DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਹੋਲਾ ਮਹੱਲਾ

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਯੁੱਧ-ਵਿੱਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਹੋਲਾ ਮਹੱਲਾ ਦੀ ਖ਼ਾਲਸਈ ਰਵਾਇਤ ਆਰੰਭ ਕੀਤੀ। ਇਤਿਹਾਸ ਗਵਾਹ ਹੈ ਕਿ ਪਾਤਸ਼ਾਹ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਹੋਲਾ-ਮਹੱਲਾ ਦੇ ਰੂਪ ਵਿੱਚ ਮਨਾਏ ਜਾਂਦੇ ਜੰਗਜੂ ਤਿਉਹਾਰ ਸਮੇਂ ਸਿੰਘਾਂ ਦੀਆਂ ਆਪਸ ਵਿੱਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ।

  • fb
  • twitter
  • whatsapp
  • whatsapp
Advertisement

ਹੋਲਾ ਮਹੱਲਾ ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਹੈ, ਜਿਸ ਦੀ ਸ਼ੁਰੂਆਤ ਪਿੱਛੇ ਉੱਚੀਆਂ-ਸੁੱਚੀਆਂ ਤੇ ਸਾਰਥਿਕ ਕਦਰਾਂ-ਕੀਮਤਾਂ ਹਨ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਾਂ ਦੀ ਸ਼ਖ਼ਸੀਅਤ ਉਸਾਰੀ ਲਈ ਅਗਾਂਹਵਧੂ ਸੋਚ ਹੋਲਾ ਮਹੱਲਾ ਦੀ ਰਵਾਇਤ ਪਿੱਛੇ ਸ਼ਕਤੀ ਅਤੇ ਪ੍ਰੇਰਣਾ ਵਜੋਂ ਕੰਮ ਕਰਦੀ ਹੈ। ਦਸਮ ਗੁਰੂ ਦਾ ਮੰਤਵ ਨਿਰਾਰਥਕ ਅਤੇ ਉਦੇਸ਼ਹੀਣ ਮਾਨਵ ਸ਼ਕਤੀ ਨੂੰ ਚੜ੍ਹਦੀ ਕਲਾ ਨਾਲ ਜੋੜ ਕੇ ਸਿਹਤਮੰਦ ਸਮਾਜ ਦੀ ਸਿਰਜਨਾ ਕਰਨਾ ਸੀ ਅਤੇ ਇਸੇ ਦਿਸ਼ਾ ਵਿੱਚ ਹੀ ਉਨ੍ਹਾਂ ਨੇ ਖਾਲਸਈ ਦਿਹਾੜਿਆਂ ਨੂੰ ਆਰੰਭ ਕੀਤਾ। ਇਤਿਹਾਸ ਅੰਦਰ ਜਿਨ੍ਹਾਂ ਖ਼ਾਲਸਈ ਰੰਗ ਵਿੱਚ ਪੇਸ਼ ਦਿਹਾੜਿਆਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਵਿੱਚ ਹੋਲਾ ਮਹੱਲਾ ਤੋਂ ਇਲਾਵਾ ਬੰਦੀ ਛੋੜ ਦਿਵਸ ਤੇ ਖਾਲਸਾ ਸਾਜਨਾ ਦਿਵਸ ਆਦਿ ਪ੍ਰਮੁੱਖ ਹਨ। ਇਨ੍ਹਾਂ ਖ਼ਾਲਸਈ ਦਿਹਾੜਿਆਂ ਨੇ ਇਕੱਲਾ ਸਿੱਖਾਂ ਨੂੰ ਹੀ ਨਵਾਂ ਜੋਸ਼ ਅਤੇ ਸ਼ਕਤੀ ਨਹੀਂ ਦਿੱਤੀ, ਸਗੋਂ ਸਮੁੱਚੀ ਮਾਨਵਤਾ ਨੇ ਹੀ ਚੇਤ, ਅਚੇਤ ਰੂਪ ਵਿੱਚ ਇਨ੍ਹਾਂ ਦਾ ਪ੍ਰਭਾਵ ਕਬੂਲਿਆ।

ਹੋਲਾ ਮਹੱਲਾ ਬਸੰਤ ਰੁੱਤ ਦੇ ਤਿਉਹਾਰ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇੱਕ ਸੰਮਤ 1757 ਬਿਕਰਮੀ ਵਾਲੇ ਦਿਨ, ਸ੍ਰੀ ਆਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ ਦੇ ਸਥਾਨ ’ਤੇ ਹੋਲੇ ਮਹੱਲੇ ਦਾ ਆਰੰਭ ਕੀਤਾ ਸੀ। ਗੁਰੂ ਸਾਹਿਬ ਦਾ ਮੰਤਵ ਤੇ ਉਦੇਸ਼ ਬੜਾ ਉਸਾਰੂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਸਿੱਖਾਂ ਦੇ ਅੰਦਰ ‘ਫ਼ਤਹਿ’ ਦੇ ਮੰਤਵ ਨੂੰ ਹੋਰ ਦ੍ਰਿੜ੍ਹ ਕਰਨਾ ਚਾਹੁੰਦੇ ਸਨ। ਦਸਮੇਸ਼ ਪਿਤਾ ਨੇ ਮਾਨਵਤਾ ਨੂੰ ਸਵੈਮਾਣ ਤੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਉਨ੍ਹਾਂ ਵਿੱਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਦੇ ਮਕਸਦ ਨਾਲ ਹੋਲੀ ਦੀ ਥਾਂ ਹੋਲੇ ਮਹੱਲੇ ਦਾ ਪ੍ਰਚਲਨ ਕੀਤਾ। ਕੌਮ ਅੰਦਰ ਆਜ਼ਾਦੀ ਦੀ ਭਾਵਨਾ ਭਰਨ ਲਈ ਕਲਗੀਧਰ ਪਿਤਾ ਨੇ ਜਿੱਥੇ ਖ਼ਾਲਸਾ ਸਾਜ ਕੇ ਲੋਕਾਈ ਨੂੰ ਨਵਾਂ ਜੀਵਨ ਬਖ਼ਸ਼ਿਆ, ਉੱਥੇ ਭਾਰਤੀ ਸਮਾਜ ਲਈ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਰਸਮਾਂ ਨੂੰ ਮਨਾਉਣ ਦੇ ਢੰਗ ਵਿੱਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਦਸਮੇਸ਼ ਪਿਤਾ ਵੱਲੋਂ ਚਲਾਇਆ ਹੋਲਾ ਮਹੱਲਾ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦਾ ਅਨੋਖਾ ਢੰਗ ਹੈ। ਹੋਲਾ ਮਹੱਲਾ ਸਿੱਖਾਂ ਨੂੰ ਹਰ ਸਾਲ ਦ੍ਰਿੜ੍ਹ ਵਿਸ਼ਵਾਸ, ਪਰਮਾਤਮਾ ਦੀ ਭਗਤੀ ਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ ਨੂੰ ਅਪਨਾਉਣ ਅਤੇ ਜ਼ੁਲਮ, ਜਬਰ, ਨਾਸਤਿਕਤਾ ਤੇ ਭ੍ਰਿਸ਼ਟਾਚਾਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ।

Advertisement

ਪ੍ਰਚੱਲਿਤ ਤਿਉਹਾਰ ਹੋਲੀ ਦਾ ਇਹ ਬਦਲ ਹੋਲੇ-ਮਹੱਲੇ ਦੇ ਰੂਪ ਵਿੱਚ ਇਨਕਲਾਬੀ ਸੰਕਲਪ ਵਜੋਂ ਸੀ, ਜਿਸ ਦਾ ਢੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਨਿਸ਼ਚਿਤ ਕੀਤਾ। ਇਸ ਦੀ ਅਲੌਕਿਕ ਮਹਿ਼ਮਾ ਦਾ ਵਰਣਨ ਕਰਦਿਆਂ ਕਵੀ ਸੁਮੇਰ ਸਿੰਘ ਇਸ ਤਰ੍ਹਾਂ ਲਿਖਦੇ ਹਨ:

Advertisement

ਔਰਨ ਕੀ ਹੋਲੀ ਮਮ ਹੋਲਾ।

ਕਹਯੋ ਕ੍ਰਿਪਾਨਿਧ ਬਚਨ ਅਮੋਲਾ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਯੁੱਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਰੀਤ ਅਨੁਸਾਰ ਚੇਤ ਵਦੀ 1 ਨੂੰ ਸਿੱਖਾਂ ਵਿੱਚ ਹੋਲਾ ਮਹੱਲਾ ਹੁੰਦਾ ਹੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇੱਕ ਖ਼ਾਸ ਹਮਲੇ ਦੀ ਥਾਂ ਹਮਲਾ ਕਰਦੇ ਹਨ। ਕਲਗੀਧਰ ਆਪ ਇਸ ਬਣਾਉਟੀ ਲੜਾਈ ਨੂੰ ਵੇਖਦੇ ਤੇ ਦੋਵਾਂ ਜਥਿਆਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ। ਜਿਹੜਾ ਜਥਾ ਜੇਤੂ ਹੁੰਦਾ ਉਸ ਨੂੰ ਸਿਰੋਪਾ ਬਖ਼ਸ਼ਿਸ਼ ਕਰਦੇ। ਭਾਈ ਵੀਰ ਸਿੰਘ ਅਨੁਸਾਰ- ਮਹੱਲਾ ਸ਼ਬਦ ਤੋਂ ਭਾਵ ‘ਮਯ ਹੱਲਾ’ ਭਾਵ ਬਣਾਉਟੀ ਹਮਲਾ ਹੈ।

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਯੁੱਧ-ਵਿੱਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਹੋਲਾ ਮਹੱਲਾ ਦੀ ਖ਼ਾਲਸਈ ਰਵਾਇਤ ਆਰੰਭ ਕੀਤੀ। ਇਤਿਹਾਸ ਗਵਾਹ ਹੈ ਕਿ ਪਾਤਸ਼ਾਹ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਹੋਲਾ-ਮਹੱਲਾ ਦੇ ਰੂਪ ਵਿੱਚ ਮਨਾਏ ਜਾਂਦੇ ਜੰਗਜੂ ਤਿਉਹਾਰ ਸਮੇਂ ਸਿੰਘਾਂ ਦੀਆਂ ਆਪਸ ਵਿੱਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ। ਲੋਕ ਕਾਇਰਤਾ ਭਰੇ ਮਾਹੌਲ ’ਚੋਂ ਨਿਕਲ ਕੇ ਇਸ ਉਤਸਵ ਵਿੱਚ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਲ ਹੋਣ ਲੱਗੇ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਲਾ ਮਹੱਲਾ ਮਨਾਉਣ ਦੀ ਚਲਾਈ ਰੀਤ ਸਿੱਖਾਂ ਅੰਦਰ ਸ਼ਕਤੀ ਤੇ ਅਣਖ ਨੂੰ ਪ੍ਰਗਟ ਕਰਨ ਦਾ ਅਨੋਖਾ ਢੰਗ ਸੀ। ਇਹ ਖ਼ਾਲਸਾ ਪੰਥ ਲਈ ਸਵੈਮਾਣ, ਖਾਲਸੇ ਦੇ ਬੋਲ-ਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਨਾਲ ਸਿੱਖਾਂ ਅੰਦਰ ਜਬਰ ਜ਼ੁਲਮ ਵਿਰੁੱਧ ਜੂਝਣ ਲਈ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ। ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਦਰਸਾਉਂਦੇ ਇਸ ਕੌਮੀ ਤਿਉਹਾਰ ਮੌਕੇ ਹਰ ਸਾਲ ਲੱਖਾਂ ਸੰਗਤਾਂ ਪਾਵਨ ਧਰਤੀ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਪੁੱਜਦੀਆਂ ਹਨ। ਇਸ ਮੌਕੇ ਜਿੱਥੇ ਧਾਰਮਿਕ ਦੀਵਾਨ ਸਜਦੇ ਹਨ ਉੱਥੇ ਨਿਹੰਗ ਸਿੰਘਾਂ ਦੇ ਜੰਗਜੂ ਕਰਤੱਬ ਸੰਗਤਾਂ ਦੀ ਖਿੱਚ ਦਾ ਕੇਂਦਰ ਹੁੰਦੇ ਹਨ। ਖ਼ਾਲਸੇ ਦਾ ਹੋਲਾ ਮਹੱਲਾ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦਾ ਅਨੋਖਾ ਢੰਗ ਹੈ। ਇੰਝ ਖ਼ਾਲਸਾ ਪੰਥ ਵਿੱਚ ਹੋਲਾ ਮਹੱਲਾ ਦੇ ਮੰਤਵ ਤੇ ਉਦੇਸ਼ ਬੜੇ ਉਸਾਰੂ ਤੇ ਸਾਰਥਿਕ ਹਨ।

ਅੱਜ ਆਪਣੇ ਵਿਰਸੇ ਤੋਂ ਦੂਰ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਇਹ ਤਿਉਹਾਰ ਪ੍ਰੇਰਨਾ ਸਰੋਤ ਹੋ ਸਕਦੇ ਹਨ। ਅਜੋਕੀ ਪੀੜ੍ਹੀ ਨੂੰ ਆਪਣੇ ਸ਼ਾਨਾਂਮੱਤੇ ਇਤਿਹਾਸ, ਗੌਰਵਮਈ ਵਿਰਸੇ ਅਤੇ ਬੀਰ-ਰਸੀ ਰਵਾਇਤਾਂ ਤੋਂ ਜਾਣੂ ਕਰਵਾ ਕੇ ਪਤਿਤਪੁਣੇ ਅਤੇ ਨਸ਼ਿਆਂ ਤੋਂ ਰੋਕਿਆ ਜਾ ਸਕਦਾ ਹੈ। ਅੱਜ ਲੋੜ ਹੈ ਕਿ ਹਰ ਸਿੱਖ ਆਪਣੇ ਵਿਰਸੇ ਤੋਂ ਜਾਣੂ ਹੋਵੇ। ਸੋ ਆਓ ਖਾਲਸਾ ਪੰਥ ਦੇ ਨਿਆਰੇ ਤਿਉਹਾਰ ਹੋਲਾ ਮਹੱਲਾ ਮੌਕੇ ਆਪਣੇ ਜੀਵਨ ਅੰਦਰ ਖ਼ਾਲਸਾਈ ਜਜ਼ਬੇ ਦੀ ਭਾਵਨਾ ਭਰਦਿਆਂ ਉੱਦਮੀ ਜੀਵਨ ਜਿਊਣ ਲਈ ਅੱਗੇ ਵਧੀਏ। ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੇ ਖ਼ਾਤਮੇ ਲਈ ਵਚਨਬੱਧ ਹੋਈਏ ਅਤੇ ਸਾਵੇਂ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਗੁਰੂ ਬਖ਼ਸ਼ੀ ਰਹਿਣੀ ਦਾ ਪ੍ਰਚਾਰ ਪਸਾਰ ਕਰੀਏ।

* ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

Advertisement
×