US-Iran Tensions: ਇਰਾਨੀ ਹਮਲਿਆਂ ਵਿੱਚ 3 ਅਮਰੀਕੀ ਫ਼ੌਜੀ ਹਲਾਕ
ਕੁਵੈਤ ਵਿੱਚ ਤਾਇਨਾਤ ਫ਼ੌਜੀਆਂ ਦੀ ਮੌਤ ਨਾਲ ਅਮਰੀਕਾ ਵਿੱਚ ਸੋਗ
US-Iran Strikes: ਅਮਰੀਕਾ ਅਤੇ ਇਰਾਨ ਵਿਚਾਲੇ ਵਧਦੇ ਜੰਗੀ ਤਣਾਅ ਦੌਰਾਨ ਪਹਿਲੀ ਵਾਰ ਵੱਡੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਫ਼ੌਜ ਅਨੁਸਾਰ, ਇਰਾਨੀ ਹਮਲਿਆਂ ਦੌਰਾਨ ਤਿੰਨ ਅਮਰੀਕੀ ਫ਼ੌਜੀ ਮਾਰੇ ਗਏ ਹਨ ਅਤੇ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਮਾਰੇ ਗਏ ਫ਼ੌਜੀ ਕੁਵੈਤ ਵਿੱਚ ਤਾਇਨਾਤ ਇੱਕ ਲੌਜਿਸਟਿਕ ਯੂਨਿਟ ਦਾ ਹਿੱਸਾ ਸਨ।
ਅਮਰੀਕੀ ਸੈਂਟਰਲ ਕਮਾਂਡ ਨੇ ਇਸ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਪਰਿਵਾਰਾਂ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਕਾਰਨ ਅਜੇ ਸੈਨਿਕਾਂ ਦੀ ਪਛਾਣ ਗੁਪਤ ਰੱਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਆਪਣੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਮੇਨੀ ਦੇ ਮਾਰੇ ਜਾਣ ਤੋਂ ਬਾਅਦ ਇਹ ਜਵਾਬੀ ਕਾਰਵਾਈ ਕੀਤੀ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ‘ਟਰੂਥ ਸੋਸ਼ਲ’ ਪਲੇਟਫਾਰਮ ’ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਇਨ੍ਹਾਂ ਫ਼ੌਜੀਆਂ ਨੂੰ ‘ਸੱਚੇ ਦੇਸ਼ ਭਗਤ’ ਦੱਸਿਆ ਅਤੇ ਉਨ੍ਹਾਂ ਦੀ ਸ਼ਹਾਦਤ ’ਤੇ ਦੁੱਖ ਜ਼ਾਹਰ ਕੀਤਾ। ਟਰੰਪ ਨੇ ਚੇਤਾਵਨੀ ਦਿੱਤੀ ਕਿ ਇਹ ਜੰਗ ਅਜੇ ਕੁਝ ਹਫ਼ਤੇ ਹੋਰ ਚੱਲ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਮਰੀਕੀ ਫ਼ੌਜ ਨੂੰ ਹੋਰ ਜਾਨੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਉਨ੍ਹਾਂ ਕਿਹਾ, “ ਬਦਕਿਸਮਤੀ ਨਾਲ ਅਜਿਹੀਆਂ ਘਟਨਾਵਾਂ ਜੰਗ ਵਿੱਚ ਵਾਪਰਦੀਆਂ ਹਨ ਪਰ ਅਸੀਂ ਇਹ ਸਭ ਭਵਿੱਖ ਦੀ ਸੁਰੱਖਿਆ ਲਈ ਕਰ ਰਹੇ ਹਾਂ।” ਇਸ ਦੌਰਾਨ ਇਰਾਨੀ ਰੈਵੋਲਿਊਸ਼ਨਰੀ ਗਾਰਡ ਨੇ ਅਮਰੀਕੀ ਅਤੇ ਇਜ਼ਰਾਈਲੀ ਟਿਕਾਣਿਆਂ ’ਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਕਰਨ ਦੀ ਧਮਕੀ ਦਿੱਤੀ ਹੈ।

