US Iran Sanctions: ਅਮਰੀਕਾ ਵੱਲੋਂ ਇਰਾਨ ਦੀ ਫੌਜੀ ਸਪਲਾਈ ਲਈ ਮਦਦ ਕਰਨ ਵਾਲਿਆਂ ’ਤੇ ਨਵੀਆਂ ਪਾਬੰਦੀਆਂ
ਇਰਾਨ ਨਾਲ ਕੂਟਨੀਤਕ ਗੱਲਬਾਤ ਬਾਰੇ ਸਥਿਤੀ ਹਾਲੇ ਵੀ ਅਸਪਸ਼ਟ
US Iran Sanctions: ਅਮਰੀਕਾ ਨੇ ਅੱਜ ਅਜਿਹੇ ਵਿਅਕਤੀਆਂ ਅਤੇ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ, ਜਿਨ੍ਹਾਂ ’ਤੇ ਇਰਾਨ ਦੀ ਫੌਜੀ ਸਪਲਾਈ ਚੇਨ ਲਈ ਵਿੱਤੀ ਸਹਾਇਤਾ ਦੇਣ ਦੇ ਦੋਸ਼ ਲਾਏ ਗਏ ਹਨ। ਟਰੰਪ ਪ੍ਰਸ਼ਾਸਨ ਵੱਲੋਂ ਇਰਾਨ ਖ਼ਿਲਾਫ਼ ਆਰਥਿਕ ਦਬਾਅ ਦੀ ਮੁਹਿੰਮ ਅੱਗੇ ਵਧਾਈ ਜਾ ਰਹੀ ਹੈ ਤੇ ਦੋਵਾਂ ਦੇਸ਼ਾਂ ਵਿਚਾਲੇ ਮੁੜ ਸ਼ੁਰੂ ਹੋਈ ਕੂਟਨੀਤਕ ਗੱਲਬਾਤ ਦੇ ਜਾਰੀ ਰਹਿਣ ਬਾਰੇ ਸਪਸ਼ਟਤਾ ਨਹੀਂ ਹੈ।
ਅਮਰੀਕੀ ਖ਼ਜ਼ਾਨਾ ਵਿਭਾਗ ਦੀ ਹਾਲੀਆ ਕਾਰਵਾਈ ਪ੍ਰਸ਼ਾਸਨ ਦੀ ‘ਅਪਰੇਸ਼ਨ ਇਕਨਾਮਿਕ ਆਊਟਕਾਸਟ’ ਮੁਹਿੰਮ ਦਾ ਹਿੱਸਾ ਹੈ। ਇਸ ਮੁਹਿੰਮ ਦਾ ਉਦੇਸ਼ ਪਹਿਲਾਂ ਹੀ ਵੱਡੀਆਂ ਅੰਤਰਰਾਸ਼ਟਰੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਇਰਾਨੀ ਸਰਕਾਰ ਲਈ ‘ਮਹੱਤਵਪੂਰਨ ਵਿੱਤੀ ਸਹਾਰਿਆਂ’ ਨੂੰ ਖ਼ਤਮ ਕਰਨਾ ਹੈ।
ਖ਼ਜ਼ਾਨਾ ਮੰਤਰੀ ਸਕਾਟ ਬੈਸੈਂਟ ਨੇ ਕਿਹਾ, “ਖ਼ਜ਼ਾਨਾ ਵਿਭਾਗ ਅਜਿਹੇ ਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਬਰਦਾਸ਼ਤ ਨਹੀਂ ਕਰੇਗਾ ਅਤੇ ਇਰਾਨ ਨੂੰ ਸਹੂਲਤ ਦੇਣ ਵਾਲਿਆਂ ਦੀ ਪਛਾਣ, ਉਨ੍ਹਾਂ ਦਾ ਪਰਦਾਫਾਸ਼ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਕਰਨਾ ਜਾਰੀ ਰੱਖੇਗਾ।”
ਇਰਾਨ, ਹਾਂਗਕਾਂਗ ਅਤੇ ਪਾਕਿਸਤਾਨ ਵਿੱਚ ਸਥਿਤ 10 ਵਿਅਕਤੀਆਂ ਅਤੇ ਸੰਸਥਾਵਾਂ ’ਤੇ ਪਾਬੰਦੀਆਂ ਲਾਈਆਂ ਗਈਆਂ ਹਨ। ਅਮਰੀਕਾ ਨੇ ਉਨ੍ਹਾਂ ’ਤੇ ਇਰਾਨ ਦੇ ਰੱਖਿਆ ਮੰਤਰਾਲੇ ਲਈ ਹਥਿਆਰ ਅਤੇ ਹਥਿਆਰਾਂ ਦੇ ਪੁਰਜ਼ੇ ਹਾਸਲ ਕਰਨ ਵਿੱਚ ਮਦਦ ਕਰਨ ਦੇ ਦੋਸ਼ ਲਾਏ ਹਨ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਇਰਾਨ ਅਤੇ ਅਮਰੀਕਾ ਵਿਚਾਲੇ ਜੰਗ ਨੂੰ ਸੱਤ ਮਹੀਨੇ ਹੋ ਚੁੱਕੇ ਹਨ।
ਇਰਾਨੀ ਮੁਦਰਾ ਰਿਕਾਰਡ ਹੇਠਲੇ ਪੱਧਰ ’ਤੇ
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜ਼ਾ ਪਾਬੰਦੀਆਂ ਦਾ ਉਦੇਸ਼ ਇਰਾਨ ਦੀਆਂ ਫੌਜੀ ਖਰੀਦ ਕੋਸ਼ਿਸ਼ਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਅਤੇ ਕੰਪਨੀਆਂ ਦੀ ਲਾਗਤ ਵਧਾਉਣਾ ਵੀ ਹੈ।
ਅਮਰੀਕਾ ਨੇ 2024 ਵਿੱਚ ਵੀ ਇਰਾਨ ਦੇ ਰੱਖਿਆ ਮੰਤਰਾਲੇ ਅਤੇ ਹਥਿਆਰਬੰਦ ਬਲਾਂ ਦੀ ਲੌਜਿਸਟਿਕਸ ਨਾਲ ਜੁੜੀਆਂ ਉਨ੍ਹਾਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਨ੍ਹਾਂ ’ਤੇ ਮਿਜ਼ਾਈਲਾਂ ਅਤੇ ਡਰੋਨ ਬਣਾਉਣ ਅਤੇ ਉਨ੍ਹਾਂ ਦੇ ਪ੍ਰਸਾਰ ਵਿੱਚ ਸਹਾਇਤਾ ਕਰਨ ਦੇ ਦੋਸ਼ ਸਨ।
ਤਾਜ਼ਾ ਵਿੱਤੀ ਪਾਬੰਦੀਆਂ ਅਜਿਹੇ ਸਮੇਂ ਲਾਈਆਂ ਗਈਆਂ ਹਨ ਜਦੋਂ ਇਰਾਨ ਦੀ ਮੁਦਰਾ ਮੰਗਲਵਾਰ ਨੂੰ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ। ਤਹਿਰਾਨ ਵਿੱਚ ਕਾਰੋਬਾਰੀ ਇਕ ਅਮਰੀਕੀ ਡਾਲਰ ਦੇ ਬਦਲੇ 25 ਲੱਖ ਤੋਂ ਵੱਧ ਰਿਆਲ ਦਾ ਲੈਣ-ਦੇਣ ਕਰ ਰਹੇ ਸਨ। 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਰਿਆਲ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਇਕ ਡਾਲਰ ਦੇ ਮੁਕਾਬਲੇ 22 ਲੱਖ ਰਿਆਲ ਦਾ ਰਿਕਾਰਡ ਹੇਠਲਾ ਪੱਧਰ ਦਰਜ ਕੀਤਾ ਗਿਆ ਸੀ।
ਕੌਮਾਂਤਰੀ ਪਾਬੰਦੀਆਂ ਕਾਰਨ ਇਰਾਨ ਦੀ ਅਰਥਵਿਵਸਥਾ ਸਾਲਾਂ ਤੋਂ ਦਬਾਅ ਹੇਠ ਹੈ। ਹਾਲਾਂਕਿ, ਇਸ ਸਾਲ ਅਮਰੀਕਾ ਵੱਲੋਂ ਇਰਾਨੀ ਤੇਲ ’ਤੇ ਲਾਈ ਗਈ ਸਮੁੰਦਰੀ ਨਾਕਾਬੰਦੀ ਅਤੇ ਜੰਗ ਸ਼ੁਰੂ ਹੋਣ ਤੋਂ ਬਾਅਦ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਬੇਮਿਸਾਲ ਤੇਜ਼ੀ ਨਾਲ ਸੰਕਟ ਵੱਲ ਧੱਕ ਦਿੱਤਾ ਹੈ।

