ਭਾਰਤ ਲਈ ਸੰਤੁਲਨ ਕਾਇਮ ਕਰਨਾ ਲਾਜ਼ਮੀ
ਵੱਡੀਆਂ ਸ਼ਕਤੀਆਂ ਜਿਸ ਢੰਗ ਨਾਲ ਭੂ-ਸਿਆਸੀ ਚਾਲਾਂ ਚੱਲ ਰਹੀਆਂ ਹਨ, ਉਸ ਹਿਸਾਬ ਨਾਲ ਇਹ ਹੋਰ ਮੁਲਕਾਂ ਨੂੰ ਵੀ ਜੰਗ ਦੀ ਘੁੰਮਣਘੇਰੀ ਵਿੱਚ ਖਿੱਚ ਲੈਣਗੀਆਂ। ਹੁਣ ਸਾਡੇ ਲਈ ਆਪਣੇ ਰਵਾਇਤੀ ਸਹਿਯੋਗੀਆਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਰਾਸ਼ਟਰ ਦੀ ਸੁਰੱਖਿਆ ਲਈ ਨਵੇਂ ਗੱਠਜੋੜ ਬਣਾਉਂਦਿਆਂ ਆਪਣੀ ਰਣਨੀਤਕ ਦਿਸ਼ਾ ਲੱਭਣ ਦਾ ਸਮਾਂ ਹੈ। ਅੱਜ ਸਾਨੂੰ ਸੰਤੁਲਨ ਅਤੇ ਨੈਤਿਕ ਅਖੰਡਤਾ ਲਈ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਜੂਨ 1914 ਵਿੱਚ ਆਸਟਰੀਆ ਦੇ ਆਰਚਡਿਊਕ ਫਰਾਂਜ਼ ਫਰਡੀਨੈਂਡ ਦੇ ਕਤਲ ਨੂੰ ਪਹਿਲੀ ਆਲਮੀ ਜੰਗ ਲੱਗਣ ਦਾ ਕਾਰਨ ਬਣੀਆਂ ਅਹਿਮ ਘਟਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਟਕਰਾਅ ਦਾ ਮੁੱਖ ਕਾਰਨ ਇਹ ਸੀ ਕਿ ‘ਕੇਂਦਰੀ ਸ਼ਕਤੀਆਂ’ (ਜਰਮਨੀ, ਆਸਟਰੀਆ-ਹੰਗਰੀ ਅਤੇ ਔਟੋਮਨ ਸਾਮਰਾਜ) ਸਾਮਰਾਜੀ ਵਿਸਥਾਰ ਅਤੇ ਬਸਤੀਵਾਦ ਦੀ ਵਿਸ਼ਵਵਿਆਪੀ ਦੌੜ ਵਿੱਚ ਦੇਰ ਨਾਲ ਸ਼ਾਮਿਲ ਹੋਈਆਂ, ਜਿਸ ਵਿੱਚ ਪਹਿਲਾਂ ਹੀ ਬਰਤਾਨੀਆ ਅਤੇ ਫਰਾਂਸ ਦਾ ਦਬਦਬਾ ਸੀ।
ਕਾਈਜ਼ਰ ਵਿਲਹੈਲਮ ਦੋਇਮ ਦੀ ਅਗਵਾਈ ਹੇਠਲਾ ਜਰਮਨੀ ਸਾਮਰਾਜ ਵਿਸਤਾਰ ਦੇ ਸੁਪਨੇ ਲੈ ਰਿਹਾ ਸੀ। ਇਸ ਇੱਛਾ ਕਾਰਨ ਤਣਾਅ ਅਤੇ ਟਕਰਾਅ ਪੈਦਾ ਹੋਇਆ। ਜਿਵੇਂ ਕਹਿੰਦੇ ਹਨ, ਬਾਕੀ ਸਭ ਇਤਿਹਾਸ ਹੈ। ਚਾਰ ਸਾਲ (1914-18) ਚੱਲੀ ਇਸ ਜੰਗ ਦੌਰਾਨ 1.5 ਤੋਂ 2.2 ਕਰੋੜ ਫ਼ੌਜੀਆਂ ਅਤੇ ਨਾਗਰਿਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਇਹ ਟਕਰਾਅ ਰਸਮੀ ਤੌਰ ’ਤੇ ਵਰਸਾਇ (Versailles) ਦੀ ਸੰਧੀ ’ਤੇ ਦਸਤਖਤ ਹੋਣ ਮਗਰੋਂ ਰੁਕਿਆ। ਅਫ਼ਸੋਸ ਦੀ ਗੱਲ ਇਹ ਹੈ ਕਿ ਮਨੁੱਖ ਬੜਾ ਭੁੱਲਣਹਾਰ ਹੈ ਕਿਉਂਕਿ ਸ਼ਾਇਦ ਹੀ ਕੋਈ ਸਾਲ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਹਿੰਸਾ ਭੜਕੇ ਬਿਨਾਂ ਲੰਘਦਾ ਹੋਵੇ।
ਕੁਝ ਮਾਮਲਿਆਂ ਨੂੰ ਛੱਡ ਕੇ ਗ਼ਰੀਬ ਵਿਅਕਤੀਆਂ ਵਾਂਗ ਅਜਿਹੇ ਗ਼ਰੀਬ ਮੁਲਕ, ਜਿਨ੍ਹਾਂ ’ਚ ਸਮਾਜਿਕ ਵਿਕਾਸ ਹਾਲੇ ਕਬਾਇਲੀ ਪੱਧਰ ’ਤੇ ਹੀ ਹੋਵੇ, ਵੀ ਇੱਕ-ਦੂਜੇ ਨਾਲ ਘੱਟ ਹੀ ਟਕਰਾਅ ਸਹੇੜਦੇ ਹਨ। ਦਰਅਸਲ ਅਮੀਰ, ਵਿਕਸਿਤ ਅਤੇ ਫ਼ੌਜੀ ਪੱਖ ਤੋਂ ਸ਼ਕਤੀਸ਼ਾਲੀ ਮੁਲਕ ਹੀ ਆਪਸ ਵਿੱਚ ਟਕਰਾਉਂਦੇ ਨੇ ਜਾਂ ਕੁਦਰਤੀ ਸਰੋਤਾਂ ਨਾਲ ਭਰਪੂਰ ਗ਼ਰੀਬ ਮੁਲਕਾਂ ਨੂੰ ਆਪਣੀਆਂ ਬਸਤੀਆਂ ਵਜੋਂ ਅਧੀਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਕਸਰ ਸਿੱਧੇ ਤੌਰ ਉੱਤੇ ਤਾਂ ਨਹੀਂ, ਪਰ ਕਿਸੇ ਓਹਲੇ ਜਾਂ ਬਹਾਨੇ ਹੇਠ ਧਰਮ ਅਤੇ ਨਸਲ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਿਸੇ ਵਿਅਕਤੀ ਜਾਂ ਮੁਲਕ ਨੂੰ ਅਸਲ ਵਿੱਚ ਕਿੰਨੀ ਕੁ ਜ਼ਮੀਨ ਦੀ ਲੋੜ ਹੁੰਦੀ ਹੈ? ਕੀ ਇਹ ਕਦੇ ਕਾਫ਼ੀ ਹੁੰਦੀ ਹੈ? ਜਾਂ ਫਿਰ ਤੁਸੀਂ ਜਿੰਨੇ ਵੱਧ ਸ਼ਕਤੀਸ਼ਾਲੀ ਹੁੰਦੇ ਜਾਂਦੇ ਹੋ, ਤੁਹਾਡੀ ਲਾਲਸਾ ਓਨੀ ਹੀ ਵਧਦੀ ਜਾਂਦੀ ਹੈ?
ਪਹਿਲੀ ਆਲਮੀ ਜੰਗ ਮਗਰੋਂ ਜਰਮਨੀ, ਜਾਪਾਨ ਅਤੇ ਇਟਲੀ (ਜੋ ਬਾਅਦ ਵਿੱਚ ‘ਧੁਰੀ ਰਾਸ਼ਟਰਾਂ’ ਵਜੋਂ ਜਾਣੇ ਜਾਣ ਲੱਗੇ) ਹੌਲੀ-ਹੌਲੀ ਸ਼ਕਤੀਸ਼ਾਲੀ ਮੁਲਕ ਬਣ ਕੇ ਉੱਭਰੇ, ਜਿਨ੍ਹਾਂ ਕੋਲ ਆਪੋ-ਆਪਣੇ ਵੱਡੇ ਸਵਦੇਸ਼ੀ ਸਰੋਤ ਸਨ। ਫਿਰ ਵੀ ਉਨ੍ਹਾਂ ਦਾ ਉਦੇਸ਼ ਯੂਰੋਪ, ਉੱਤਰੀ ਅਫਰੀਕਾ, ਪ੍ਰਸ਼ਾਂਤ ਟਾਪੂਆਂ ਅਤੇ ਏਸ਼ੀਆ ਨੂੰ ਜਿੱਤਣਾ ਸੀ। ਸ਼ਕਤੀਸ਼ਾਲੀ ਮੁਲਕਾਂ ਨੂੰ ਹਮੇਸ਼ਾ ਵਿਸਤਾਰ ਕਰਦੇ ਰਹਿਣ ਦੀ ਲੋੜ ਮਹਿਸੂਸ ਹੁੰਦੀ ਹੈ, ਉਹ ਕਦੇ ਵੀ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਨਹੀਂ ਹੁੰਦੇ। ਉਹ ਹੋਰ ਇਲਾਕੇ, ਹੋਰ ਸਰੋਤ, ਹੋਰ ਧਨ ਲੁੱਟਣਾ ਅਤੇ ਹੋਰ ਮਰਦਾਂ ਤੇ ਔਰਤਾਂ ਨੂੰ ਗ਼ੁਲਾਮ ਬਣਾਉਣਾ ਲੋਚਦੇ ਹਨ। ਇਹ ਸਭ ਦੂਜੀ ਆਲਮੀ ਜੰਗ ਸ਼ੁਰੂ ਹੋਣ ਦਾ ਕਾਰਨ ਬਣਿਆ। ਇਹ ਅਜਿਹਾ ਟਕਰਾਅ ਸੀ, ਜਿਸ ਦੌਰਾਨ ਕਰੋੜਾਂ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਕਈ ਸ਼ਹਿਰ ਤੇ ਮੁਲਕ ਤਬਾਹ ਹੋ ਗਏ। ਦੂਜੀ ਆਲਮੀ ਜੰਗ ਦੌਰਾਨ ਹੋਈ ਤਬਾਹੀ ਪਹਿਲੀ ਆਲਮੀ ਜੰਗ ਨਾਲੋਂ ਕਿਤੇ ਵੱਧ ਸੀ।
ਅੱਜ ਧਰਤੀ ਅੰਦਰਲੇ ਦੁਰਲੱਭ ਖਣਿਜਾਂ, ਪੂਰੀ ਸਪਲਾਈ ਲੜੀ, ਇਨ੍ਹਾਂ ਖਣਿਜਾਂ ਦੇ ਖਣਨ ਤੇ ਇਨ੍ਹਾਂ ਨੂੰ ਕੱਢਣ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੀ ਲੜੀ ਉੱਤੇ ਕੰਟਰੋਲ ਹਾਸਲ ਕਰਨ ਲਈ ਪੂਰੇ ਵਿਸ਼ਵ ਵਿੱਚ ਦੌੜ ਲੱਗੀ ਹੋਈ ਹੈ। ਸੰਯੁਕਤ ਰਾਜ ਅਮਰੀਕਾ ਅਤੇ ਚੀਨ ਦੇ ਵੱਡੇ ਅਰਥਚਾਰਿਆਂ ਨੂੰ ਇਨ੍ਹਾਂ ਖਣਿਜਾਂ ਦੀ ਲੋੜ ਹੈ ਜਿਵੇਂ ਉਨ੍ਹਾਂ ਨੂੰ ਆਪਣੇ ਵਿਸ਼ਾਲ ਡੇਟਾ ਸੈਂਟਰਾਂ ਨੂੰ ਚੱਲਦੇ ਰੱਖਣ ਲਈ ਵੱਡੀ ਮਾਤਰਾ ਵਿੱਚ ਊਰਜਾ ਦੀ ਲੋੜ ਹੁੰਦੀ ਹੈ। ਹਰ ਚੀਜ਼ ਨੂੰ ਜੀ ਡੀ ਪੀ ’ਚ ਵਾਧੇ ਦੇ ਨਜ਼ਰੀਏ ਤੋਂ ਮਾਪਿਆ ਜਾਂਦਾ ਹੈ; ਨਤੀਜੇ ਵਜੋਂ ਕੰਪਨੀਆਂ ਨੂੰ ਵੀ ਵਿਸਥਾਰ ਕਰਨਾ ਪੈਂਦਾ ਹੈ ਅਤੇ ਇੱਕ ਦੂੁਜੇ ਨੂੰ ਠਿੱਬੀ ਲਾਉਣ ਦਾ ਗਹਿਗੱਚ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ। ਨਿੱਜੀ ਖੇਤਰ ਵਿੱਚ ਸ਼ੁਰੂ ਹੋਈਆਂ ਕੋਸ਼ਿਸ਼ਾਂ ਹੌਲੀ-ਹੌਲੀ ਸਿਆਸੀ ਖੇਤਰ ਤੱਕ ਫੈਲ ਜਾਂਦੀਆਂ ਹਨ ਅਤੇ ਛੇਤੀ ਹੀ ਮੁਲਕਾਂ ਦੀਆਂ ਸੈਨਾਵਾਂ ਵੀ ਇਸ ਵਿੱਚ ਸ਼ਾਮਿਲ ਹੋ ਜਾਂਦੀਆਂ ਹਨ।
ਉਨ੍ਹੀਵੀਂ-ਵੀਹਵੀਂ ਸਦੀ ਵਿੱਚ ਬਰਤਾਨੀਆ, ਫਰਾਂਸ, ਜਰਮਨੀ, ਰੂਸ ਅਤੇ ਜਾਪਾਨ ਜਿਹੀਆਂ ਵੱਡੀਆਂ ਸ਼ਕਤੀਆਂ ਵੱਲੋਂ ਚੀਨ ਦੇ ਵੱਖ-ਵੱਖ ਖੇਤਰਾਂ ਉੱਤੇ ਆਪਣਾ ਦਬਦਬਾ ਕਾਇਮ ਕਰਨ ਤੋਂ ਲੈ ਕੇ ਨਵ-ਸਾਮਰਾਜਵਾਦੀ ਦੌਰ ਵਿੱਚ ਪੱਛਮੀ ਯੂਰੋਪ ਦੇ ਸੱਤ ਸ਼ਕਤੀਸ਼ਾਲੀ ਮੁਲਕਾਂ ਵੱਲੋਂ ਅਫਰੀਕਾ ਦੇ ਜ਼ਿਆਦਾਤਰ ਹਿੱਸੇ ਨੂੰ ਆਪੋ-ਆਪਣੀ ਬਸਤੀ ਬਣਾਉਣ ਤੱਕ ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ, ਜਿੱਥੇ ਵੱਡੀਆਂ ਤਾਕਤਾਂ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਮੁਕਾਬਲਤਨ ਕਮਜ਼ੋਰ ਮੁਲਕਾਂ ਦੇ ਅਰਥਚਾਰਿਆਂ ਅਤੇ ਸਰੋਤਾਂ ਦੀ ਲੁੱਟ ਕੀਤੀ। ਰੂਸ ਅਜਿਹਾ ਦੇਸ਼ ਹੈ, ਜਿਸ ਕੋਲ ਜ਼ਮੀਨ ਦੀ ਕੋਈ ਕਮੀ ਨਹੀਂ, ਪਰ ਇਹ ਸੋਵੀਅਤ ਯੂਨੀਅਨ ਦੇ ਟੁੱਟਣ ਕਾਰਨ ਇਸ ਦਾ ਹਿੱਸਾ ਨਾ ਰਹੇ ਯੂਕਰੇਨ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਯੂਕਰੇਨ ਆਪਣੀ ਮਨੁੱਖੀ ਪੂੰਜੀ, ਖੇਤਰ, ਪ੍ਰਮਾਣੂ ਸਰੋਤਾਂ ਅਤੇ ਸਮੁੰਦਰ ਤੱਕ ਪਹੁੰਚ ਦੇ ਮਾਮਲੇ ਵਿੱਚ ਬਹੁਤ ਅਮੀਰ ਹੈ ਅਤੇ ਰੂਸ ਨੂੰ ਇਹ ਚਾਹੀਦਾ ਹੈ। ਯੂਕਰੇਨ ਜ਼ਰੀਏ ਨਾਟੋ ਵੱਲੋਂ ਰੂਸ ਦੀਆਂ ਸਰਹੱਦਾਂ ਤੱਕ ਆਪਣਾ ਪ੍ਰਭਾਵ ਵਧਾ ਸਕਣ ਦੇ ਬਹਾਨੇ ਰੂਸ ਨੂੰ ਇਸ ਉੱਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ। ਨਾਟੋ ਨੂੰ ਵੀ ਯੂਕਰੇਨ ਵਿੱਚ ਇਹੋ ਸੰਭਾਵਨਾ ਦਿਸਦੀ ਹੈ ਅਤੇ ਇਹ ਆਪਣੇ ਮੈਂਬਰਾਂ ਵਿੱਚ ਇਸ ਦੇ ਸਰੋਤਾਂ ਨੂੰ ਵੰਡਣ ਦੀ ਕੋਸ਼ਿਸ਼ ਵਿੱਚ ਹੈ ਜਦੋਂਕਿ ਅਮਰੀਕੀ ਸ਼ਰ੍ਹੇਆਮ ਜੰਗੀ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸ ਦਾ ਨਤੀਜਾ ਸਾਮਰਾਜੀਆਂ ਦੇ ਪੁਰਾਣੇ ਤੇ ਅਜ਼ਮਾਏ ਹੋਏ ਤਰੀਕੇ, ਜੰਗ ਵਿੱਚ ਨਿਕਲਿਆ।
ਵਿਸ਼ਾਲ ਤੇਲ ਭੰਡਾਰਾਂ ਵਾਲਾ ਮੁਲਕ ਵੈਨੇਜ਼ੁਏਲਾ, ਸੰਯੁਕਤ ਰਾਜ ਅਮਰੀਕਾ ਲਈ ਇੱਕ ਆਸਾਨ ਨਿਸ਼ਾਨਾ ਸਾਬਿਤ ਹੋਇਆ। ਇਸ ਤੋਂ ਬਾਅਦ ਕਿਊਬਾ ਅਤੇ ਗ੍ਰੀਨਲੈਂਡ ਅਮਰੀਕਾ ਦੀ ਸੂਚੀ ਵਿੱਚ ਹਨ। ਇਹ ਗੱਲ ਕੋਈ ਲੁਕੀ-ਛੁਪੀ ਨਹੀਂ ਹੈ ਕਿ ਇਜ਼ਰਾਈਲ ਮੱਧ ਪੂਰਬ ਨੂੰ ਆਪਣੀ ਮਰਜ਼ੀ ਮੁਤਾਬਿਕ ਸਰੂਪ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂਕਿ ਇਰਾਨ ਦੀ ਆਪਣੀ ਯੋਜਨਾ ਹੈ। ਰੂਸ ਵੱਲੋਂ ਯੂਕਰੇਨ ’ਤੇ ਪੇਸ਼ਬੰਦੀ ਵਜੋਂ ਹਮਲਾ ਕੀਤੇ ਜਾਣ ਵਾਂਗ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ’ਤੇ ਪ੍ਰਮਾਣੂ ਹਥਿਆਰ ਬਣਾਉਣ ਅਤੇ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਵਿਕਸਿਤ ਕਰਨ ਤੋਂ ਰੋਕਣ ਦੀ ਗੱਲ ਆਖ ਕੇ ਜ਼ੋਰਦਾਰ ਹਮਲਾ ਕੀਤਾ।
ਤੇਲ ਭੰਡਾਰਾਂ ਸਦਕਾ ਅਮੀਰ ਖਾੜੀ ਮੁਲਕ ਆਪਣੀ ਸੁਰੱਖਿਆ ਲਈ ਸੰਯੁਕਤ ਰਾਜ ਅਮਰੀਕਾ ’ਤੇ ਨਿਰਭਰ ਹਨ; ਨਤੀਜੇ ਵਜੋਂ, ਉਨ੍ਹਾਂ ਨੂੰ ਵੀ ਆਟੇ ਨਾਲ ਘੁਣ ਪਿਸਣ ਵਾਂਗ ਇਸ ਟਕਰਾਅ ਦੇ ਸਿੱਟੇ ਭੁਗਤਣੇ ਪੈ ਰਹੇ ਹਨ। ਇਸ ਦੇ ਨਾਲ ਹੀ ਇਰਾਨ ਦੀ ‘ਬੇਜੋੜ ਰਣਨੀਤੀ’ ਅਤੇ ਹਮਲੇ ਦੀ ਪ੍ਰਤੀਕਿਰਿਆ ਵਜੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਕਾਰਨ ਵਿਸ਼ਵ ਅਰਥਵਿਵਸਥਾ ਨੂੰ ਨੁਕਸਾਨ ਪੁੱਜ ਰਿਹਾ ਹੈ।
ਬੀਤੇ ਸਮੇਂ ਦੌਰਾਨ ਯੁੱਧ ਦਾ ਧੂੰਆਂ ਬੈਠਣ ਮਗਰੋਂ ਹੀ ਸੰਧੀਆਂ ਅਤੇ ਸੰਗਠਨਾਂ ਦੇ ਰੂਪ ਵਿੱਚ ਉਮੀਦ ਦੀ ਇੱਕ ਕਿਰਨ ਉੱਭਰੀ ਸੀ: ਲੀਗ ਔਫ ਨੇਸ਼ਨਜ਼ ਮਗਰੋਂ ਅਜਿਹੀ ਹੀ ਸੰਸਥਾ ਵਜੋਂ ਸਥਾਪਿਤ ਸੰਯੁਕਤ ਰਾਸ਼ਟਰ ਦਾ ਮੁੱਖ ਉਦੇਸ਼ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣਾ ਸੀ; ਵਿਸ਼ਵ ਬੈਂਕ ਸਮੂਹ (ਮੂਲ ਰੂਪ ਵਿੱਚ ਇੰਟਰਨੈਸ਼ਨਲ ਬੈਂਕ ਫੌਰ ਰੀਕੰਸਟ੍ਰਕਸ਼ਨ ਐਂਡ ਡਿਵੈਲਪਮੈਂਟ) ਦੂਜੀ ਆਲਮੀ ਜੰਗ ਮਗਰੋਂ ਯੂਰੋਪ ਤੇ ਜਾਪਾਨ ਦੇ ਪੁਨਰ- ਨਿਰਮਾਣ ਵਿੱਚ ਮਦਦ ਲਈ ਸਥਾਪਿਤ ਕੀਤਾ ਗਿਆ ਸੀ; ਅਤੇ ਡਬਲਿਊ ਟੀ ਓ (ਵਿਸ਼ਵ ਵਪਾਰ ਸੰਗਠਨ- ਮੂਲ ਰੂਪ ਵਿੱਚ ਗੈਟ ਜਾਂ ਟੈਰਿਫ ਅਤੇ ਵਪਾਰ ਬਾਰੇ ਆਮ ਸਮਝੌਤਾ) ਵਪਾਰ ਵਿੱਚ ਪੈਂਦੇ ਅੜਿੱਕੇ ਦੂਰ ਲਈ ਸਥਾਪਿਤ ਕੀਤੀ ਗਈ; ਕੌਮਾਂਤਰੀ ਵਿੱਤੀ ਪ੍ਰਣਾਲੀ ਦੀ ਸਥਿਰਤਾ ਯਕੀਨੀ ਬਣਾਉਣ ਲਈ ਕੌਮਾਂਤਰੀ ਮੁਦਰਾ ਕੋਸ਼ (ਆਈ ਐੱਮ ਐੱਫ) ਬਣਾਇਆ ਗਿਆ; ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਦਾ ਮਕਸਦ ਕੌਮਾਂਤਰੀ ਜਨਤਕ ਸਿਹਤ ਦੇ ਖੇਤਰ ਵਿੱਚ ਕੰਮ ਕਰਨਾ ਸੀ; ਯੂਨੀਸੈੱਫ, ਯੂਨੈਸਕੋ ਆਦਿ... ਮੈਂ ਹੋਰ ਵੀ ਬਥੇਰੀਆਂ ਅਜਿਹੀਆਂ ਸੰਸਥਾਵਾਂ ਅਤੇ ਅਦਾਰਿਆਂ ਦੇ ਨਾਂ ਗਿਣਾ ਸਕਦਾ ਹਾਂ, ਜਿਨ੍ਹਾਂ ਰਾਹੀਂ ਵੇਲੇ ਦੀ ਲੀਡਰਸ਼ਿਪ ਨੇ ਅਤੀਤ ਦੀਆਂ ਗ਼ਲਤੀਆਂ ਸੁਧਾਰਨ ਅਤੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਦੁਨੀਆ ਨੂੰ ਮਹਾਨ ਲੀਡਰ ਵੀ ਮਿਲੇ, ਜਿਵੇਂ ਹੈਰੀ ਐੱਸ. ਟਰੂਮੈਨ ਨੇ ਯੂਰੋਪ ਦੇ ਪੁਨਰ-ਨਿਰਮਾਣ ਲਈ ਮਾਰਸ਼ਲ ਪਲੈਨ ਲਾਗੂ ਕੀਤਾ ਅਤੇ ਦੂਜੀ ਆਲਮੀ ਜੰਗ ਤੋਂ ਬਾਅਦ ਦੇ ਦੌਰ ਵਿੱਚ ਅਮਰੀਕਾ ਦੀ ਅਗਵਾਈ ਕੀਤੀ। ਬਰਤਾਨੀਆ ਦੇ ਵਿੰਸਟਨ ਚਰਚਿਲ ਨੇ ਨਾ ਸਿਰਫ਼ ਜੰਗ ਦੌਰਾਨ ਅਗਵਾਈ ਕੀਤੀ, ਸਗੋਂ ਜੰਗ ਤੋਂ ਬਾਅਦ ਦੀ ਵਿਵਸਥਾ ਨੂੰ ਆਕਾਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਚਰਚਿਲ ਨੇ ਹੀ ‘ਆਇਰਨ ਕਰਟਨ’ ਸ਼ਬਦ ਘੜਿਆ, ਜਿਸ ਦਾ ਮਤਲਬ ਕਮਿਊਨਿਸਟ ਮੁਲਕਾਂ ਅਤੇ ਸਾਮਰਾਜਵਾਦੀ ਮੁਲਕਾਂ ਦਰਮਿਆਨ ਆਉਣ ਜਾਣ, ਸੰਵਾਦ ਅਤੇ ਵਪਾਰ ਰੋਕਣਾ ਸੀ। ਸ਼ਾਰਲ ਡ’ਗੋਲ ਨੇ ਸਰਕਾਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਨਵੀਂ ਵਿਵਸਥਾ ਕੀਤੀ ਅਤੇ ਫਰਾਂਸ ਨੂੰ ਇੱਕ ਹਾਰੇ ਹੋਏ ਮੁਲਕ ਤੋਂ ਯੂਰੋਪ ਦਾ ਇੱਕ ਤਾਕਤਵਰ ਮੁਲਕ ਬਣਾ ਦਿੱਤਾ। ਜੋਸੇਫ਼ ਸਟਾਲਿਨ ਨੇ ਜੰਗ ਮਗਰੋਂ ਰੂਸ ਦੇ ਪੁਨਰ ਨਿਰਮਾਣ ਅਤੇ ‘ਪੂਰਬੀ ਬਲਾਕ’ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਨਾਲ ਨਾਲ ਸੋਵੀਅਤ ਯੂਨੀਅਨ ਦੀ ਅਗਵਾਈ ਕਰਕੇ ਇਸ ਨੂੰ ਮਹਾਸ਼ਕਤੀ ਬਣਾਇਆ।
ਇਨ੍ਹਾਂ ਸਾਰੇ ਸਿਆਸਤਦਾਨਾਂ ਦੀਆਂ ਸਿਆਸੀ ਵਿਚਾਰਧਾਰਾਵਾਂ ਵੱਖੋ-ਵੱਖਰੀਆਂ ਸਨ, ਪਰ ਫਿਰ ਵੀ ਉਹ ਆਪੋ-ਆਪਣੇ ਦੇਸ਼ਾਂ ਦੇ ਮਹਾਨ ਆਗੂ ਸਨ। ਅਜੋਕੀ ਦੁਨੀਆ ਫਿਰ ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਜਿਹੀ ਬਣ ਗਈ ਜਾਪਦੀ ਹੈ। ਇਹ ਅਜਿਹਾ ਦੌਰ ਹੈ, ਜਿੱਥੇ ਨੇਤਾ ਸ਼ਰ੍ਹੇਆਮ ਕਿਸੇ ਦੇਸ਼ ’ਤੇ ‘ਕਬਜ਼ਾ’ ਕਰਨ ਅਤੇ ਕਿਸੇ ਮੁਲਕ ਨੂੰ ‘ਤਬਾਹ’ ਕਰਨ ਬਾਰੇ ਆਖ ਰਹੇ ਹਨ। ਅਜਿਹੇ ਮਾਹੌਲ ਵਿੱਚ ਸਾਡੇ ਸਮਿਆਂ ’ਚ ਸਹੀ ਤੇ ਗ਼ਲਤ ਦਾ ਨਿਖੇੜਾ ਕਰਨ ਦੇ ਸਮਰੱਥ ਬਣਾਉਣ ਵਾਲੀ ਨੈਤਿਕਤਾ ਕਿੱਧਰ ਗਈ?
ਇਸ ਲੇਖ ਵਿੱਚ ਜਿਨ੍ਹਾਂ ਸੰਗਠਨਾਂ ਤੇ ਅਦਾਰਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਸਮੇਂ ਨਾਲ ਕਮਜ਼ੋਰ ਹੋ ਗਏ ਹਨ ਅਤੇ ਅੱਜ ਉਹ ਆਪਣੇ ਪੁਰਾਣੇ ਰੂਪਾਂ ਦੇ ਮਹਿਜ਼ ਪਰਛਾਵੇਂ ਬਣ ਕੇ ਰਹਿ ਗਏ ਹਨ। ਸੰਯੁਕਤ ਰਾਜ ਅਮਰੀਕਾ ਹੁਣ ਆਪਣੀ ਮੁਕੰਮਲ ਸਰਦਾਰੀ ਦਾ ਦਾਅਵਾ ਕਰਦਿਆਂ ਨਾਟੋ ਵਿੱਚ ਆਪਣੇ ਪੁਰਾਣੇ ਸਹਿਯੋਗੀਆਂ ਦੀ ਰਾਏ ਮੰਨਣ ਤੋਂ ਵੀ ਇਨਕਾਰੀ ਹੈ। ਆਲਮੀ ਵਪਾਰ ਸਮਝੌਤੇ ਹੁਣ ਬੀਤੇ ਦੀ ਗੱਲ ਬਣ ਕੇ ਰਹਿ ਗਏ ਹਨ। ਅਮਰੀਕਾ ਇਕਪਾਸੜ ਹੀ ਦੂਜੇ ਮੁਲਕਾਂ ’ਤੇ ਟੈਰਿਫ ਲਗਾਉਂਦਾ ਹੈ ਜਦੋਂਕਿ ਵੱਖ-ਵੱਖ ਮੁਲਕਾਂ ਨੂੰ ਵਪਾਰਕ ਗੱਠਜੋੜ ਕਰਨੇ ਪੈ ਰਹੇ ਹਨ। ਚੀਨ ਅਤੇ ਰੂਸ ਵੀ ਆਪੋ-ਆਪਣੀ ਡਫਲੀ ’ਤੇ ਆਪੋ-ਆਪਣਾ ਰਾਗ ਅਲਾਪਦਿਆਂ ਆਪਣੇ ਹਿੱਤਾਂ ਦੀ ਪੂਰਤੀ ਲਈ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਪ੍ਰਭਾਵ ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਫਿਰ ਤਕਨੀਕੀ ਖੇਤਰ ਦੇ ਮੁੱਠੀ ਭਰ ਦਿੱਗਜ ਹਨ, ਜਿਨ੍ਹਾਂ ਕੋਲ ਆਪਣੇ ਨਜ਼ਰੀਏ ਮੁਤਾਬਿਕ ਦੁਨੀਆ ਦਾ ਮੁਹਾਣ ਮੋੜਨ ਲਈ ਅਥਾਹ ਦੌਲਤ ਦੇ ਭੰਡਾਰ ਅਤੇ ਸਰੋਤ ਹਨ...। ਤਾਕਤ ਇਸ ਹੱਦ ਤੱਕ ਕੁਝ ਕੁ ਚੋਣਵੇਂ ਲੋਕਾਂ ਦੇ ਹੱਥਾਂ ਵਿੱਚ ਸਿਮਟ ਕੇ ਰਹਿ ਗਈ ਹੈ, ਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਲਾਰਡ ਐਕਟਨ ਨੇ ਕਿਹਾ ਸੀ, ‘‘ਤਾਕਤ ਭ੍ਰਿਸ਼ਟ ਕਰਦੀ ਹੈ ਅਤੇ ਮੁਕੰਮਲ ਤਾਕਤ ਪੂਰੀ ਤਰ੍ਹਾਂ ਭ੍ਰਿਸ਼ਟ ਕਰਦੀ ਹੈ।’’ ਐਪਸਟੀਨ ਫਾਈਲਜ਼ ਵਿੱਚ ਸ਼ਾਮਿਲ ਨਾਵਾਂ ਦੀ ਸੂਚੀ ਸਾਡੇ ਨੈਤਿਕ ਦੀਵਾਲੀਏਪਣ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ। ਵੱਖ-ਵੱਖ ਮੁਲਕਾਂ ਦਰਮਿਆਨ ਸੰਤੁਲਨ ਬਹਾਲ ਕਰਨ ਦੀ ਸਖ਼ਤ ਲੋੜ ਹੈ।
ਵੱਡੀਆਂ ਸ਼ਕਤੀਆਂ ਜਿਸ ਢੰਗ ਨਾਲ ਭੂ-ਸਿਆਸੀ ਚਾਲਾਂ ਚੱਲ ਰਹੀਆਂ ਹਨ, ਉਸ ਹਿਸਾਬ ਨਾਲ ਇਹ ਹੋਰ ਮੁਲਕਾਂ ਨੂੰ ਵੀ ਜੰਗ ਦੀ ਘੁੰਮਣਘੇਰੀ ਵਿੱਚ ਖਿੱਚ ਲੈਣਗੀਆਂ। ਹੁਣ ਸਾਡੇ ਲਈ ਆਪਣੇ ਰਵਾਇਤੀ ਸਹਿਯੋਗੀਆਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਰਾਸ਼ਟਰ ਦੀ ਸੁਰੱਖਿਆ ਲਈ ਨਵੇਂ ਗੱਠਜੋੜ ਬਣਾਉਂਦਿਆਂ ਆਪਣੀ ਰਣਨੀਤਕ ਦਿਸ਼ਾ ਲੱਭਣ ਦਾ ਸਮਾਂ ਹੈ। ਕੌਮਾਂਤਰੀ ਜਨਤਕ ਰਾਇ ਨੂੰ ਆਕਾਰ ਦੇਣ ਅਤੇ ਸਿਆਸਤ ਦੀ ਦਿਸ਼ਾ ਨਿਰਧਾਰਿਤ ਕਰਨ ਵਿੱਚ ਭਾਰਤ ਸਦਾ ਆਪਣੀ ਭੂਮਿਕਾ ਨਿਭਾਉਂਦਾ ਆਇਆ ਹੈ। ਅੱਜ ਸਾਨੂੰ ਸੰਤੁਲਨ ਅਤੇ ਨੈਤਿਕ ਅਖੰਡਤਾ ਲਈ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਾਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਆਵਾਜ਼ ਦੇਸ਼ ਦੇ ਅੰਦਰ ਅਤੇ ਸਾਡੇ ਵਿਦੇਸ਼ੀ ਸਬੰਧਾਂ ਵਿੱਚ ਗੂੰਜਦੀ ਰਹੇ। ਇਨ੍ਹਾਂ ਮੁਸ਼ਕਿਲ ਸਮਿਆਂ ਤੋਂ ਪਾਰ ਜਾਣ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਖੇਤਰੀ ਟਕਰਾਅ ਅਤੇ ਜੰਗ ਕਾਰਨ ਸਾਡੀ ਆਰਥਿਕਤਾ ਅਤੇ ਸਾਡੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਦੋਵਾਂ ਨੂੰ ਖ਼ਤਰਾ ਹੈ।
* ਸਾਬਕਾ ਰਾਜਪਾਲ, ਮਨੀਪੁਰ ਅਤੇ ਸਾਬਕਾ ਡੀ ਜੀ ਪੀ, ਜੰਮੂ ਕਸ਼ਮੀਰ।

