ਅਮਰੀਕਾ: ਇਮੀਗਰੇਸ਼ਨ ਵਿਭਾਗ ਦੀ ਕਾਰਵਾਈ ’ਚ ਤਿੰਨ ਬੱਚਿਆਂ ਦੀ ਮਾਂ ਹਲਾਕ
ਮਿਨੀਪੋਲਿਸ ’ਚ ਛਾਪੇ ਦੌਰਾਨ 1500 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ; ਲੋਕਾਂ ’ਚ ਰੋਸ
ਇਮੀਗਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀ ਵੱਲੋਂ 37 ਵਰ੍ਹਿਆਂ ਦੀ ਰੀਨੀ ਨਿਕੋਲ ਮੈਕਲਿਨ ਗੁੱਡ ਨੂੰ ਸਿਰ ’ਚ ਗੋਲੀ ਮਾਰਨ ਮਗਰੋਂ ਮਿਨੀਪੋਲਿਸ ’ਚ ਰੋਸ ਫੈਲ ਗਿਆ ਹੈ। ਸੋਸ਼ਲ ਮੀਡੀਆ ਪੋਸਟ ਮੁਤਾਬਕ ਰੀਨੀ ਤਿੰਨ ਬੱਚਿਆਂ ਦੀ ਮਾਂ ਅਤੇ ਕਵਿੱਤਰੀ ਸੀ। ਉਸ ਦੇ ਪਹਿਲੇ ਵਿਆਹ ਤੋਂ 15 ਸਾਲ ਦੀ ਧੀ ਅਤੇ 12 ਸਾਲ ਦਾ ਪੁੱਤਰ ਹੈ, ਜਦਕਿ ਦੂਜੇ ਵਿਆਹ ਤੋਂ 6 ਸਾਲ ਦਾ ਪੁੱਤਰ ਹੈ। ਉਹ ਜਦੋਂ 6 ਸਾਲ ਦੇ ਪੁੱਤਰ ਨੂੰ ਸਕੂਲ ਛੱਡ ਕੇ ਆ ਰਹੀ ਸੀ ਤਾਂ ਭਾਣਾ ਵਾਪਰ ਗਿਆ। ਗ਼ੈਰਕਾਨੂੰਨੀ ਪਰਵਾਸੀਆਂ ਖ਼ਿਲਾਫ਼ ਕਾਰਵਾਈ ਦੌਰਾਨ 1,500 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗਵਰਨਰ ਟਿਮ ਵਾਲਜ਼ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਮਿਨੀਪੋਲਿਸ ’ਚ ਇਹਤਿਆਤ ਵਜੋਂ ਸਕੂਲ ਬੰਦ ਕਰ ਦਿੱਤੇ ਗਏ ਹਨ।
ਸੂਬੇ ਅਤੇ ਸਥਾਨਕ ਅਧਿਕਾਰੀਆਂ ਨੇ ਮੰਗ ਕੀਤੀ ਕਿ ਇਮੀਗਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਕਾਰਵਾਈ ਰੋਕੀ ਜਾਵੇ। ਗ੍ਰਹਿ ਵਿਭਾਗ ਨੇ ਇਲਾਕੇ ’ਚ ਕਾਰਵਾਈ ਲਈ 2 ਹਜ਼ਾਰ ਤੋਂ ਵੱਧ ਅਧਿਕਾਰੀ ਤਾਇਨਾਤ ਕੀਤੇ ਹਨ। ਸੈਂਕੜੇ ਲੋਕਾਂ ਨੇ ਸ਼ਹਿਰ ’ਚ ਮਾਰਚ ਕਰਦਿਆਂ ਗੁੱਡ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਉਸ ਨੂੰ ਸ਼ਰਧਾਂਜਲੀ ਦਿੱਤੀ। ਅਧਿਕਾਰੀ ਵੱਲੋਂ ਗੋਲੀ ਚਲਾਉਣ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ਸੜਕ ਦੇ ਵਿਚਕਾਰ ਐੱਸ ਯੂ ਵੀ ਨੂੰ ਰੋਕਿਆ ਜਾਂਦਾ ਹੈ ਪਰ ਮਹਿਲਾ ਡਰਾਈਵਰ ਵਾਹਨ ਚਲਾਉਣ ਲੱਗਦੀ ਹੈ ਅਤੇ ਦੂਜਾ ਅਧਿਕਾਰੀ ਉਸ ’ਤੇ ਦੋ ਗੋਲੀਆਂ ਚਲਾ ਦਿੰਦਾ ਹੈ। ਵੀਡੀਓ ਤੋਂ ਇਹ ਸਪੱਸ਼ਟ ਨਹੀਂ ਹੋਇਆ ਕਿ ਅਧਿਕਾਰੀ ਵਾਹਨ ਦੀ ਲਪੇਟ ’ਚ ਆਇਆ ਜਾਂ ਨਹੀਂ। ਨੋਇਮ ਨੇ ਕਿਹਾ ਕਿ ਮਹਿਲਾ ਡਰਾਈਵਰ, ਅਧਿਕਾਰੀ ਨੂੰ ਵਾਹਨ ਹੇਠਾਂ ਦਰੜਨਾ ਚਾਹੁੰਦੀ ਸੀ, ਜੋ ਘਰੇਲੂ ਅਤਿਵਾਦ ਦੀ ਕਾਰਵਾਈ ਹੈ।

