ਬਸਤੀਵਾਦੀ ਮਾਨਸਿਕਤਾ ਤੋਂ ਛੁਟਕਾਰਾ ਕਿਵੇਂ ਮਿਲੇ?
ਬਰਤਾਨਵੀ ਸਾਮਰਾਜ ਵੱਲੋਂ ਨਵੀਂ ਦਿੱਲੀ ਬਣਾਉਣ ਵਾਲੇ ਮੁੱਖ ਡਿਜ਼ਾਈਨਰ ਐਡਵਿਨ ਲੁਟੀਅਨਜ਼ ਦੇ ਰਾਸ਼ਟਰਪਤੀ ਭਵਨ ਵਿਚਲੇ ਬੁੱਤ ਦੀ ਥਾਂ ਸੀ. ਰਾਜਗੋਪਾਲਾਚਾਰੀ ਦਾ ਬੁੱਤ ਲਾਉਣ ਦੇ ਫ਼ੈਸਲੇ ਵਿੱਚ ਵੀ ਅਜਿਹਾ ਹੀ ਪ੍ਰਤੀਕਵਾਦ ਦਿਖਾਈ ਦਿੰਦਾ ਹੈ। ਰਾਜਾਜੀ ਵਜੋਂ ਜਾਣੇ ਜਾਂਦੇ ਰਾਜਗੋਪਾਲਾਚਾਰੀ ਭਾਰਤ ਦੇ ਆਖ਼ਰੀ ਗਵਰਨਰ-ਜਨਰਲ ਆਪਣੇ ਆਪ ਵਿੱਚ ਇੱਕ ਵੱਡੀ ਬੌਧਿਕ ਸ਼ਖ਼ਸੀਅਤ ਸਨ।
ਜਿਸ ਆਸਾਨੀ ਨਾਲ ਹੁਣ ਅਸੀਂ ਆਪਣੇ ਆਪ ਨੂੰ ਬਸਤੀਵਾਦੀ ਮਾਨਸਿਕਤਾ ਤੋਂ ਮੁਕਤ ਕਰਨ ਦਾ ਦਾਅਵਾ ਕਰਦੇ ਹਾਂ, ਉਹ ਕੁਝ ਅਜੀਬ ਜਿਹਾ ਲੱਗਦਾ ਹੈ। ਥਾਵਾਂ ਦੇ ਨਾਮ ਬਦਲਣ, ਉਦਘਾਟਨੀ ਰਸਮਾਂ ਅਤੇ ਚੌਕਸੀ ਨਾਲ ਤਿਆਰ ਕੀਤੇ ਕੁਝ ਭਾਸ਼ਣਾਂ ਰਾਹੀਂ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਇਤਿਹਾਸ ਨੂੰ ਹੁਣ ‘ਦਰੁਸਤ’ ਕਰ ਦਿੱਤਾ ਗਿਆ ਹੈ। ਅੱਜਕੱਲ੍ਹ ਲੋਕ ਆਪਣਾ ਮੂੰਹ-ਮੁਹਾਂਦਰਾ ਬਦਲਣ ਲਈ ਜਿਹੜੇ ਢੰਗ-ਤਰੀਕੇ ਵਰਤਦੇ ਹਨ, ਉਹੋ ਜਿਹੇ ਤਰੀਕਿਆਂ ਤੇ ਤਬਦੀਲੀਆਂ ਨਾਲ ਦੇਸ਼ਾਂ ਨੂੰ ਨਹੀਂ ਬਦਲਿਆ ਜਾ ਸਕਦਾ। ਕਿਸੇ ਸਾਈਨਬੋਰਡ ਨੂੰ ਬਦਲਣ ਨਾਲ ਅਤੀਤ ਦੀ ਗ੍ਰਿਫ਼ਤ ’ਚੋਂ ਬਾਹਰ ਨਹੀਂ ਆਇਆ ਜਾ ਸਕਦਾ। ਇਤਿਹਾਸ ਦੀਆਂ ਪੈੜਾਂ ਸੰਸਥਾਵਾਂ, ਦਰਜਾਬੰਦੀ, ਸੱਤਾ ਦੇ ਬੁਨਿਆਦੀ ਨੇਮਾਂ ਤੇ ਅਸੂਲਾਂ ਅਤੇ ਮਾਨਸਿਕਤਾ ਵਿੱਚ ਕਾਇਮ ਰਹਿੰਦੀਆਂ ਹਨ।
ਬਸਤੀਵਾਦ ਨਾਲ ਸਾਹਮਣਾ ਹੋਣ ’ਤੇ ਭਾਰਤ ’ਚ ਸੱਭਿਆਚਾਰਕ ਬਦਲਾਅ ਆਏ। ਇਸ ਨੇ ਅਰਥਵਿਵਸਥਾ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕੀਤਾ, ਭਾਈਚਾਰਿਆਂ ਨੂੰ ਮੁੜ ਵਰਗੀਕ੍ਰਿਤ ਕੀਤਾ, ਗਿਆਨ ਪ੍ਰਣਾਲੀਆਂ ਨੂੰ ਨਵਾਂ ਰੂਪ ਦਿੱਤਾ ਅਤੇ ਸਟੇਟ ਤੇ ਨਾਗਰਿਕਾਂ ਵਿਚਾਲੇ ਨੌਕਰਸ਼ਾਹੀ ਦੀ ਵਿਵਸਥਾ ਕੀਤੀ, ਜੋ ਅੱਜ ਵੀ ਸਾਡੇ ਰੋਜ਼ਾਨਾ ਜੀਵਨ ’ਤੇ ਅਸਰਅੰਦਾਜ਼ ਹੈ। ਇਸ ਵਿਰਾਸਤ ਨੂੰ ਪ੍ਰਤੀਕਾਤਮਕਤਾ ਰਾਹੀਂ ਮਿਟਾਏ ਜਾ ਸਕਣ ਦੀ ਸੋਚ ਰੱਖਣਾ ਇਸ ਜ਼ਖ਼ਮ ਦੀ ਡੂੰਘਾਈ ਨੂੰ ਘੱਟ ਆਂਕਦਿਆਂ ਇਲਾਜ ਦੀ ਪੇਚੀਦਗੀ ਨੂੰ ਨਾ ਸਮਝਣ ਵਾਲੀ ਗੱਲ ਹੈ।
ਨਵੀਂ ਦਿੱਲੀ ਵਿੱਚ ਰਾਜ ਪੱਥ ਦਾ ਨਵਾਂ ਨਾਂ ਕਰਤੱਵਯ ਪੱਥ ਰੱਖਣ ਦੀ ਉਦਾਹਰਣ ਹੀ ਲੈ ਲਓ। ਇਸ ਤਬਦੀਲੀ ਨੂੰ ਬਸਤੀਵਾਦੀ ਅਤੀਤ ਤੋਂ ਛੁਟਕਾਰਾ ਪਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਗਿਆ ਹੈ। ਫਿਰ ਵੀ ਉੱਪਰ ਤੋਂ ਹੇਠਾਂ ਵੱਲ ਸੱਤਾ ਦਾ ਪ੍ਰਵਾਹ ਅਤੇ ਹਾਕਮਾਂ ਤੇ ਨਾਗਰਿਕਾਂ ਦਰਮਿਆਨ ਦੂਰੀ ਆਮ ਤੌਰ ’ਤੇ ਬਸਤਾਵਾਦੀ ਸ਼ਾਸਨ ਵਾਂਗ ਹੀ ਕਾਇਮ ਹੈ। ਇਸੇ ਲਈ ਸੰਸਦ ਭਵਨ ਦੀ ਨਵੀਂ ਇਮਾਰਤ ਅਜੇ ਵੀ ਸਾਮਰਾਜੀ ਸ਼ਾਸਕਾਂ ਜਿਹੀ ਸਰਬਉੱਚਤਾ ਦਾ ਝਲਕਾਰਾ ਦੇਣ ਲਈ ਤਿਆਰ ਕੀਤੀ ਜਾਪਦੀ ਹੈ। ਸੱਤਾ ਦੀ ਤਰਜ਼ ਕਹਿਣ ਨੂੰ ਸਾਮਰਾਜੀ ਤੋਂ ਰਾਸ਼ਟਰਵਾਦੀ ਵਿੱਚ ਤਬਦੀਲ ਹੋ ਗਈ ਹੈ, ਪਰ ਸੱਤਾ ਦੀ ਸੁਰ ਤੇ ਭਾਸ਼ਾ ਅਜੇ ਵੀ ਸਾਮਰਾਜ ਵਾਲੀ ਹੀ ਹੈ।
ਬਰਤਾਨਵੀ ਸਾਮਰਾਜ ਵੱਲੋਂ ਨਵੀਂ ਦਿੱਲੀ ਬਣਾਉਣ ਵਾਲੇ ਮੁੱਖ ਡਿਜ਼ਾਈਨਰ ਐਡਵਿਨ ਲੁਟੀਅਨਜ਼ ਦੇ ਰਾਸ਼ਟਰਪਤੀ ਭਵਨ ਵਿਚਲੇ ਬੁੱਤ ਦੀ ਥਾਂ ਸੀ. ਰਾਜਗੋਪਾਲਾਚਾਰੀ ਦਾ ਬੁੱਤ ਲਾਉਣ ਦੇ ਫ਼ੈਸਲੇ ਵਿੱਚ ਵੀ ਅਜਿਹਾ ਹੀ ਪ੍ਰਤੀਕਵਾਦ ਦਿਖਾਈ ਦਿੰਦਾ ਹੈ। ਰਾਜਾਜੀ ਵਜੋਂ ਜਾਣੇ ਜਾਂਦੇ ਰਾਜਗੋਪਾਲਾਚਾਰੀ ਭਾਰਤ ਦੇ ਆਖ਼ਰੀ ਗਵਰਨਰ-ਜਨਰਲ ਆਪਣੇ ਆਪ ਵਿੱਚ ਇੱਕ ਵੱਡੀ ਬੌਧਿਕ ਸ਼ਖ਼ਸੀਅਤ ਸਨ। ਬੇਸ਼ੱਕ, ਉਨ੍ਹਾਂ ਨੂੰ ਯਾਦ ਕੀਤਾ ਜਾਣਾ ਬਣਦਾ ਹੈ, ਪਰ ਫਿਰ ਵੀ ਤਬਦੀਲੀ ਦਾ ਇਹ ਅਮਲ ਇੱਕ ਡੂੰਘਾ ਸਵਾਲ ਉਠਾਉਂਦਾ ਹੈ: ਕੀ ਇੱਕ ਸ਼ਖ਼ਸੀਅਤ ਦੇ ਬੁੱਤ ਦੀ ਥਾਂ ਦੂਜੀ ਸ਼ਖ਼ਸੀਅਤ ਦਾ ਬੁੱਤ ਲਾਉਣ ਨਾਲ ਸੰਸਥਾ ਵਜੋਂ ਉਸ ਜਗ੍ਹਾ ਦਾ ਕਿਰਦਾਰ ਬਦਲ ਜਾਂਦਾ ਹੈ ਜਾਂ ਫਿਰ ਇਸ ਨਾਲ ਜੁੜੀਆਂ ਯਾਦਾਂ ਨੂੰ ਲੋਕਾਂ ਦੀ ਸਮ੍ਰਿਤੀ ’ਚੋਂ ਮਿਟਾਇਆ ਜਾ ਸਕਦਾ ਹੈ? ਵਾਇਸਰਾਏ ਦੀ ਰਿਹਾਇਸ਼ ਵਜੋਂ ਬਣਾਈ ਗਈ ਇਹ ਇਮਾਰਤ ਸੱਤਾ ਦੀ ਸਰਬਉੱਚਤਾ, ਇਸ ਦੇ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਅਤੇ ਇਸ ਦੀ ਸ਼ਾਨੋ-ਸ਼ੌਕਤ ਭਰੀ ਛੱਬ ਨੂੰ ਦਰਸਾਉਂਦੀ ਹੈ। ਸੱਤਾ ਦੇ ਗਲਿਆਰਿਆਂ ਅੰਦਰਲੇ ਚਿਹਰੇ ਭਾਵੇਂ ਬਦਲ ਜਾਣ, ਪਰ ਸੱਤਾ ਦਾ ਸੁਭਾਅ ਨਹੀਂ ਬਦਲਦਾ।
ਇਸ ਦਾ ਮਤਲਬ ਪੁਰਾਣੇ ਪ੍ਰਤੀਕਾਂ ਨਾਲ ਮੁੜ ਜੁੜਨ ਦੀ ਭਾਵਨਾਤਮਕ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰਨਾ ਨਹੀਂ ਹੈ। ਇਹ ਪ੍ਰਤੀਕ ਮਾਅਨੇ ਰੱਖਦੇ ਹਨ ਕਿਉਂਕਿ ਇਹ ਲੋਕਾਂ ਦੀਆਂ ਯਾਦਾਂ ਸੁਰਜੀਤ ਕਰਨ ਦੇ ਨਾਲ-ਨਾਲ ਉਮੰਗਾਂ ਨੂੰ ਵੀ ਦਰਸਾਉਂਦੇ ਹਨ। ਫਿਰ ਵੀ ਪ੍ਰਤੀਕ ਢਾਂਚਾਗਤ ਸੁਧਾਰ ਦਾ ਬਦਲ ਨਹੀਂ ਬਣ ਸਕਦੇ। ਸਮਾਜ ਸ਼ਾਸਤਰੀ ਅਨੀਬਲ ਕੁਇਜਾਨੋ ਮੁਤਾਬਿਕ ਪ੍ਰਤੀਕਾਂ ਪ੍ਰਤੀ ਜਨੂੰਨ ਕਿਸੇ ਵੇਲੇ ਸਾਮਰਾਜੀ ਮੁਲਕਾਂ ਦੀਆਂ ਬਸਤੀਆਂ ਰਹੇ ਮੁਲਕਾਂ ਵਿੱਚ ਬਸਤੀਵਾਦੀ ਸ਼ਾਸਨ ਖ਼ਤਮ ਹੋਣ ਤੋਂ ਬਾਅਦ ਵੀ ‘ਬਸਤੀਵਾਦੀ’ ਹਠੀ ਮਾਨਸਿਕਤਾ ਦੇ ਜੋਖ਼ਮ ਨੂੰ ਲੈ ਕੇ ਆਉਂਦਾ ਹੈ। ਡੂੰਘੀ ਚੁਣੌਤੀ ਕਿਤੇ ਹੋਰ ਪਈ ਹੈ। ਬਸਤੀਵਾਦੀ ਸ਼ਾਸਨ ਨੇ ਇੱਕ ਪ੍ਰਸ਼ਾਸਕੀ ਸੱਭਿਆਚਾਰ ਬਣਾਇਆ, ਜੋ ਨਿਆਂ ਨਾਲੋਂ ਵਿਵਸਥਾ ਨੂੰ ਅਤੇ ਗੱਲਬਾਤ ਨਾਲੋਂ ਫ਼ਾਸਲੇ ਨੂੰ ਮਹੱਤਵ ਦਿੰਦਾ ਸੀ। ਸ਼ਾਸਨ ਵਿੱਚ ਨਾਗਰਿਕ ਭਾਗੀਦਾਰ ਨਹੀਂ ਸਨ, ਸਗੋਂ ਉਨ੍ਹਾਂ ਨੂੰ ਰਿਆਇਆ ਮੰਨਿਆ ਜਾਂਦਾ ਸੀ, ਜਿਨ੍ਹਾਂ ’ਤੇ ਸ਼ਾਸਨ ਕੀਤਾ ਜਾਂਦਾ ਸੀ। ਸੁਤੰਤਰ ਭਾਰਤ ਨੂੰ ਇਹ ਪ੍ਰਣਾਲੀ ਵਿਰਾਸਤ ਵਿੱਚ ਮਿਲੀ ਕਿਉਂਕਿ ਅੱਜ ਜਦੋਂ ਨਾਗਰਿਕ ਗ਼ੈਰ-ਜਵਾਬਦੇਹ ਨੌਕਰਸ਼ਾਹਾਂ ਜਾਂ ਧੱਕੇਸ਼ਾਹੀ ਵਾਲੀ ਪੁਲੀਸ ਪ੍ਰਣਾਲੀ ਦਾ ਸਾਹਮਣਾ ਕਰਦੇ ਹਨ ਤਾਂ ਜਾਪਦਾ ਹੈ ਜਿਵੇਂ ਉਹ ਬਸਤੀਵਾਦੀ ਸ਼ਾਸਨ ਦੇ ਭੂਤ ਨੂੰ ਦੇਖ ਰਹੇ ਹੋਣ। ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ ਦਾ ਅਰਥ ਹੈ ਕਿ ਸਟੇਟ ਇੱਕ ਹੁਕਮਰਾਨਾ ਹੋਂਦ ਵਜੋਂ ਨਹੀਂ ਸਗੋਂ ਹਮਦਰਦੀ ਅਤੇ ਦਿਆਲਤਾ ਦੀ ਭਾਵਨਾ ਨਾਲ ਲੋਕਾਂ ਦੀ ਗੱਲ ਸੁਣਨ ਵਾਲਾ ਵਤੀਰਾ ਰੱਖੇ।
ਸਿੱਖਿਆ ਸਾਡੇ ਦੇਸ਼ ਦਾ ਇੱਕ ਹੋਰ ਅਕਸ ਪ੍ਰਤੱਖ ਦਿਖਾਉਂਦੀ ਹੈ। ਸਾਡੀਆਂ ਬਹੁਤੀਆਂ ਯੂਨੀਵਰਸਿਟੀਆਂ ਵਿੱਚ ਯੂਰੋਪ ਤੋਂ ਲਏ ਗਏ ਸਿਧਾਂਤਕ ਢਾਂਚੇ ਨੂੰ ਵਿਆਪਕ ਪੱਧਰ ’ਤੇ ਮਾਨਤਾ ਪ੍ਰਾਪਤ ਹੈ ਜਦੋਂਕਿ ਵੱਖੋ-ਵੱਖ ਭਾਰਤੀ ਬੌਧਿਕ ਪਰੰਪਰਾਵਾਂ ਤਹਿਤ ਆਪਸ ਵਿੱਚ ਸੰਵਾਦ ਰਚਾਉਣ ਦੀ ਰਵਾਇਤ ਮਨਫ਼ੀ ਕਰ ਦਿੱਤੀ ਗਈ। ਕੀਨੀਆ ਦੇ ਚਿੰਤਕ ਗੂਗੀ ਵਾ ਥਿਓਂਗ’ਓ ਦੀ ਦਲੀਲ ਹੈ ਕਿ ਬਸਤੀਵਾਦ ਉਦੋਂ ਤੱਕ ਕਾਇਮ ਰਹਿੰਦਾ ਹੈ ਜਦੋਂ ਤੱਕ ਲੋਕ ਆਪਣੇ ਬਾਰੇ ਉਧਾਰ ਲਏ ਗਏ ਨਜ਼ਰੀਏ ਤੋਂ ਸੋਚਦੇ ਹਨ। ਸਿੱਖਿਆ ਨੂੰ ਬਸਤੀਵਾਦੀ ਨਜ਼ਰੀਏ ਤੋਂ ਮੁਕਤ ਕਰਨ ਦਾ ਮਤਲਬ ਗਿਆਨ ਦਾ ਜਮਹੂਰੀਕਰਨ ਕਰਨਾ ਅਤੇ ਵੱਖ-ਵੱਖ ਬੌਧਿਕ ਪਰੰਪਰਾਵਾਂ ਨੂੰ ਬਰਾਬਰੀ ਨਾਲ ਸੰਵਾਦ ਰਚਾਉਣ ਦੀ ਖੁੱਲ੍ਹ ਦੇਣਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ’ਚ ਵੀ ਸੁਧਾਰਾਂ ਦੀ ਲੋੜ ਹੈ।
ਫਿਰ ਵੀ ਸ਼ਾਇਦ ਸਭ ਤੋਂ ਮੁਸ਼ਕਿਲ ਲੋਕਾਂ ਦੀ ਮਾਨਸਿਕਤਾ ਨੂੰ ਬਦਲਣਾ ਹੈ। ਫ੍ਰਾਂਟਜ਼ ਫੈਨਨ ਨੇ ਬਸਤੀਵਾਦੀ ਸ਼ਾਸਨ ਤੋਂ ਆਜ਼ਾਦ ਹੋਏ ਲੋਕਾਂ ਦੀ ਮਾਨਸਿਕਤਾ ’ਚ ਪਏ ਹੀਣਤਾ ਦੇ ਅੰਦਰੂਨੀ ਪ੍ਰਭਾਵਾਂ ਬਾਰੇ ਲਿਖਿਆ ਹੈ। ਭਾਰਤ ਵਿੱਚ ਇਹ ਸੂਖ਼ਮ ਤਰੀਕਿਆਂ ਨਾਲ ਪ੍ਰਗਟ ਹੁੰਦਾ ਹੈ, ਜਿਵੇਂ ਕੁਝ ਭਾਸ਼ਾਵਾਂ ਨਾਲ ਜੁੜੇ ਰੁਤਬੇ, ਲਹਿਜੇ ਦੀ ਦਰਜਾਬੰਦੀ ਅਤੇ ਦੂਜਿਆਂ ਤੋਂ ਪ੍ਰਮਾਣਿਕਤਾ ਹਾਸਲ ਕਰਨ ਦੀ ਸੋਚ ਵਿੱਚ। ਬੇਲਾਗ ਰਹੇ ਬਿਨਾਂ ਅਤੇ ਬਹੁਲਤਾ ਨੂੰ ਕਾਇਮ ਰੱਖਦਿਆਂ ਆਤਮ-ਵਿਸ਼ਵਾਸ ਮੁੜ ਹਾਸਲ ਕਰਨਾ ਹੀ ਅਸਲ ਵਿੱਚ ਬਸਤੀਵਾਦੀ ਮਾਨਸਿਕਤਾ ਤੋਂ ਮੁਕਤ ਹੋਣਾ ਹੈ।
ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ ਨੂੰ ਮੂਲਵਾਦ ਜਾਂ ਸ਼ਾਵਨਵਾਦ ਸਮਝਣ ਵਿੱਚ ਵੀ ਖ਼ਤਰਾ ਹੈ ਕਿਉਂਕਿ ਬਸਤੀਵਾਦੀ ਮਾਨਸਿਕਤਾ ਤੋਂ ਛੁਟਕਾਰਾ ਸਾਨੂੰ ਮੁਕਤ ਕਰਨ ਵਾਲਾ ਕਾਰਜ ਹੈ ਜਦੋਂਕਿ ਮੂਲਵਾਦ ਜਾਂ ਸ਼ਾਵਨਵਾਦ ਵੱਖ-ਵੱਖ ਭਾਈਚਾਰਿਆਂ ਨੂੰ ਅਲੱਗ-ਥਲੱਗ ਕਰ ਸਕਦਾ ਹੈ। ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ ਸਾਨੂੰ ਦਰਜਾਬੰਦੀ ਨੂੰ ਖ਼ਤਮ ਕਰਨ ਦੇ ਰਾਹ ਪਾਉਂਦੀ ਹੈ, ਨਾ ਕਿ ਇਸ ਨੂੰ ਵੱਖ-ਵੱਖ ਨਾਵਾਂ ਹੇਠ ਮੁੜ ਕਾਇਮ ਕਰਨ ਦੇ। ਇਹ ਸਮਾਨਤਾਵਾਦੀ ਗਣਰਾਜ ਦੀ ਹਾਮੀ ਹੈ। ਇਸ ਲਈ ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ ਬਾਰੇ ਮੂਲ ਭਾਰਤੀ ਸੰਵਾਦ ਕਿਹੋ ਜਿਹਾ ਹੋਵੇਗਾ? ਇਹ ਆਵਾਜ਼ ਉਠਾਉਣ ਦੀ ਸੁਤੰਤਰਤਾ, ਸਰੋਤਾਂ ਤੇ ਮੌਕਿਆਂ ਦੀ ਮੁੜ ਵੰਡ ਨਾਲ ਸ਼ੁਰੂ ਹੋਵੇਗੀ। ਉਦਾਹਰਣ ਵਜੋਂ, ਮੇਰੇ ਪਿੱਤਰੀ ਸੂਬੇ ਬਿਹਾਰ ਦੀ ਗੱਲ ਕਰ ਲਈਏ। ਕੇਂਦਰ ਤੇ ਸੂਬਾਈ ਸਬੰਧਾਂ ਵਿੱਚ ਅਜੇ ਵੀ ਬਸਤੀਵਾਦੀ ਤਰਕ ਭਾਰੂ ਹੈ। ਬਿਹਾਰ ਨੂੰ ਅਜੇ ਵੀ ਇੱਕ ਅਜਿਹਾ ਖੇਤਰ ਸਮਝਿਆ ਜਾਂਦਾ ਹੈ ਜੋ ਦੇਸ਼ ਪ੍ਰਤੀ ਆਪਣਾ ਯੋਗਦਾਨ ਤਾਂ ਪਾਉਂਦਾ ਆ ਰਿਹਾ ਹੈ, ਪਰ ਇਤਿਹਾਸਕ ਤੌਰ ’ਤੇ ਇਸ ਨੂੰ ਕੇਂਦਰ ਤੋਂ ਬਣਦੀ ਸਹਾਇਤਾ ਨਹੀਂ ਮਿਲੀ। ਬਿਹਾਰ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਅਸੀਂ ਦਹਾਕਿਆਂ ਤੋਂ ਮੰਗ ਕਰ ਰਹੇ ਹਾਂ, ਪਰ ਇਹ ਦਰਜਾ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਅਸੀਂ ਹੁਣ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਵਰਗੀਆਂ ਵਿਕਾਸ ਯੋਜਨਾਵਾਂ ਲਈ ਫੰਡਾਂ ਦੇ ਕੇਂਦਰ ਸਰਕਾਰ ਦੇ ਹਿੱਸੇ ਨੂੰ ਦਿਨ-ਬ-ਦਿਨ ਘਟਾਏ ਜਾਣ ਦਾ ਦਬਾਅ ਵੀ ਝੱਲ ਰਹੇ ਹਾਂ।
ਸਹੀ ਰੂਪ ਵਿੱਚ ਬਸਤੀਵਾਦੀ ਮਾਨਸਿਕਤਾ ਤੋਂ ਛੁਟਕਾਰਾ ਸਾਨੂੰ ਜਾਤੀ ਨਾਬਰਾਬਰੀਆਂ ਤੋਂ ਮੁਕਤ ਕਰਦਾ ਹੈ, ਪਰ ਹਕੀਕਤ ਵਿੱਚ ਅਕਸਰ ਇਸ ਨੇ ਇਨ੍ਹਾਂ ਨਾਬਰਾਬਰੀਆਂ ਨੂੰ ਹੋਰ ਪਕੇਰਾ ਕੀਤਾ ਹੈ। ਬਸਤੀਵਾਦੀ ਮਾਨਸਿਕਤਾ ਤੋਂ ਛੁਟਕਾਰਾ ਖੇਤਰੀ ਨਾਬਰਾਬਰੀਆਂ ਅਤੇ ਭਾਸ਼ਾਈ, ਸੱਭਿਆਚਾਰਕ ਤੇ ਧਾਰਮਿਕ ਘੱਟਗਿਣਤੀਆਂ ਦੇ ਹਾਸ਼ੀਏ ’ਤੇ ਧੱਕੇ ਜਾਣ ਦੀ ਸਮੱਸਿਆ ਨੂੰ ਮੁਖ਼ਾਤਬ ਕਰੇਗਾ। ਇਹ ਸੰਸਥਾਵਾਂ ਦਾ ਜਮਹੂਰੀਕਰਨ ਕਰੇਗਾ ਤਾਂ ਜੋ ਗਣਰਾਜ ਵਿੱਚ ਸਮੂਹਿਕਤਾ ਦਾ ਅਹਿਸਾਸ ਕਾਇਮ ਕੀਤਾ ਜਾ ਸਕੇ। ਸਭ ਤੋਂ ਵੱਧ ਇਹ ਸੁਧਾਰਾਂ ਅਤੇ ਹਰ ਪੱਖ ਤੋਂ ਵਿਕਾਸ ਲਈ ਆਲੋਚਨਾਤਮਕ ਰਵੱਈਆ ਅਪਣਾਉਣ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰੇਗਾ। ਇਮਾਨਦਾਰੀ ਨਾਲ ਅੱਗੇ ਵਧਣ ਲਈ ਲੋਕਾਂ ਵਾਂਗ ਦੇਸ਼ਾਂ ਨੂੰ ਵੀ ਆਪਣਾ ਅਤੀਤ ਦਿਆਨਤਦਾਰੀ ਨਾਲ ਯਾਦ ਰੱਖਣਾ ਚਾਹੀਦਾ ਹੈ। ਅਤੀਤ ਨੂੰ ਭੁੱਲਣਾ ਤਾਂ ਸੁਖਾਲਾ ਹੈ; ਪਰ ਇਸ ਦਾ ਲੇਖਾ-ਜੋਖਾ ਬਹੁਤ ਔਖਾ ਹੈ। ਫਿਰ ਵੀ ਜੇ ਸਹੀ ਲੇਖਾ-ਜੋਖਾ ਨਾ ਕੀਤਾ ਜਾਵੇ ਤਾਂ ਅਤੀਤ ਲੁਕਵੇਂ ਰੂਪਾਂ ਵਿੱਚ ਮੁੜ ਸਾਹਵੇਂ ਆ ਖਲੋਂਦਾ ਹੈ। ਬਸਤੀਵਾਦੀ ਮਾਨਸਿਕਤਾ ਤੋਂ ਛੁਟਕਾਰੇ ਦਾ ਮਤਲਬ ਬਦਲੇ ਨਾਵਾਂ ਵਾਲੇ ਚੌਕ-ਚੁਰਾਹਿਆਂ ਅਤੇ ਵਿਸ਼ੇਸ਼ ਥਾਵਾਂ ’ਤੇ ਕੀਤਾ ਜਾਣ ਵਾਲਾ ਕੋਈ ਰਸਮੀ ਅਭਿਆਸ ਨਹੀਂ ਹੁੰਦਾ। ਇਹ ਸੱਤਾ ਦੇ ਨੇਮਾਂ ਤੇ ਅਸੂਲਾਂ ਅਤੇ ਸਮਾਜ ਦੀ ਮਾਨਸਿਕਤਾ ਦਾ ਅਟੁੱਟ ਹਿੱਸਾ ਹੋਣਾ ਚਾਹੀਦਾ ਹੈ। ਸੱਚਮੁੱਚ ਬਸਤੀਵਾਦੀ ਮਾਨਸਿਕਤਾ ਤੋਂ ਛੁਟਕਾਰੇ ਦਾ ਵਿਚਾਰ ਹਰ ਨਾਗਰਿਕ ਦੀ ਗਿਆਨ ਤੱਕ ਬਰਾਬਰ ਪਹੁੰਚ, ਵਿਰਸੇ ’ਚ ਮਿਲੇ ਮਾਣ ਦੀ ਬਜਾਏ ਸਵੈ-ਮਾਣ ਅਤੇ ਸੰਸਥਾਵਾਂ ਨੂੰ ਹੈਂਕੜ ਭਰੇ ਸਾਮਰਾਜੀ ਰਵੱਈਏ ਦੀ ਬਜਾਏ ਜਮਹੂਰੀ ਤੇ ਨਿਮਰ ਬਣਾ ਦੇਵੇਗਾ। ਸਾਮਰਾਜ ਸਾਡੇ ਵੱਲੋਂ ਸਥਾਪਿਤ ਕੀਤੀਆਂ ਜਾਣ ਵਾਲੀਆਂ ਕਾਂਸੀ ਦੀਆਂ ਮੂਰਤੀਆਂ ਤੇ ਬੁੱਤਾਂ ਵਿੱਚੋਂ ਨਹੀਂ ਸਗੋਂ ਦਰਜਾਬੰਦੀ, ਹਾਸ਼ੀਏ ’ਤੇ ਧੱਕੇ ਲੋਕਾਂ ਦੇ ਆਵਾਜ਼ ਉਠਾਉਣ ’ਤੇ ਕਿੰਤੂ ਕੀਤੇ ਜਾਣ ਅਤੇ ਨੌਕਰਸ਼ਾਹੀ ਦੇ ਅੜਬ ਰਵੱਈਏ ਨੂੰ ਸਹਿਜ ਨਾਲ ਲੈਣ ਵਿੱਚੋਂ ਝਲਕਦਾ ਹੈ। ਅਦਿੱਖ ਬਸਤੀਵਾਦੀ ਮਾਨਸਿਕਤਾ ਤੋਂ ਛੁਟਕਾਰਾ ਮਹਿਜ਼ ਜਸ਼ਨ ਮਨਾ ਕੇ ਨਹੀਂ ਮਿਲ ਸਕਦਾ ਸਗੋਂ ਇਸ ਨੂੰ ਖ਼ਤਮ ਕਰਨ ਲਈ ਸੱਤਾ ਦੇ ਜਮਹੂਰੀਕਰਨ ਅਤੇ ਇਸ ਨੂੰ ਮਨੁੱਖਤਾ ਪੱਖੀ ਬਣਾਉਣ ਦੇ ਦ੍ਰਿੜ ਇਰਾਦੇ ਦੀ ਲੋੜ ਹੈ।

