ ਹਨ? ਉਨ੍ਹਾਂ ਵਿੱਚ ਕੌਣ-ਕੌਣ ਸ਼ਾਮਿਲ ਹਨ ਅਤੇ ਉਨ੍ਹਾਂ ਦੇ ਨਿਸ਼ਾਨੇ ਹੋਰ ਕਿਹੜੇ ਹੋ ਸਕਦੇ ਹਨ? ਇਨ੍ਹਾਂ ਕਾਰਵਾਈਆਂ ਦੇ ਸਿਖਰਲੇ ਸਾਜ਼ਿਸ਼ਘਾੜੇ ਕੌਣ ਹਨ? ਉਮੀਦ ਹੈ ਕਿ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਲਈ ਸਾਡੇ ਦੇਸ਼ ਦੇ ਸਬੰਧਿਤ ਅਧਿਕਾਰੀ ਅਤੇ ਸੰਸਥਾਵਾਂ ਲਗਾਤਾਰ ਕੰਮ ਕਰ ਰਹੇ ਹੋਣਗੇ ਕਿਉਂਕਿ ਦਹਿਸ਼ਤਗਰਦਾਂ ਦੀ ਯੋਜਨਾ ਸਿਰੇ ਚੜ੍ਹਨ ਦਾ ਤਸੱਵਰ ਕਰਨਾ ਹੀ ਬਹੁਤ ਦੁਖਦਾਈ ਹੈ। ਹੁਣ ਹਾਲਾਤ ਵਧੇਰੇ ਨਾਜ਼ੁਕ ਹਨ, ਅਜਿਹੀ ਹੋਰ ਕਾਰਵਾਈ ਕੀਤੇ ਜਾਣ ਦਾ ਵੀ ਖ਼ਦਸ਼ਾ ਹੈ। ਸਾਨੂੰ ਸਿਰਫ਼ ਆਪਣੇ ਮੁਲਕ ਅੰਦਰ ਹੀ ਦਹਿਸ਼ਤਗਰਦਾਂ ਦੀ ਪੈੜ ਨਹੀਂ ਨੱਪਣੀ ਚਾਹੀਦੀ ਸਗੋਂ ਆਪਣੇ ਗੁਆਂਢੀ ਮੁਲਕਾਂ ’ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ।
ਪਾਕਿਸਤਾਨੀ ਹਮੇਸ਼ਾ ਸਰਗਰਮ ਰਹੇ ਹਨ ਅਤੇ ਪ੍ਰਤੱਖ ਅਮਰੀਕੀ ਹਮਾਇਤ ਨਾਲ ਉਹ ਤਣ ਗਏ ਲੱਗਦੇ ਹਨ; ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਜੰਮੂ ਕਸ਼ਮੀਰ ਅਤੇ ਹੋਰ ਸੂਬਿਆਂ ’ਚ ਵੀ ਪਾਕਿਸਤਾਨ ਦੇ ਦਹਿਸ਼ਤੀ ਨੈੱਟਵਰਕ ਹਨ। ਉੱਤਰੀ ਭਾਰਤ ਵਿੱਚੋਂ ਫੜੀ ਜਾ ਰਹੀ ਸਮੱਗਰੀ ਸਬੰਧੀ ਰਿਪੋਰਟਾਂ ਨਾਲ ਅਖ਼ਬਾਰ ਭਰੇ ਪਏ ਹਨ। ਇਸ ਦੇ ਨਾਲ ਹੀ ਬੰਗਲਾਦੇਸ਼ ਨਾਲ ਵੈਰ ਭਾਵ ਅਤੇ ਇਸ ਨਾਲ ਲੱਗਦੀ ਸਰਹੱਦ ਬਹੁਤੀ ਸੁਰੱਖਿਅਤ ਨਾ ਹੋਣ ਕਾਰਨ ਸਮੱਸਿਆ ਕਈ ਗੁਣਾ ਵੱਡੀ ਹੈ। ਸਾਨੂੰ ਉੱਤਰ-ਪੂਰਬ ਵਾਲੇ ਪਾਸਿਉਂ ਵੀ ਚੌਕਸ ਰਹਿਣਾ ਚਾਹੀਦਾ ਹੈ।
ਤੁਰਕੀ ਦਾ ਨਾਂ ਮੀਡੀਆ ’ਚ ਆਉਣਾ ਨਵਾਂ ਤੇ ਹੈਰਾਨੀਜਨਕ ਤੱਥ ਹੈ। ਇਹ ਜੰਮੂ ਕਸ਼ਮੀਰ ਦੇ ਮਾਮਲੇ ਵਿੱਚ ਪਾਕਿਸਤਾਨ ਦਾ ਹਮਾਇਤੀ ਰਿਹਾ ਹੈ ਪਰ ਪਹਿਲੀ ਵਾਰ ਇਹ ਦੋਸ਼ ਲਗਾਏ ਗਏ ਹਨ ਕਿ ਦਹਿਸ਼ਤਗਰਦ ਆਪਣੇ ਆਕਾਵਾਂ ਨੂੰ ਮਿਲਣ ਲਈ ਤੁਰਕੀ ਗਏ ਸਨ... ਇਸ ਪਾਸੇ ਬਹੁਤ ਧਿਆਨ ਦੇਣ ਦੀ ਲੋੜ ਹੈ।
ਮੈਂ ਜਾਣਬੁੱਝ ਕੇ ਚੀਨ ਦਾ ਜ਼ਿਕਰ ਨਹੀਂ ਕੀਤਾ, ਜੋ ਹਮੇਸ਼ਾ ਵਾਂਗ ਅਭੇਦ ਅਤੇ ਰਹੱਸਮਈ ਹੈ, ਪਰ ਇਹ ਗੱਲ ਪੱਕੀ ਹੈ ਕਿ ਚੀਨ ਸਾਡੇ ਪੱਖ ਵਿੱਚ ਨਹੀਂ ਹੈ। ਇਸ ਲਈ ਕੁੱਲ ਮਿਲਾ ਕੇ ਜਾਂਚ ਦੇ ਵਧੀਆ ਨਤੀਜੇ ਨਿਕਲ ਰਹੇ ਹਨ ਅਤੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋ ਗਿਆ ਹੈ। ਸਮਾਂ ਰਹਿੰਦਿਆਂ ਫਰੀਦਾਬਾਦ ਤੋਂ ਖੇਪ ਮਿਲਣ ਕਾਰਨ ਸਾਡਾ ਵੱਡੇ ਦੁਖਾਂਤ ਤੋਂ ਬਚਾਅ ਹੋ ਗਿਆ ਹੈ। ਫਿਰ ਵੀ ਸਾਨੂੰ ਆਪਣੇ ਦੇਸ਼ ਅੰਦਰ ਸਪੱਸ਼ਟ ਗੱਲ ਕਰਨ ਦੇ ਨਾਲ ਨਾਲ ਆਪਣੀਆਂ ਖ਼ਾਮੀਆਂ ਬਾਰੇ ਮੰਨਣਾ ਚਾਹੀਦਾ ਹੈ। ਸਭ ਤੋਂ ਉੱਚੇ ਸਿਆਸੀ ਅਤੇ ਪੇਸ਼ੇਵਰ ਅਹੁਦਿਆਂ ’ਤੇ ਤਾਇਨਾਤ ਵਿਅਕਤੀਆਂ ਦੇ ਦਖ਼ਲ ਰਾਹੀਂ ਹੀ ਅਜਿਹਾ ਹੋ ਸਕਦਾ ਹੈ। ਦੇਸ਼ ਦੀ ਸੁਰੱਖਿਆ ਤੋਂ ਅਹਿਮ ਹੋਰ ਕੁਝ ਵੀ ਨਹੀਂ ਹੈ ਅਤੇ ਇਸ ਦੀ ਸੁਰੱਖਿਆ ਲਈ ਸਮੇਂ ਸਿਰ ਕਾਰਵਾਈ ਕਰਨ ਵਾਲੀ ਪੁਲੀਸ ਅਤੇ ਖ਼ੁਫ਼ੀਆ ਤੰਤਰ ਤੋਂ ਬਿਹਤਰ ਹੋਰ ਕੋਈ ਜ਼ਰੀਆ ਨਹੀਂ ਹੋ ਸਕਦਾ।
ਸਾਡੇ ਦੇਸ਼ ਜਿਹੇ ਗੁੰਝਲਦਾਰ ਅਤੇ ਵੱਡੇ ਮੁਲਕ ਨੂੰ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਹੀ ਪਵੇਗਾ। ਇਨ੍ਹਾਂ ਚੁਣੌਤੀਆਂ ਨਾਲ ਕੂਟਨੀਤਕ ਤੇ ਫ਼ੌਜ ਤਾਕਤ ਪੱਖੋਂ ਮਜ਼ਬੂਤ ਹੋ ਕੇ ਹੀ ਸਿੱਝਣਾ ਪਵੇਗਾ ਕਿਉਂਕਿ ਉਹ ਜਿੱਤਾਂ ਸਦਾ ਬਿਹਤਰੀਨ ਹੁੰਦੀਆਂ ਹਨ ਜਿਨ੍ਹਾਂ ਲਈ ਜੰਗ ਨਹੀਂ ਲੜਨੀ ਪੈਂਦੀ। ਸੁਨ ਜ਼ੂ ਨੇ ਕਿਹਾ ਸੀ: ‘‘ਜੇਕਰ ਤੁਸੀਂ ਦੁਸ਼ਮਣ ਨੂੰ ਅਤੇ ਆਪਣੇ ਆਪ ਨੂੰ ਜਾਣਦੇ ਹੋ ਤਾਂ ਤੁਹਾਨੂੰ ਸੌ ਜੰਗਾਂ ਦੇ ਸਿੱਟਿਆਂ ਤੋਂ ਵੀ ਡਰਨ ਦੀ ਲੋੜ ਨਹੀਂ। ਜੇ ਤੁਸੀਂ ਆਪਣੇ ਆਪ ਨੂੰ ਤਾਂ ਜਾਣਦੇ ਹੋ, ਪਰ ਦੁਸ਼ਮਣ ਨੂੰ ਨਹੀਂ ਜਾਣਦੇ ਤਾਂ ਜਿੱਤ ਹਾਸਲ ਕਰਨ ਲਈ ਤੁਹਾਨੂੰ ਹਾਰ ਵੀ ਝੱਲਣੀ ਪਵੇਗੀ। ਜੇਕਰ ਤੁਸੀਂ ਨਾ ਤਾਂ ਖ਼ੁਦ ਨੂੰ ਅਤੇ ਨਾ ਹੀ ਦੁਸ਼ਮਣ ਨੂੰ ਜਾਣਦੇ ਹੋ ਤਾਂ ਤੁਸੀਂ ਹਰ ਜੰਗ ਹਾਰ ਜਾਉਗੇ।’’ ਇਸ ਸਮੁੱਚੀ ਸਥਿਤੀ ਦਾ ਸਫ਼ਲਤਾ ਨਾਲ ਟਾਕਰਾ ਕਰਨ ਲਈ ਜ਼ਰੂਰੀ ਹੈ ਕਿ ਥਾਣਾ ਪੱਧਰ ’ਤੇ ਪੁਲੀਸ ਦੀ ਕਾਰਗੁਜ਼ਾਰੀ ਪ੍ਰਭਾਵਸ਼ਾਲੀ ਹੋਵੇ ਅਤੇ ਸਾਡੇ ਖ਼ੁਫ਼ੀਆ ਤੰਤਰ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਜਿਹੀ ਹੋਵੇ, ਜਿਸ ’ਤੇ ਫੌਰੀ ਢੁੱਕਵਾਂ ਅਮਲ ਕੀਤਾ ਜਾ ਸਕੇ।
ਦੇਸ਼ ਦੀ ਗੱਲ ਕਰੀਏ ਤਾਂ ਸਾਨੂੰ ਥਾਣਿਆਂ ਦਾ ਵਿਆਪਕ ਨੈੱਟਵਰਕ ਮਜ਼ਬੂਤ ਕਰਨਾ ਪਵੇਗਾ ਕਿਉਂਕਿ ਇਹ ਸਾਡੇ ਸੁਰੱਖਿਆ ਨੈੱਟਵਰਕ ਦਾ ਕੇਂਦਰ ਹਨ। ਅਸੀਂ ਪੰਜਾਬ ਅਤੇ ਜੰਮੂ ਕਸ਼ਮੀਰ ’ਚ ਦੇਖਿਆ ਹੈ ਕਿ ਉੱਚੇ ਮਨੋਬਲ ਵਾਲੀ ਸਰਗਰਮ ਪੁਲੀਸ ਹੀ ਦਹਿਸ਼ਤਗਰਦੀ ਦਾ ਸਭ ਤੋਂ ਢੁੱਕਵਾਂ ਜਵਾਬ ਹੈ ਕਿਉਂਕਿ ਉਹ ਉਸੇ ਧਰਤੀ ਦੇ ਪੁੱਤਰ ਹੁੰਦੇ ਹਨ ਅਤੇ ਜ਼ਮੀਨੀ ਪੱਧਰ ਦੀਆਂ ਸਰਗਰਮੀਆਂ ਤੇ ਕਾਰਕੁਨਾਂ ਬਾਰੇ ਜਾਣਦੇ ਹੁੰਦੇ ਹਨ। ਉਨ੍ਹਾਂ ਦਾ ਮਨੋਬਲ ਉੱਚਾ ਚੁੱਕਣ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਭੰਡਣ ਦੀ ਲੋੜ ਨਹੀਂ ਹੁੰਦੀ- ਇਹੋ ਚੰਗੀ ਲੀਡਰਸ਼ਿਪ ਦੇ ਗੁਣ ਹੁੰਦੇ ਹਨ।
ਭਾੜੇ ਦੇ ਵਿਦੇਸ਼ੀ ਦਹਿਸ਼ਤਗਰਦਾਂ ਦੀ ਮੌਜੂਦਗੀ ਤੇ ਸਰਗਰਮੀ ਵੀ ਮੁਕਾਮੀ ਵਸੋਂ ਅਤੇ ਪੁਲੀਸ ਦੀਆਂ ਨਜ਼ਰਾਂ ’ਚ ਆ ਜਾਂਦੀ ਹੈ। ਇਸ ਲਈ ਪੁਲੀਸ ਤੇ ਸਿਆਸੀ ਲੀਡਰਸ਼ਿਪ ਦੇ ਨਾਲ ਨਾਲ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ। ਰਾਸ਼ਟਰੀ ਸੁਰੱਖਿਆ ਦੀਆਂ ਲੋੜਾਂ ਸਰਬਉੱਚ ਹਨ। ਇਨ੍ਹਾਂ ਲੋੜਾਂ ਦੀ ਪੂਰਤੀ ਲਈ ਸਾਰੀਆਂ ਪਾਰਟੀਆਂ ਨੂੰ ਇਸ ਸਥਿਤੀ ਨਾਲ ਸਿੱਝਣ ਸਬੰਧੀ ਰਾਸ਼ਟਰੀ ਸਹਿਮਤੀ ਬਣਾਉਣੀ ਚਾਹੀਦੀ ਹੈ।
* ਸਾਬਕਾ ਰਾਜਪਾਲ, ਮਨੀਪੁਰ ਅਤੇ ਸਾਬਕਾ ਡੀਜੀਪੀ ਜੰਮੂ ਕਸ਼ਮੀਰ।
