DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੌਲਿਕ ਖੋਜ ਸਮੇਂ ਦੀ ਲੋੜ

ਇਹ ਦੇਖ ਕੇ ਮੈਨੂੰ ਸੱਚਮੁੱਚ ਬਹੁਤ ਦੁੱਖ ਹੁੰਦਾ ਹੈ ਕਿ ਭਾਰਤ ਵਿੱਚ ਇੱਕ ਚੰਗੇ ਕਾਲਜ/ਯੂਨੀਵਰਸਿਟੀ ਨੂੰ ਪੂਰਬ ਦਾ ‘ਔਕਸਫੋਰਡ’ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸਾਨੂੰ ਯੂਰੋਪੀਅਨ/ਅਮਰੀਕੀ ਫੈਸ਼ਨ ਦੀ ਨਕਲ ਕਰਨਾ ਪਸੰਦ ਹੈ; ਅਤੇ ਸਾਡੀਆਂ ਜ਼ਿਆਦਾਤਰ ਤਕਨੀਕੀ/ਕਾਰੋਬਾਰੀ ਖੋਜਾਂ ਮੌਲਿਕ ਕਾਢਾਂ ਹੋਣ ਦੀ ਬਜਾਏ ਚੀਨ ਜਾਂ ਪੱਛਮ ਦੀ ਤਰਜ਼ ’ਤੇ ਆਧਾਰਿਤ ਹਨ।

  • fb
  • twitter
  • whatsapp
  • whatsapp
Advertisement

ਮੈਨੂੰ ਜਦੋਂ ਹਾਲ ਹੀ ਵਿੱਚ ਦੇਸ਼ ਦੀ ਰਾਜਧਾਨੀ ਵਿੱਚ ਹੋਏ ‘ਇੰਡੀਆ ਏ ਆਈ ਇੰਪੈਕਟ ਸਮਿੱਟ’ ਵਿੱਚ ਗਲਗੋਟੀਆ ਯੂਨੀਵਰਸਿਟੀ ਦੀ ਇੱਕ ਪ੍ਰੋਫੈਸਰ ਨਾਲ ਜੁੜੇ ਵਿਵਾਦ ਬਾਰੇ ਪਤਾ ਲੱਗਿਆ ਤਾਂ ਮੈਨੂੰ ਕੋਈ ਹੈਰਾਨੀ ਨਾ ਹੋਈ। ਹਾਂ, ਪ੍ਰੋਫੈਸਰ ਨੇਹਾ ਸਿੰਘ ਨੂੰ ਆਪਣੀ ਯੂਨੀਵਰਸਿਟੀ ਦੀਆਂ ‘ਪ੍ਰਾਪਤੀਆਂ’ ਨੂੰ ਪ੍ਰਦਰਸ਼ਿਤ ਕਰਨ ਲਈ ਝੂਠੇ ਦਾਅਵੇ ਕਰਨ ਵਿੱਚ ਕੋਈ ਝਿਜਕ ਨਹੀਂ ਸੀ ਹੋਈ। ਅਸੀਂ ਸਭ ਨੇ ਉਸ ਨੂੰ ਸਰਕਾਰੀ ਚੈਨਲ ਡੀ ਡੀ ਨਿਊਜ਼ ਦੇ ਪੱਤਰਕਾਰ ਨੂੰ ਇਹ ਕਹਿੰਦਿਆਂ ਸੁਣਿਆ ਕਿ ‘ਓਰਾਇਨ’ ਨਾਮ ਦਾ ਰੋਬੋਟਿਕ ਕੁੱਤਾ ਯੂਨੀਵਰਸਿਟੀ ਦੇ ਸੈਂਟਰ ਔਫ ਐਕਸੀਲੈਂਸ ਵਿੱਚ ਵਿਕਸਿਤ ਕੀਤਾ ਗਿਆ ਸੀ। ਉਸ ਦਾ ਇਹ ਵਿਹਾਰ ਕਾਰਪੋਰੇਟ ਕੰਪਨੀਆਂ ਦੁਆਰਾ ਆਪਣੇ ਉਤਪਾਦਾਂ ਨੂੰ ਵੇਚਣ ਲਈ ਰੱਖੇ ਗਏ ‘ਘਾਗ’ ਸੇਲਜ਼ਪਰਸਨਜ਼ ਜਿਹਾ ਸੀ। ਹਾਲਾਂਕਿ, ਤਲਖ਼ ਹਕੀਕਤ ਇਹ ਹੈ ਕਿ ਇਹ ਰੋਬੋਟ ਇੱਕ ਚੀਨੀ ਰੋਬੋਟਿਕਸ ਕੰਪਨੀ ‘ਯੂਨੀਟਰੀ’ ਦੀ ਕਾਢ ਹੈ ਅਤੇ ਇਹ ਭਾਰਤ ਵਿੱਚ ਵੀ ਔਨਲਾਈਨ ਖਰੀਦਿਆ ਜਾ ਸਕਦਾ ਹੈ।

ਮੈਨੂੰ ਇਹ ਸਭ ਦੇਖਦਿਆਂ-ਸੁਣਦਿਆਂ ਬਹੁਤੀ ਹੈਰਾਨੀ ਨਾ ਹੋਈ ਕਿਉਂਕਿ ਸਾਡੀ ਪੀੜ੍ਹੀ ਦੇ ਮਨਾਂ ਵਿਚਲਾ ਯੂਨੀਵਰਸਿਟੀ ਦਾ ਆਦਰਸ਼ਕ ਅਕਸ ਹੁਣ ਚਕਨਾਚੂਰ ਹੋ ਗਿਆ ਹੈ। ਸਾਡੇ ਵੇਲਿਆਂ ’ਚ ਇਹ ਗੱਲ ਮੰਨੀ ਜਾਂਦੀ ਸੀ ਕਿ ਕਿਸੇ ਯੂਨੀਵਰਸਿਟੀ ਵਿੱਚ ਸਿੱਖਿਆ ਸ਼ਾਸਤਰ ਤੇ ਅਰਥਪੂਰਨ ਖੋਜ, ਤਰਕਪੂਰਨ ਨਜ਼ਰੀਆ ਤੇ ਨੈਤਿਕ ਸੰਵੇਦਨਾਵਾਂ ਵਿਕਸਿਤ ਹੋਣ ਦੇ ਨਾਲ ਨਾਲ ਅਧਿਆਪਨ ਕਾਰਜ ਦਾ ਸਤਿਕਾਰ ਹੋਣਾ ਚਾਹੀਦਾ ਹੈ। ਸਾਡਾ ਮੰਨਣਾ ਸੀ ਕਿ ਕੋਈ ਵੀ ਯੂਨੀਵਰਸਿਟੀ ਗੁਣਾਤਮਕ ਤੌਰ ’ਤੇ ਕਿਸੇ ਕਾਰੋਬਾਰ, ਸ਼ੌਪਿੰਗ ਮਾਲ ਜਾਂ ਕਿਸੇ ਵਿਗਿਆਪਨ ਏਜੰਸੀ ਜਿਹੀ ਨਹੀਂ ਹੁੰਦੀ। ਇਹ ਇੱਕ ਆਦਰਸ਼ਕ ਸੰਸਥਾ ਹੁੰਦੀ ਹੈ।

Advertisement

ਇਹ ਵੀ ਹਕੀਕਤ ਹੈ ਕਿ ਇਸ ਵੇਲੇ ਅਸੀਂ ਵੱਖਰੇ ਹੀ ਸਮੇਂ ਵਿੱਚ ਰਹਿ ਰਹੇ ਹਾਂ। ਜਿਉਂ-ਜਿਉਂ ਬਾਜ਼ਾਰ ਦੁਆਰਾ ਸੰਚਾਲਿਤ ਨਵ-ਉਦਾਰਵਾਦੀ ਤਰਕਸ਼ੀਲਤਾ ਕਿਸੇ ਅਕਾਦਮਿਕ ਸੰਸਥਾ ’ਤੇ ਭਾਰੂ ਹੋਣ ਲੱਗਦੀ ਹੈ ਤਾਂ ਸਿੱਖਿਆ ਦਾ ਪੂਰੀ ਤਰ੍ਹਾਂ ਵਪਾਰੀਕਰਨ ਹੋ ਜਾਂਦਾ ਹੈ, ਤਾਰਕਿਕ ਸੋਚ ਤੱਜ ਦਿੱਤੀ ਜਾਂਦੀ ਹੈ, ਵਿਦਿਆਰਥੀ ਖਪਤਕਾਰ ਬਣ ਜਾਂਦੇ ਹਨ ਅਤੇ ਅਧਿਆਪਕ ਮਹਿਜ਼ ਸੇਵਾ ਪ੍ਰਦਾਨ ਕਰਨ ਵਾਲੇ ਵਜੋਂ ਭੂਮਿਕਾ ਨਿਭਾਉਂਦੇ ਹਨ।

Advertisement

ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇੱਕ ਯੂਨੀਵਰਸਿਟੀ ਵੀ ਆਪਣੇ ‘ਬ੍ਰਾਂਡ’ ਦੀ ਸਾਖ ਨੂੰ ਭੁਨਾਉਣ ਲੱਗਦੀ ਹੈ। ਬਿਲਕੁਲ ਉਵੇਂ, ਜਿਵੇਂ ਕੋਈ ਕੰਪਨੀ ਕੱਪੜੇ ਧੋਣ ਵਾਲਾ ਪਾਊਡਰ ਵੇਚਣ ਲਈ ਆਪਣੇ ਉਤਪਾਦ ਦੇ ਲਾਭਾਂ ਬਾਰੇ ਹਰ ਤਰ੍ਹਾਂ ਦੇ ਝੂਠੇ ਜਾਂ ਅਤਿਕਥਨੀ ਵਾਲੇ ਦਾਅਵੇ ਕਰਦੀ ਹੈ। ਅਸਲ ਵਿੱਚ ਰੋਬੋਟਿਕਸ, ਡੇਟਾ ਸਾਇੰਸ, ਆਰਟੀਫੀਸ਼ੀਅਲ ਇੰਟੈਲੀਜੈਂਸ ਅਜਿਹੇ ‘ਲੁਭਾਊ (ਫੈਂਸੀ) ਉਤਪਾਦ’ ਹਨ, ਜਿਨ੍ਹਾਂ ਨੂੰ ਨਵ-ਉਦਾਰਵਾਦੀ ਯੂਨੀਵਰਸਿਟੀਆਂ ਰਣਨੀਤਕ ਇਸ਼ਤਿਹਾਰਬਾਜ਼ੀ ਅਤੇ ਅਤਿਕਥਨੀ ਵਾਲੇ ਦਾਅਵਿਆਂ ਰਾਹੀਂ ਵੇਚਣਾ ਚਾਹੁੰਦੀਆਂ ਹਨ। ਇਸ ਲਈ ਜੇਕਰ ਕੋਈ ਯੂਨੀਵਰਸਿਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਆਪਣੀਆਂ ਪ੍ਰਾਪਤੀਆਂ ਬਾਰੇ ਝੂਠੇ ਦਾਅਵੇ ਕਰਦੀ ਹੈ ਤਾਂ ਆਪਾਂ ਹੈਰਾਨ ਕਿਉਂ ਹੋਈਏ? ਇੱਕ ਤਰੀਕੇ ਨਾਲ ਮੈਂ ਪ੍ਰੋਫੈਸਰ ਨੇਹਾ ਸਿੰਘ ਨੂੰ ਦੋਸ਼ੀ ਨਹੀਂ ਮੰਨਦਾ ਕਿਉਂਕਿ ਉਹ ਆਖ਼ਰ ਉਸ ਸੱਭਿਆਚਾਰ ਦਾ ਹੀ ਹਿੱਸਾ ਹੈ, ਜੋ ਇੱਕ ਯੂਨੀਵਰਸਿਟੀ ਨੂੰ ਮੁਨਾਫ਼ਾ ਕਮਾਉਣ ਵਾਲੇ ਕਾਰੋਬਾਰ, ਕਿਸੇ ਪ੍ਰੋਫੈਸਰ ਨੂੰ ਲੋਕਾਂ ਨੂੰ ਲੁਭਾਉਣ ਵਾਲੇ ਏਜੰਟ ਅਤੇ ਕਿਸੇ ਵਿਦਿਆਰਥੀ ਜਾਂ ਮਾਪਿਆਂ ਨੂੰ ਸੰਭਾਵੀ ਗਾਹਕ ਵਿੱਚ ਬਦਲ ਦਿੰਦਾ ਹੈ।

ਗਲਗੋਟੀਆ ਯੂਨੀਵਰਸਿਟੀ ਇਸ ਵੇਲੇ ਖ਼ਬਰਾਂ ਵਿੱਚ ਹੈ। ਸਚਾਈ ਇਹ ਹੈ ਕਿ ਯੂਨੀਵਰਸਿਟੀ ਨੂੰ ਇੱਕ ‘ਬ੍ਰਾਂਡ’ ਵਜੋਂ ਵੇਚਣਾ ਨਵਾਂ ਆਮ ਵਰਤਾਰਾ ਹੈ। ਇਸ ਨੇ ਸਿੱਖਿਆ ਨੂੰ ‘ਰੈਂਕਿੰਗ’ ਦੀ ਸਿਆਸਤ ਰਾਹੀਂ ਖਪਤ ਦੀ ਵਸਤ ਬਣਾ ਦਿੱਤਾ ਹੈ। ਬਿਲਬੋਰਡਾਂ ਜਾਂ ਚਮਕਦਾਰ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਛਾਏ ਹੋਏ ਇਸ਼ਤਿਹਾਰਾਂ ਨੂੰ ਦੇਖ ਕੇ ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ ਕਿ ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ‘ਉੱਚ ਦਰਜੇ ਦੀਆਂ ਯੂਨੀਵਰਸਿਟੀਆਂ’ ਵਜੋਂ ਕਿਵੇਂ ਦਰਸਾਇਆ ਜਾਂਦਾ ਹੈ।

ਇਨ੍ਹਾਂ ਸਿੱਖਿਆ ਸੰਸਥਾਵਾਂ ਦੀ ਦਰਜਾਬੰਦੀ ਕਰਨ ਲਈ ਅਜਿਹੀਆਂ ਏਜੰਸੀਆਂ ਦੀ ਵੀ ਕੋਈ ਘਾਟ ਨਹੀਂ, ਜਿਨ੍ਹਾਂ ਰਾਹੀਂ ਯੂਨੀਵਰਸਿਟੀਆਂ ਲਗਾਤਾਰ ਉੱਚੀ ਰੈਂਕਿੰਗ ਹਾਸਲ ਕਰਦੀਆਂ ਹਨ। ਇਨ੍ਹਾਂ ਯੂਨੀਵਰਸਿਟੀਆਂ ਦਾ ਅਕਸ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਹਰ ਤਰ੍ਹਾਂ ਦੇ ਅਤਿਕਥਨੀ ਵਾਲੇ ਦਾਅਵਿਆਂ ਦੀ ਮਦਦ ਨਾਲ ਗਿਣ-ਮਿਥ ਕੇ ਬਣਾਇਆ ਜਾਂਦਾ ਹੈ। ਹੋਰ ਤਾਂ ਹੋਰ, ਇਨ੍ਹਾਂ ਵਿਦਿਅਕ ਅਦਾਰਿਆਂ ਬਾਰੇ ਵੱਖ-ਵੱਖ ਰੂਪਾਂ ਵਿੱਚ ਦਿੱਤੇ ਜਾਂਦੇ ਇਸ਼ਤਿਹਾਰ ਉਨ੍ਹਾਂ ਦੇ ‘ਉਤਪਾਦਾਂ’ (ਵਿਦਿਆਰਥੀਆਂ) ਨੂੰ ਗੂਗਲ, ​​ਇਨਫੋਸਿਸ, ਵਿਪਰੋ, ਐਮਾਜ਼ੋਨ ਆਦਿ ਕਾਰਪੋਰੇਟ ਕੰਪਨੀਆਂ ਤੋਂ ਮਿਲਣ ਵਾਲੇ ਤਨਖ਼ਾਹ ਦੇ ਵੱਡੇ ਵੱਡੇ ‘ਪੈਕੇਜਾਂ’ ਨਾਲ ਭਰੇ ਹੁੰਦੇ ਹਨ।

ਮੈਨੂੰ ਨਹੀਂ ਸਮਝ ਲੱਗਦੀ ਕਿ ਕਿਸੇ ਯੂਨੀਵਰਸਿਟੀ ਨੂੰ ਅਜਿਹੀ ਸ਼ਾਨਦਾਰ ਇਸ਼ਤਿਹਾਰਬਾਜ਼ੀ ਨਾਲ ਆਪਣੇ ਆਪ ਨੂੰ ‘ਦੁਕਾਨ’ ਵਜੋਂ ਵੇਚਦਿਆਂ ਦੇਖ ਕੇ ਮੈਂ ਹੱਸਾਂ ਜਾਂ ਰੋਵਾਂ? ਇੱਕ ਅਜਿਹੇ ਇਸ਼ਤਿਹਾਰ ਦੀ ਉਦਾਹਰਣ ਦੇਖੋ: ‘‘ਸਾਡੀ ਯੂਨੀਵਰਸਿਟੀ ਨੇ ‘ਕਿਊ ਐੱਸ (QS) ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼: ਏਸ਼ੀਆ 2026’ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ ਕੀਤਾ ਹੈ। ਇਹ ਦੱਖਣੀ ਏਸ਼ੀਆ ਵਿੱਚ 116ਵੇਂ ਅਤੇ ਕੁੱਲ ਏਸ਼ੀਆ ਵਿੱਚ 454ਵੇਂ ਸਥਾਨ ’ਤੇ ਹੈ। ਸਾਡੇ 98 ਫ਼ੀਸਦੀ ਵਿਦਿਆਰਥੀਆਂ ਨੂੰ ਸਿਖਰਲੀਆਂ ਕੰਪਨੀਆਂ ਵਿੱਚ ਨੌਕਰੀਆਂ ਮਿਲਦੀਆਂ ਹਨ। ਸਾਡੇ ਵਿਦਿਆਰਥੀਆਂ ਨੂੰ ਔਸਤ 5.4 ਲੱਖ ਪ੍ਰਤੀ ਸਾਲ ਦੇ ਪੈਕੇਜ ਮਿਲੇ ਹਨ ਅਤੇ ਸਾਡੇ ਸਭ ਤੋਂ ਜ਼ਹੀਨ ਵਿਦਿਆਰਥੀ ਨੂੰ 1.5 ਕਰੋੜ ਰੁਪਏ ਸਾਲਾਨਾ ਦਾ ਪੈਕੇਜ ਮਿਲਿਆ ਹੈ।’’

ਅਜਿਹੇ ਮਾਹੌਲ ਵਿੱਚ ਇੱਕ ਪ੍ਰੋਫੈਸਰ ਸਚਾਈ ਦਾ ਤਲਬਗਾਰ ਨਹੀਂ ਹੋ ਸਕਦਾ। ਇਸੇ ਲਈ ਉਹ ਵੀ ਯੂਨੀਵਰਸਿਟੀ ਦੇ ‘ਬ੍ਰਾਂਡ’ ਦੀ ਚੜ੍ਹਤ ਬਾਰੇ ਝੂਠੇ ਜਾਂ ਅਤਿਕਥਨੀ ਵਾਲੇ ਦਾਅਵੇ ਕਰਨ ਲਈ ਮਜਬੂਰ ਹੁੰਦਾ ਹੈ, ਜਿਸ ਨੇ ਉਨ੍ਹਾਂ ਨੂੰ ਨੌਕਰੀ ’ਤੇ ਰੱਖਿਆ ਹੋਵੇ। ਇਸੇ ਸੰਦਰਭ ’ਚ ਮੈਂ ਪ੍ਰੋਫੈਸਰ ਨੇਹਾ ਸਿੰਘ ਦੀ ਮਾਨਸਿਕ ਦੁਚਿੱਤੀ ਨੂੰ ਸਮਝਦਾ ਹਾਂ।

ਇਸ ਤੋਂ ਇਲਾਵਾ ਸਿੱਖਿਆ ਦੀਆਂ ਇਨ੍ਹਾਂ ਸਾਰੀਆਂ ‘ਦੁਕਾਨਾਂ’ ਨੂੰ ਸੱਤਾਧਾਰੀ ਧਿਰ ਨੂੰ ਲਗਾਤਾਰ ਸੰਤੁਸ਼ਟ ਰੱਖਣਾ ਪੈਂਦਾ ਹੈ। ਇਹ ਚੇਤੇ ਰਹੇ ਕਿ ਰਿਪੋਰਟਾਂ ਮੁਤਾਬਿਕ ਗਲਗੋਟੀਆ ਯੂਨੀਵਰਸਿਟੀ ਨੂੰ ਪ੍ਰਦਰਸ਼ਨੀ ਵਾਲੀ ਥਾਂ ਵਿੱਚ ਚਾਰ ਆਈ ਆਈ ਟੀਜ਼ ਨਾਲੋਂ ਵੱਡਾ ਬੂਥ ਦਿੱਤਾ ਗਿਆ ਸੀ। ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ‘ਵਿਸ਼ਵ ਗੁਰੂ’ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ ਅਤੇ ਕਾਰਪੋਰੇਟ ਅਰਬਪਤੀ ਟੈਕਨੋ-ਸੁਪਨਸਾਜ਼ੀ ਦਾ ਨਵੀਨਤਮ ਬ੍ਰਾਂਡ ਵੇਚਣ ਲਈ ਉਤਸੁਕ ਹਨ। ਅਜਿਹੇ ਮਾਹੌਲ ਵਿੱਚ ਗਲਗੋਟੀਆ ਯੂਨੀਵਰਸਿਟੀ ਨੇ ਸੱਤਾਧਾਰੀ ਧਿਰ ਨੂੰ ਖ਼ੁਸ਼ ਕਰਨ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਜੋ ਅਖੀਰ ਸਰਕਾਰ ਲਈ ਸ਼ਰਮਿੰਦਗੀ ਦਾ ਕਾਰਨ ਸਾਬਿਤ ਹੋਇਆ। ਇਹ ਘਟਨਾ ਦੇਸ਼ ਵਿੱਚ ਰਾਜਨੀਤੀ ਅਤੇ ਸਿੱਖਿਆ ਦੀ ਸਥਿਤੀ ਦੀ ਦੁਖਦਾਈ ਤੇ ਉਦਾਸ ਕਰਨ ਵਾਲੀ ਤਸਵੀਰ ਪੇਸ਼ ਕਰਦੀ ਹੈ।

ਇਸੇ ਤਰ੍ਹਾਂ ਇੱਕ ਚੀਨੀ ਰੋਬੋਟਿਕ ਕੁੱਤੇ ਨੂੰ ਭਾਰਤੀ ਕਾਢ ਵਜੋਂ ਪੇਸ਼ ਕਰਨ ਦੀ ਇੱਛਾ ਇਹ ਵੀ ਦਰਸਾਉਂਦੀ ਹੈ ਕਿ ਅਸੀਂ ਭਾਰਤ ਨੂੰ ਇੱਕ ਨਕਲਚੀ ਰਾਸ਼ਟਰ ਵਿੱਚ ਬਦਲਣ ਵਿੱਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕੀਤੀ। ਸ਼ਾਇਦ ਅਜੇ ਤੱਕ ਅਸੀਂ ਆਪਣੇ ਆਪ ਨੂੰ ਬਸਤੀਵਾਦੀ ਸੋਚ ਤੋਂ ਮੁਕਤ ਕਰਨ ਵਿੱਚ ਸਫਲ ਨਹੀਂ ਹੋ ਸਕੇ। ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿੱਚ ਵੀ ‘ਵਿਕਸਿਤ’ ਪੱਛਮ ਸਾਡਾ ਸਕਾਰਾਤਮਕ ਸੰਦਰਭ ਬਿੰਦੂ ਬਣਿਆ ਹੋਇਆ ਹੈ। ਉਦਾਹਰਣ ਵਜੋਂ, ਆਪਣੇ ਵਿਲੱਖਣ ਅਕਾਦਮਿਕ ਸੱਭਿਆਚਾਰ ਨੂੰ ਬਿਹਤਰ ਬਣਾਉਣ ਅਤੇ ਆਪਣੀਆਂ ਸੰਸਥਾਵਾਂ ਨੂੰ ਸਥਾਨਕ ਲੋੜਾਂ ਤੇ ਚੁਣੌਤੀਆਂ ਪ੍ਰਤੀ ਭਰੋਸੇਮੰਦ ਅਤੇ ਜਵਾਬਦੇਹ ਬਣਾਉਣ ਦੀ ਬਜਾਏ ਅਸੀਂ ਔਕਸਫੋਰਡ, ਕੈਂਬਰਿਜ, ਹਾਰਵਰਡ ਜਾਂ ਪ੍ਰਿੰਸਟਨ ਨੂੰ ਆਪਣੇ ਰੋਲ ਮਾਡਲ ਵਜੋਂ ਦੇਖਦੇ ਰਹਿੰਦੇ ਹਾਂ।

ਇਹ ਦੇਖ ਕੇ ਮੈਨੂੰ ਸੱਚਮੁੱਚ ਬਹੁਤ ਦੁੱਖ ਹੁੰਦਾ ਹੈ ਕਿ ਭਾਰਤ ਵਿੱਚ ਇੱਕ ਚੰਗੇ ਕਾਲਜ/ਯੂਨੀਵਰਸਿਟੀ ਨੂੰ ਪੂਰਬ ਦਾ ‘ਔਕਸਫੋਰਡ’ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸਾਨੂੰ ਯੂਰੋਪੀਅਨ/ਅਮਰੀਕੀ ਫੈਸ਼ਨ ਦੀ ਨਕਲ ਕਰਨਾ ਪਸੰਦ ਹੈ; ਬੌਲੀਵੁੱਡ ਨਿਰਮਾਤਾਵਾਂ ਤੇ ਨਿਰਦੇਸ਼ਕਾਂ ਨੂੰ ਸਫਲ ਪੱਛਮੀ ਫਿਲਮਾਂ ਦੀ ਨਕਲ ਕਰਦੇ ਦੇਖਣਾ ਆਮ ਹੈ ਅਤੇ ਸਾਡੀਆਂ ਜ਼ਿਆਦਾਤਰ ਤਕਨੀਕੀ/ਕਾਰੋਬਾਰੀ ਖੋਜਾਂ ਮੌਲਿਕ ਕਾਢਾਂ ਹੋਣ ਦੀ ਬਜਾਏ ਚੀਨ ਜਾਂ ਪੱਛਮ ਦੀ ਤਰਜ਼ ’ਤੇ ਆਧਾਰਿਤ ਹਨ। ਕੀ ਇਹ ਕਹਿਣਾ ਪੂਰੀ ਤਰ੍ਹਾਂ ਗ਼ਲਤ ਹੋਵੇਗਾ ਕਿ ਫਲਿੱਪਕਾਰਟ ਐਮਾਜ਼ੋਨ ਦੀ ਇੱਕ ਮਾੜੀ ਕਾਪੀ ਹੈ ਜਾਂ ਜ਼ੋਮੈਟੋ ਡੋਰਡੈਸ਼ ਦੀ ਨਕਲ ਕਰ ਰਿਹਾ ਹੈ?

ਇਹ ‘ਕੌਪੀ ਐਂਡ ਪੇਸਟ’ ਸੱਭਿਆਚਾਰ ਅਕਾਦਮਿਕ ਹਲਕਿਆਂ ਵਿੱਚ ਆਮ ਵਰਤਾਰਾ ਹੈ ਕਿਉਂਕਿ ਹਿਊਮੈਨਿਟੀਜ਼ ਅਤੇ ਸੋਸ਼ਲ ਸਾਇੰਸਜ਼ ਵਿੱਚ ਖੋਜ ਪੱਤਰ ਲਿਖਣ ਵੇਲੇ ਹਰ ਕੋਈ ਜੂਡਿਥ ਬਟਲਰ ਅਤੇ ਮਿਸ਼ੇਲ ਫੂਕੋ ਦੀ ਸ਼ਬਦਾਵਲੀ ਦੀ ਨਕਲ ਕਰਦਾ ਜਾਪਦਾ ਹੈ। ਦਰਅਸਲ, ਗਲਗੋਟੀਆ ਯੂਨੀਵਰਸਿਟੀ ਦੀ ਪ੍ਰੋਫੈਸਰ ਦਾ ਵਿਹਾਰ ਇਹ ਦਰਸਾਉਂਦਾ ਹੈ ਕਿ ਇੱਕ ਨਕਲਚੀ ਰਾਸ਼ਟਰ ਲਈ ਮੌਲਿਕ ਖੋਜਕਾਰ ਬਣਨਾ ਸੁਖਾਲਾ ਨਹੀਂ ਹੈ।

Advertisement
×