ਪਹਿਲਗਾਮ ਤੋਂ ਸਿੱਖੇ ਸਬਕ
ਉੜੀ, ਪੁਲਵਾਮਾ ਅਤੇ ਪਹਿਲਗਾਮ ਹਮਲਿਆਂ ਕਾਰਨ ਬਣੀਆਂ ਮਿਸਾਲਾਂ ਦੇ ਮੱਦੇਨਜ਼ਰ ਹਰ ਦਹਿਸ਼ਤੀ ਹਮਲੇ ਮਗਰੋਂ ਤਾਕਤ ਦੀ ਵਰਤੋਂ ਨਾ ਕਰਨਾ ਸਰਕਾਰਾਂ ਲਈ ਸਿਆਸੀ ਤੌਰ ’ਤੇ ਮੁਸ਼ਕਿਲ ਹੋਵੇਗਾ, ਜਿਨ੍ਹਾਂ ਕਾਰਨ ਦੇਸ਼-ਵਿਆਪੀ ਰੋਹ ਉਪਜਦਾ ਹੈ। ਕੀ ਪਾਕਿਸਤਾਨ ਨਾਲ ਗੱਲਬਾਤ ਇਸ ਦਾ ਪ੍ਰਤੀਕਰਮ ਹੋ ਸਕਦੀ ਹੈ?
ਪਹਿਲਗਾਮ ਦਹਿਸ਼ਤੀ ਹਮਲੇ ਦੀ ਪਹਿਲੀ ਬਰਸੀ ਮੌਕੇ ਦਹਿਸ਼ਤਗਰਦੀ, ਇਸ ਦੇ ਖੇਤਰੀ ਅਤੇ ਕੌਮਾਂਤਰੀ ਪ੍ਰਭਾਵ, ਵਿਸ਼ਵਵਿਆਪੀ ਪੈਟਰਨਾਂ ਬਾਰੇ ਉਨ੍ਹਾਂ ਥਾਵਾਂ ’ਤੇ ਗੰਭੀਰ ਚਿੰਤਨ ਹੋਣਾ ਚਾਹੀਦਾ ਹੈ, ਜਿੱਥੇ ਇਹ ਵਰਤਾਰਾ ਆਮ ਹੋ ਗਿਆ ਹੈ। ਇਹ ਭਾਰਤੀ ਵਿਵਸਥਾ ਅਤੇ ਸਿਆਸੀ ਵਰਗ ਲਈ ਇੱਕ ਨਿਰਪੱਖ ਮੁਲਾਂਕਣ ਦਾ ਵੇਲਾ ਹੈ ਕਿ ਭਾਰਤ ਨੇ ਪਿਛਲੇ ਸਾਢੇ ਤਿੰਨ ਦਹਾਕਿਆਂ ਦੌਰਾਨ, ਖ਼ਾਸਕਰ 2014 ਤੋਂ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦੀ ਨਾਲ ਕਿਵੇਂ ਸਿੱਝਿਆ ਹੈ।
ਪਾਕਿਸਤਾਨ ਨੇ ਆਪਣੇ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਭਾਰਤ ਵਿਰੁੱਧ ਵਾਰ-ਵਾਰ ਤਾਕਤ ਦੀ ਵਰਤੋਂ ਕੀਤੀ ਹੈ। 1947 ਵਿੱਚ ਕਸ਼ਮੀਰ ਵਿੱਚ ਕਬਾਇਲੀ ਲੁਟੇਰਿਆਂ ਨੂੰ ਭੇਜਣਾ, 1965 ਵਿੱਚ ਆਪਰੇਸ਼ਨ ਜਿਬਰਾਲਟਰ ਅਤੇ ਆਪਰੇਸ਼ਨ ਗ੍ਰੈਂਡ ਸਲੈਮ, 1971 ਵਿੱਚ ਛੇੜੀ ਗਈ ਜੰਗ ਅਤੇ 1999 ਵਿੱਚ ਕਾਰਗਿਲ ਯੁੱਧ ਇਸ ਦੀਆਂ ਉਦਾਹਰਣਾਂ ਹਨ।
ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੀ ਦਹਿਸ਼ਤਗਰਦੀ ਪਾਕਿਸਤਾਨ ਦੇ ਸੁਰੱਖਿਆ ਸਿਧਾਂਤ ਦਾ ਹਿੱਸਾ ਬਣ ਗਈ ਹੈ। ਇਹ ਗੱਲ ਖ਼ਾਸ ਤੌਰ ’ਤੇ ਹੈਰਾਨ ਕਰਦੀ ਹੈ ਕਿ ਪਾਕਿਸਤਾਨ ਆਪਣੇ ਪ੍ਰਮਾਣੂ ਹਥਿਆਰਾਂ ਦੇ ਬਲ ’ਤੇ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਨਹੀਂ ਕਰਦਾ। ਅਜਿਹਾ ਕਰਕੇ ਇਸ ਨੇ ਪ੍ਰਮਾਣੂ ਮੁਲਕਾਂ ਵਿੱਚ ਪ੍ਰਚੱਲਿਤ ਸਿਧਾਂਤ ਨੂੰ ਹੀ ਸਿਰ ਪਰਨੇ ਕਰ ਦਿੱਤਾ ਹੈ। ਪਾਕਿਸਤਾਨ ਭਾਰੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਕੀਮਤ ਅਦਾ ਕਰਨ ਦੇ ਬਾਵਜੂਦ ਦਹਿਸ਼ਤਗਰਦੀ ਛੱਡਣ ਲਈ ਤਿਆਰ ਨਹੀਂ ਹੈ। ਇਹ ਸਾਡੇ ਲਈ ਇੱਕ ਅਜਿਹਾ ਸਬਕ ਹੈ, ਜਿਸ ਦੀ ਪਹਿਲਗਾਮ ਹਮਲੇ ਨੇ ਪੁਸ਼ਟੀ ਕੀਤੀ ਹੈ।
ਰਵਾਇਤੀ ਤਾਕਤ ਦੀ ਵਰਤੋਂ ਕਰਕੇ ਲੜੀ ਗਈ ਹਰ ਜੰਗ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਹੈ। ਕਾਰਗਿਲ ਵਿੱਚ ਹੈਰਾਨਕੁੰਨ ਹਾਲਤ ਵਿੱਚ ਵੀ ਭਾਰਤ ਨੇ ਜਿੱਤ ਹਾਸਲ ਕੀਤੀ। ਹਾਲਾਂਕਿ ਵੱਡਾ ਸਵਾਲ ਇਹ ਹੈ ਕਿ ਪਾਕਿਸਤਾਨ ਤੋਂ ਪੈਦਾ ਹੋਣ ਵਾਲੀ ਦਹਿਸ਼ਤਗਰਦੀ ਨੂੰ ਖ਼ਤਮ ਕਰਨਾ ਤਾਂ ਦੂਰ ਦੀ ਗੱਲ, ਕੀ ਭਾਰਤ ਇਸ ਨੂੰ ਠੱਲ੍ਹਣ ਵਿੱਚ ਵੀ ਕਾਮਯਾਬ ਹੋਇਆ ਹੈ? ਦੁੱਖ ਦੀ ਗੱਲ ਹੈ ਕਿ ਇਨ੍ਹਾਂ ਸਵਾਲਾਂ ਦਾ ਜਵਾਬ ‘ਨਾਂਹ’ ਹੈ। 2016 ਦੇ ਉੜੀ ਹਮਲੇ ਤੱਕ ਭਾਰਤ ਨੇ ਕੂਟਨੀਤਕ ਤਰੀਕਿਆਂ ਦੀ ਵਰਤੋਂ ਕਰਕੇ ਵਿਸ਼ਵ ਭਾਈਚਾਰੇ ਨੂੰ ਪਾਕਿਸਤਾਨ ’ਤੇ ਅਤਿਵਾਦ ਦਾ ਰਾਹ ਛੱਡਣ ਲਈ ਦਬਾਅ ਪਾਇਆ। ਹਰ ਮੌਕੇ ਵੱਡੀਆਂ ਸ਼ਕਤੀਆਂ ਨੇ ਭਾਰਤ ਨੂੰ ਭਰੋਸਾ ਦਿੱਤਾ ਕਿ ਉਹ ਪਾਕਿਸਤਾਨ ਨੂੰ ਰੋਕਣਗੀਆਂ, ਪਰ ਹਕੀਕੀ ਰੂਪ ’ਚ ਉਨ੍ਹਾਂ ਕੀਤਾ ਕੁਝ ਨਹੀਂ। ਪਾਕਿਸਤਾਨ ਇਸ ਭਰੋਸੇ ਨਾਲ ਅਤਿਵਾਦ ਨੂੰ ਉਤਸ਼ਾਹਿਤ ਕਰਦਾ ਰਿਹਾ ਕਿ ਉਸ ਨੂੰ ਨਤੀਜੇ ਨਹੀਂ ਭੁਗਤਣੇ ਪੈਣਗੇ। ਪਹਿਲਗਾਮ ਹਮਲੇ ਤੋਂ ਸਾਨੂੰ ਇਹ ਸਬਕ ਮਿਲਿਆ ਹੈ ਕਿ ਪਾਕਿਸਤਾਨ ਦੀ ਇਸ ਸੋਚ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ।
ਭਾਰਤ ਨੇ 1998 ਤੋਂ ਬਾਅਦ ਪਾਕਿਸਤਾਨ ਨੂੰ ਦੁਵੱਲੀ ਗੱਲਬਾਤ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਇਹ ਕੋਸ਼ਿਸ਼ ਵੀ ਵੱਡੇ ਦਹਿਸ਼ਤੀ ਹਮਲੇ ਨੂੰ ਟਾਲ ਨਾ ਸਕੀ। ਆਖ਼ਰੀ ਵਾਰ ਭਾਰਤ ਨੇ ਇਸ ਰਾਹ ਤੁਰਨ ਦੀ ਕੋਸ਼ਿਸ਼ ਦਸੰਬਰ 2015 ਵਿੱਚ ਕੀਤੀ ਸੀ, ਜਦੋਂ ਪਾਕਿਸਤਾਨ ਦੁਵੱਲੀ ਵਿਆਪਕ ਗੱਲਬਾਤ ਲਈ ਸਹਿਮਤ ਹੋਇਆ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਸਾਲ ਕ੍ਰਿਸਮਸ ਮੌਕੇ ਅਚਾਨਕ ਲਾਹੌਰ ਦਾ ਦੌਰਾ ਕੀਤਾ ਸੀ, ਪਰ ਇਹ ਕੋਸ਼ਿਸ਼ ਵਿਅਰਥ ਰਹੀ ਕਿਉਂਕਿ ਸਿਰਫ਼ ਇੱਕ ਹਫ਼ਤੇ ਮਗਰੋਂ ਪਠਾਨਕੋਟ ਏਅਰਬੇਸ ’ਤੇ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ ਸੀ।
1998 ਦੇ ਪ੍ਰਮਾਣੂ ਪ੍ਰੀਖਣਾਂ ਮਗਰੋਂ ਪਾਕਿਸਤਾਨ ਨੇ ਇਸ ਵਿਚਾਰ ਦਾ ਪ੍ਰਚਾਰ ਕੀਤਾ ਕਿ ਪ੍ਰਮਾਣੂ ਸਮਰੱਥਾ ਸੰਪੰਨ ਮੁਲਕ ਹੋਣ ਕਾਰਨ ਦਹਿਸ਼ਤੀ ਹਮਲੇ ਪ੍ਰਤੀ ਭਾਰਤ ਦਾ ਰਵਾਇਤੀ ਜਵਾਬ ਬਹੁਤ ਖ਼ਤਰਨਾਕ ਹੋ ਸਕਦਾ ਸੀ। ਇਸ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਤਣਾਅ ਵਧਣ ਤੇ ਪ੍ਰਮਾਣੂ ਜੰਗ ਲੱਗਣ ਦੇ ਖ਼ਤਰੇ ਇੰਨੇ ਉੱਚੇ ਸਨ ਕਿ ਕੌਮਾਂਤਰੀ ਭਾਈਚਾਰੇ ਨੂੰ ਦਹਿਸ਼ਤੀ ਹਮਲੇ ਦੀ ਸੂਰਤ ਵਿੱਚ ਭਾਰਤ ਨੂੰ ਰਵਾਇਤੀ ਜੰਗ ਛੇੜਨ ਤੋਂ ਰੋਕਣਾ ਚਾਹੀਦਾ ਹੈ। 1990ਵਿਆਂ ਦੇ ਸ਼ੁਰੂ ਤੋਂ ਹੀ ਪਾਕਿਸਤਾਨ ਇਹੋ ਰੱਟ ਲਾਈ ਰੱਖੀ ਕਿ ਦਹਿਸ਼ਤਗਰਦੀ ਦੀ ਸਮੱਸਿਆ ਭਾਰਤ ਵਿੱਚ ਹੀ ਉਪਜੀ ਹੈ।
ਉੜੀ, ਪੁਲਵਾਮਾ ਅਤੇ ਪਹਿਲਗਾਮ ਹਮਲਿਆਂ ਦਾ ਜਵਾਬ ਭਾਰਤ ਨੇ ਤਾਕਤ ਦੀ ਵਰਤੋਂ ਕਰ ਕੇ ਦਿੱਤਾ। 22 ਅਪਰੈਲ 2025 ਨੂੰ ਪਹਿਲਗਾਮ ਵਿਖੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ 25 ਪੁਰਸ਼ ਸੈਲਾਨੀਆਂ ਦੇ ਕਤਲੇਆਮ ਨੇ ਵੀ ਸਾਲ 2008 ਦੇ ਮੁੰਬਈ ਦਹਿਸ਼ਤੀ ਹਮਲਿਆਂ ਵਾਂਗ ਹੀ ਦੇਸ਼ਵਾਸੀਆਂ ’ਚ ਰੋਹ ਭਰਿਆ। ਪਹਿਲਗਾਮ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ, ਪਰ ਇਸ ਨੇ ਫਿਰ ਉਹੀ ਬਹਾਨੇਬਾਜ਼ੀ ਜਾਰੀ ਰੱਖੀ। ਦੁਨੀਆ ਨੇ ਤੁਰੰਤ ਇਸ ਹਮਲੇ ਦੀ ਨਿੰਦਾ ਕੀਤੀ, ਪਰ ਅਸਲ ਵਿੱਚ ਇਹ ਮੰਗ ਨਹੀਂ ਕੀਤੀ ਕਿ ਪਾਕਿਸਤਾਨ ਉਸ ਦਹਿਸ਼ਤੀ ਢਾਂਚੇ ਨੂੰ ਖ਼ਤਮ ਕਰ ਦੇਵੇ, ਜਿਸ ਦੀ ਉਹ ਦਹਾਕਿਆਂ ਤੋਂ ਪੁਸ਼ਤ-ਪਨਾਹੀ ਕਰਦਾ ਆ ਰਿਹਾ ਸੀ। ਵਿਸ਼ਵ ਭਾਈਚਾਰੇ ਨੇ ਦੋਵਾਂ ਧਿਰਾਂ ਨੂੰ ਸੰਜਮ ਰੱਖਣ ਦੀ ਸਲਾਹ ਦਿੱਤੀ।
ਇਹ ਜਵਾਬ ਭਾਰਤ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲੀ ਗੱਲ ਸੀ, ਪਰ ਇਸ ਨੇ ਇਸ ਤਲਖ਼ ਹਕੀਕਤ ਦੇ ਵੀ ਰੂ-ਬ-ਰੂ ਕਰਵਾਇਆ ਕਿ 9/11 ਤੋਂ ਬਾਅਦ ਦਹਿਸ਼ਤਗਰਦੀ ਖ਼ਿਲਾਫ਼ ਅਮਰੀਕਾ ਦੀ ਅਗਵਾਈ ਹੇਠ ਉੱਭਰੀ ਵਿਸ਼ਵਵਿਆਪੀ ਲਹਿਰ ਹੁਣ ਮੱਧਮ ਪੈ ਗਈ ਸੀ। ਵਿੱਤੀ ਐਕਸ਼ਨ ਟਾਸਕ ਫੋਰਸ ਦੁਆਰਾ ਪਾਕਿਸਤਾਨ ’ਤੇ ਪਾਇਆ ਗਿਆ ਦਬਾਅ ਵੀ 2022 ਤੱਕ ਘਟ ਗਿਆ ਸੀ। ਦਰਅਸਲ, ਅਫ਼ਗ਼ਾਨ ਤਾਲਿਬਾਨ ਨਾਲ ਸਬੰਧਾਂ ਵਿੱਚ ਖਟਾਸ ਆਉਣ ਨਾਲ ਪਾਕਿਸਤਾਨ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਅਤੇ ਬਲੋਚ ਸਮੂਹਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ, ਜੋ ਆਪਣੇ ਉੱਤੋਂ ਪਾਕਿਸਤਾਨੀ ਜੂਲਾ ਲਾਹ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਇਸਲਾਮਾਬਾਦ ਨੇ ਦੋਸ਼ ਲਗਾਇਆ ਕਿ ਅਫ਼ਗ਼ਾਨ ਖੇਤਰ ਤੋਂ ਹੋ ਰਹੇ ਇਨ੍ਹਾਂ ਹਮਲਿਆਂ ਪਿੱਛੇ ਭਾਰਤ ਦਾ ਹੱਥ ਸੀ। ਪਹਿਲਗਾਮ ਕਤਲੇਆਮ ਤੋਂ ਲਗਭਗ ਛੇ ਹਫ਼ਤੇ ਪਹਿਲਾਂ ਇੱਕ ਵੱਡਾ ਦਹਿਸ਼ਤੀ ਹਮਲਾ ਹੋਇਆ ਸੀ। ਇਸ ਹਮਲੇ ਦੇ ਸਮੇਂ ਤੋਂ ਤਾਂ ਇਹੋ ਸਿੱਟਾ ਕੱਢਿਆ ਜਾ ਸਕਦਾ ਹੈ।
ਪ੍ਰਮੁੱਖ ਸ਼ਕਤੀਆਂ ਦੀ ਮੁੱਖ ਚਿੰਤਾ ਇੱਕ ਦਹਿਸ਼ਤੀ ਹਮਲੇ ਕਾਰਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਹਥਿਆਰਬੰਦ ਟਕਰਾਅ ਨੂੰ ਰੋਕਣ ਦੀ ਸੀ। ਇਹ ਗੱਲ ਪਹਿਲਗਾਮ ਹਮਲੇ ਤੋਂ ਬਾਅਦ ਵੀ ਦੇਖੀ ਗਈ ਸੀ। ਹਾਲਾਂਕਿ ਹੋਰ ਮੁਲਕ ਭਾਰਤ ਵੱਲੋਂ ਤੇਜ਼ੀ ਨਾਲ ਕੀਤੀ ਗਈ ਜਵਾਬੀ ਕਾਰਵਾਈ ਨੂੰ ਰੋਕਣ ਵਿੱਚ ਤਾਂ ਨਾਕਾਮ ਰਹੇ, ਪਰ ਉਨ੍ਹਾਂ ਪ੍ਰਮਾਣੂ ਸਮਰੱਥਾ ਵਾਲੇ ਦੋ ਗੁਆਂਢੀਆਂ ਵਿਚਕਾਰ ਦੁਸ਼ਮਣੀ ਨੂੰ ਘਟਾਉਣ ’ਤੇ ਧਿਆਨ ਕੇਂਦਰਿਤ ਕੀਤਾ। ਸਾਰੀਆਂ ਵੱਡੀਆਂ ਸ਼ਕਤੀਆਂ ਭਾਰਤ ਅਤੇ ਪਾਕਿਸਤਾਨ ਨਾਲ ਸੰਪਰਕ ਵਿੱਚ ਸਨ, ਪਰ ਅਮਰੀਕਾ ਨੇ ਦੋਵਾਂ ਮੁਲਕਾਂ ਦਰਮਿਆਨ ਤਣਾਅ ਘਟਾਉਣ ਲਈ ਮੋਹਰੀ ਭੂਮਿਕਾ ਨਿਭਾਈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਰੇਸ਼ਨ ਸਿੰਧੂਰ ਦੌਰਾਨ ਦਖ਼ਲ ਦਿੱਤਾ। ਉਸ ਨੇ ਵਾਰ-ਵਾਰ ਦਾਅਵਾ ਕੀਤਾ ਕਿ ਉਸ ਦੀ ਵਿਚੋਲਗੀ ਨੇ ਹੀ ਭਾਰਤ ਅਤੇ ਪਾਕਿਸਤਾਨ ਵਿੱਚ ਲੱਖਾਂ ਜਾਨਾਂ ਬਚਾਉਣ ਵਿੱਚ ਮਦਦ ਕੀਤੀ। ਭਾਰਤ ਨੇ ਟਰੰਪ ਦੇ ਬਿਆਨਾਂ ਨੂੰ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ ਜਦੋਂਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਸਹੀ ਆਖਿਆ। ਦਰਅਸਲ, ਪਾਕਿਸਤਾਨ ਨੇ ਤਾਂ ਟਰੰਪ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਦਿੱਤੇ ਜਾਣ ਦੇ ਵਿਚਾਰ ਦੀ ਹਮਾਇਤ ਵੀ ਕੀਤੀ ਸੀ। ਇਸਲਾਮਾਬਾਦ ਨੂੰ ਇਸ ਦਾ ਚੰਗਾ ਸਿਲਾ ਮਿਲਿਆ ਜਦੋਂ ਟਰੰਪ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਵ੍ਹਾਈਟ ਹਾਊਸ ’ਚ ਦੁਪਹਿਰ ਦੇ ਖਾਣੇ ’ਤੇ ਬੁਲਾਇਆ। ਇਹ ਅਣਕਿਆਸੀ ਘਟਨਾ ਸੀ। ਬਾਅਦ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਵ੍ਹਾਈਟ ਹਾਊਸ ਵਿੱਚ ਸੱਦਾ ਦਿੱਤਾ ਗਿਆ ਸੀ ਅਤੇ ਦੁਰਲੱਭ ਖਣਿਜਾਂ ਤੇ ਕ੍ਰਿਪਟੋ ਕਰੰਸੀ ਵਿੱਚ ਅਮਰੀਕਾ-ਪਾਕਿਸਤਾਨ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ ਗਈ ਸੀ। ਆਸਿਮ ਮੁਨੀਰ ਇਸ ਮੀਟਿੰਗ ਵਿੱਚ ਵੀ ਮੌਜੂਦ ਸਨ।
ਡੋਨਲਡ ਟਰੰਪ ਨੇ ਮੁਨੀਰ ਲਈ ਆਪਣੀ ਸਦਭਾਵਨਾ ਅਤੇ ਪ੍ਰਧਾਨ ਮੰਤਰੀ ਮੋਦੀ ਤੱਕ ਨਿਰੰਤਰ ਪਹੁੰਚ ਦਰਮਿਆਨ ਸੰਤੁਲਨ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਭਾਰਤ ਵਿੱਚ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਿੱਚ ਮੁਨੀਰ ਦੀ ਸ਼ਮੂਲੀਅਤ ਨੂੰ ਅਣਗੌਲਿਆਂ ਕਰ ਦਿੱਤਾ ਹੈ। ਹੁਣ ਅਮਰੀਕਾ ਅਤੇ ਇਰਾਨ ਦਰਮਿਆਨ ਵਿਚੋਲਗੀ ਕਰਨ ਸਦਕਾ ਕੌਮਾਂਤਰੀ ਭਾਈਚਾਰੇ ਨਾਲ ਪਾਕਿਸਤਾਨ (ਅਤੇ ਇਸ ਦੀ ਫ਼ੌਜ) ਦਾ ਘਿਉ ਖਿਚੜੀ ਹੋਣਾ ਤੈਅ ਹੈ। ਇਹ ਭਾਰਤ ਲਈ ਸਮੱਸਿਆ ਵਾਲੀ ਗੱਲ ਹੈ ਅਤੇ ਪਾਕਿਸਤਾਨ ਸਬੰਧੀ ਇੱਕ ਨਵਾਂ ਬਿਰਤਾਂਤ ਸਿਰਜਣ ਦੀ ਲੋੜ ਹੈ। ਇਹ ਕੰਮ ਬਿਨਾਂ ਦੇਰੀ ਕੀਤੇ ਜਾਣ ਦੀ ਲੋੜ ਹੈ।
ਪਾਕਿਸਤਾਨ ਤਾਂ ਭਾਰਤ ਖ਼ਿਲਾਫ਼ ਦਹਿਸ਼ਤਗਰਦੀ ਦੀ ਪੁਸ਼ਤਪਨਾਹੀ ਕਰਦਾ ਹੀ ਰਹੇਗਾ। ਨਵੀਂ ਦਿੱਲੀ ਨੂੰ ਇਸ ਦਾ ਜਵਾਬ ਕਿਵੇਂ ਦੇਣਾ ਚਾਹੀਦਾ ਹੈ? ਸੁਰੱਖਿਆ ਹਲਕਿਆਂ ਦੇ ਕੁਝ ਹਿੱਸੇ ਵਿੱਚ ਇਹ ਮਜ਼ਬੂਤ ਧਾਰਨਾ ਹੈ ਕਿ ਦਹਿਸ਼ਤਗਰਦੀ ਰਣਨੀਤਕ ਚੁਣੌਤੀ ਪੈਦਾ ਨਹੀਂ ਕਰਦੀ; ਇਸ ਨਾਲ ਦੇਸ਼ ਨੂੰ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਇਸ ਵਿਚਾਰ ਨੂੰ ਪਾਕਿਸਤਾਨ ਦੇ ਲਗਾਤਾਰ ਵਿਗੜ ਰਹੇ ਆਰਥਿਕ ਹਾਲਾਤ ਰਾਹੀਂ ਬਲ ਮਿਲਦਾ ਹੈ। ਇਹ ਰਣਨੀਤਕ ਸਲਾਹ ਇਸ ਗੱਲ ਨੂੰ ਅਣਡਿੱਠ ਕਰਦੀ ਹੈ ਕਿ ਉੜੀ, ਪੁਲਵਾਮਾ ਅਤੇ ਪਹਿਲਗਾਮ ਹਮਲਿਆਂ ਕਾਰਨ ਬਣੀਆਂ ਮਿਸਾਲਾਂ ਦੇ ਮੱਦੇਨਜ਼ਰ ਹਰ ਦਹਿਸ਼ਤੀ ਹਮਲੇ ਮਗਰੋਂ ਤਾਕਤ ਦੀ ਵਰਤੋਂ ਨਾ ਕਰਨਾ ਸਰਕਾਰਾਂ ਲਈ ਸਿਆਸੀ ਤੌਰ ’ਤੇ ਮੁਸ਼ਕਿਲ ਹੋਵੇਗਾ, ਜਿਨ੍ਹਾਂ ਕਾਰਨ ਦੇਸ਼-ਵਿਆਪੀ ਰੋਹ ਉਪਜਦਾ ਹੈ। ਕੀ ਪਾਕਿਸਤਾਨ ਨਾਲ ਗੱਲਬਾਤ ਇਸ ਦਾ ਪ੍ਰਤੀਕਰਮ ਹੋ ਸਕਦੀ ਹੈ? ਦੁਵੱਲੇ ਮਨੁੱਖਤਾਵਾਦੀ ਮੁੱਦਿਆਂ ’ਤੇ ਨਿਯਮਿਤ ਸੰਪਰਕ ਕੀਤਾ ਜਾਣਾ ਚਾਹੀਦਾ ਹੈ, ਪਰ ਪੂਰੀ ਗੱਲਬਾਤ ਲਈ ਪਾਕਿਸਤਾਨ ਵੱਲੋਂ ਦਹਿਸ਼ਤਗਰਦੀ ਨੂੰ ਤਿਆਗਣ ਦੀ ਉਡੀਕ ਕਰਨੀ ਪਵੇਗੀ। ਹਾਲਾਂਕਿ ਇਸ ਆਸ ਨੂੰ ਪਹਿਲਾਂ ਕਦੇ ਬੂਰ ਨਹੀਂ ਪਿਆ।
* ਸਾਬਕਾ ਸਕੱਤਰ, ਵਿਦੇਸ਼ ਮੰਤਰਾਲਾ।

