US-Iran-Israel War: ਅਮਰੀਕਾ ਵਿੱਚ ਤੇਲ ਕੀਮਤਾਂ ਅਸਮਾਨੀ ਚੜ੍ਹੀਆਂ; ਸਫਰ ਹੋਇਆ ਮਹਿੰਗਾ
ਇਰਾਨ ਵਿਰੁੱਧ ਜੰਗ ਦਾ ਅਸਰ ਹੁਣ ਅਮਰੀਕੀਆਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਐਮਾਜ਼ਾਨ (Amazon) ਨੇ ਆਪਣੀ ਈ-ਕਾਮਰਸ ਡਿਲੀਵਰੀ 'ਤੇ ਫਿਊਲ ਸਰਚਾਰਜ ਲਗਾਉਣ ਦਾ ਐਲਾਨ ਕੀਤਾ ਹੈ ਅਤੇ ਕੁਝ ਏਅਰਲਾਈਨਾਂ ਨੇ ਵਧਦੀਆਂ ਤੇਲ ਕੀਮਤਾਂ ਦੀ ਭਰਪਾਈ ਲਈ ਚੈੱਕ-ਇਨ...
ਇਰਾਨ ਵਿਰੁੱਧ ਜੰਗ ਦਾ ਅਸਰ ਹੁਣ ਅਮਰੀਕੀਆਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਐਮਾਜ਼ਾਨ (Amazon) ਨੇ ਆਪਣੀ ਈ-ਕਾਮਰਸ ਡਿਲੀਵਰੀ 'ਤੇ ਫਿਊਲ ਸਰਚਾਰਜ ਲਗਾਉਣ ਦਾ ਐਲਾਨ ਕੀਤਾ ਹੈ ਅਤੇ ਕੁਝ ਏਅਰਲਾਈਨਾਂ ਨੇ ਵਧਦੀਆਂ ਤੇਲ ਕੀਮਤਾਂ ਦੀ ਭਰਪਾਈ ਲਈ ਚੈੱਕ-ਇਨ ਬੈਗੇਜ ਦੀਆਂ ਫੀਸਾਂ ਵਧਾ ਦਿੱਤੀਆਂ ਹਨ। ਅਮਰੀਕਾ ਵਿੱਚ ਪੈਟਰੋਲ ਦੀ ਔਸਤ ਕੀਮਤ ਸ਼ੁੱਕਰਵਾਰ ਨੂੰ 4.09 ਡਾਲਰ ਪ੍ਰਤੀ ਗੈਲਨ ਤੱਕ ਪਹੁੰਚ ਗਈ ਹੈ, ਜੋ ਜੰਗ ਤੋਂ ਠੀਕ ਪਹਿਲਾਂ ਦੇ ਮੁਕਾਬਲੇ ਇੱਕ ਡਾਲਰ ਤੋਂ ਵੱਧ ਵਧੀ ਹੈ ਅਤੇ ਅਗਸਤ 2022 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਅਮਰੀਕਨ ਆਟੋਮੋਬਾਈਲ ਐਸੋਸੀਏਸ਼ਨ (AAA) ਦੇ ਅੰਕੜਿਆਂ ਅਨੁਸਾਰ, ਡੀਜ਼ਲ ਦੀ ਕੀਮਤ ਇੱਕ ਸਾਲ ਪਹਿਲਾਂ ਦੇ 3.64 ਡਾਲਰ ਪ੍ਰਤੀ ਗੈਲਨ ਤੋਂ ਤੇਜ਼ੀ ਨਾਲ ਵਧ ਕੇ ਸ਼ੁੱਕਰਵਾਰ ਨੂੰ 5.53 ਡਾਲਰ ਪ੍ਰਤੀ ਗੈਲਨ ਹੋ ਗਈ ਹੈ। ਡੀਜ਼ਲ ਦੀ ਵਰਤੋਂ ਖੇਤੀਬਾੜੀ, ਉਸਾਰੀ ਅਤੇ ਆਵਾਜਾਈ ਦੇ ਨਾਲ-ਨਾਲ ਹੋਰ ਉਦਯੋਗਾਂ ਵਿੱਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ।
ਈ-ਕਾਮਰਸ ਦਿੱਗਜ ਐਮਾਜ਼ਾਨ ਨੇ ਇਹ ਵੀ ਕਿਹਾ ਹੈ ਕਿ ਉਹ 17 ਅਪਰੈਲ ਤੋਂ ਥਰਡ-ਪਾਰਟੀ ਵਿਕਰੇਤਾਵਾਂ 'ਤੇ 3.5 ਫੀਸਦੀ ਫਿਊਲ ਸਰਚਾਰਜ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕੀ ਡਾਕ ਸੇਵਾ (US Postal Service) ਨੇ ਬੁੱਧਵਾਰ ਨੂੰ ਕਿਹਾ ਕਿ ਉਹ ਵਧਦੀਆਂ ਆਵਾਜਾਈ ਲਾਗਤਾਂ ਨਾਲ ਨਜਿੱਠਣ ਲਈ ਪੈਕੇਜ ਅਤੇ ਐਕਸਪ੍ਰੈਸ ਮੇਲ ਡਿਲਵਰੀ 'ਤੇ ਅਸਥਾਈ ਤੌਰ 'ਤੇ ਅੱਠ ਫੀਸਦੀ ਫਿਊਲ ਸਰਚਾਰਜ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਪੋਸਟਲ ਰੈਗੂਲੇਟਰੀ ਕਮਿਸ਼ਨ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਇਹ ਸਰਚਾਰਜ 26 ਅਪਰੈਲ ਤੋਂ ਲਾਗੂ ਹੋਵੇਗਾ ਅਤੇ 17 ਜਨਵਰੀ 2027 ਤੱਕ ਲਾਗੂ ਰਹੇਗਾ। ਜੇਕਰ ਇਰਾਨ ਵਿਰੁੱਧ ਜੰਗ ਲੰਬੀ ਖਿੱਚੀ ਜਾਂਦੀ ਹੈ, ਤਾਂ ਇਸ ਨਾਲ ਅਮਰੀਕਾ ਵਿੱਚ ਸਪਲਾਈ ਚੇਨ ਵੀ ਪ੍ਰਭਾਵਿਤ ਹੋਵੇਗੀ। ਨਿਊਯਾਰਕ ਸਥਿਤ ਵਿਸ਼ਲੇਸ਼ਕ ਰੇਚਲ ਜ਼ੀਮਬਾ ਅਨੁਸਾਰ, ਅਮਰੀਕਾ ਇਸ ਤੋਂ ਬਚ ਨਹੀਂ ਸਕੇਗਾ ਕਿਉਂਕਿ ਇਹ ਗਲੋਬਲ ਬਾਜ਼ਾਰ ਹਨ ਅਤੇ ਮਾਹਰ ਹੁਣ ਪਹਿਲਾਂ ਨਾਲੋਂ ਜ਼ਿਆਦਾ ਚਿੰਤਤ ਹਨ।
ਸ਼ਿਕਾਗੋ ਦੇ ਫੈਡਰਲ ਰਿਜ਼ਰਵ ਬੈਂਕ ਦੇ ਪ੍ਰਧਾਨ ਆਸਟਨ ਗੂਲਸਬੀ ਨੇ ਕਿਹਾ ਕਿ ਜੇਕਰ ਆਵਾਜਾਈ ਦੇ ਖਰਚੇ ਵਧਦੇ ਹਨ, ਤਾਂ ਇਸ ਦਾ ਅਸਰ ਹੋਰ ਚੀਜ਼ਾਂ ਦੀਆਂ ਕੀਮਤਾਂ 'ਤੇ ਵੀ ਪਵੇਗਾ, ਜਿਸ ਨਾਲ ਖਪਤਕਾਰਾਂ 'ਤੇ ਬੋਝ ਵਧੇਗਾ। ਹੋਰਮੁਜ਼ ਸਟ੍ਰੇਟ (Hormuz Strait) ਦੀ ਨਾਕਾਬੰਦੀ ਕਾਰਨ ਵਿਸ਼ਵ ਅਰਥਚਾਰੇ ਨੂੰ ਪਹਿਲਾਂ ਹੀ ਕਰੋੜਾਂ ਬੈਰਲ ਤੇਲ ਦਾ ਨੁਕਸਾਨ ਹੋ ਚੁੱਕਾ ਹੈ। ਜੇਪੀ ਮੋਰਗਨ (JPMorgan) ਦੀ ਰਿਪੋਰਟ ਅਨੁਸਾਰ, ਏਸ਼ੀਆ ਨੂੰ ਸਭ ਤੋਂ ਪਹਿਲਾਂ ਤੇਲ ਦੀ ਸਪਲਾਈ ਵਿੱਚ ਕਮੀ ਦਾ ਸਾਹਮਣਾ ਕਰਨਾ ਪਿਆ ਹੈ, ਜਿੱਥੇ ਸਰਕਾਰਾਂ ਨੇ ਰਾਸ਼ਨਿੰਗ ਦੇ ਨਿਰਦੇਸ਼ ਦਿੱਤੇ ਹਨ। ਯੂਰਪ ਵਿੱਚ ਅਪਰੈਲ ਦੇ ਅੱਧ ਤੱਕ ਕਿੱਲਤ ਹੋਣ ਦੀ ਸੰਭਾਵਨਾ ਹੈ। ਅਮਰੀਕਾ ਤੱਕ ਤੇਲ ਪਹੁੰਚਣ ਵਿੱਚ 35 ਤੋਂ 45 ਦਿਨ ਲੱਗਦੇ ਹਨ, ਇਸ ਲਈ ਇਹ ਪ੍ਰਭਾਵਿਤ ਹੋਣ ਵਾਲਾ ਆਖਰੀ ਬਾਜ਼ਾਰ ਹੋਵੇਗਾ। ਕੀਮਤਾਂ ਵਧਣਗੀਆਂ, ਪਰ ਤੇਲ ਉਤਪਾਦਾਂ ਦੀ ਘਾਟ ਸ਼ਾਇਦ ਸਿਰਫ ਕੈਲੀਫੋਰਨੀਆ ਤੱਕ ਹੀ ਸੀਮਤ ਰਹੇਗੀ, ਕਿਉਂਕਿ ਇਹ ਇਲਾਕਾ ਦੇਸ਼ ਦੇ ਬਾਲਣ ਸਪਲਾਈ ਸਿਸਟਮ ਤੋਂ ਭੌਤਿਕ ਤੌਰ 'ਤੇ ਵੱਖਰਾ ਹੈ।

