US Iran Airstrikes: ਅਮਰੀਕਾ ਵੱਲੋਂ ਇਰਾਨ ’ਤੇ ਹਵਾਈ ਹਮਲੇ
Strait of Hormuz ਖੇਤਰ ’ਤੇ ਕੀਤੇ ਹਮਲੇ; ਸਭ ਤੋਂ ਵੱਡਾ ਹਮਲਾ ਹੋਣਾ ਹਾਲੇ ਬਾਕੀ: Donald Trump; ਅਮਰੀਕੀ ਰਾਸ਼ਟਰਪਤੀ ਨੇ ਇਰਾਨ ਨੂੰ ਦਿੱਤੀ ਚਿਤਾਵਨੀ; ਹਮਲੇ ਸ਼ੁਰੂ ਹੋਣ ਨਾਲ ਤੇਲ ਦੀਆਂ ਕੀਮਤਾਂ ਵਧੀਆਂ
US Iran Airstrikes: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' ਉੱਤੇ ਇਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਸਭ ਤੋਂ ਵੱਡਾ ਹਮਲਾ’ ਹਾਲੇ ਹੋਣਾ ਬਾਕੀ ਹੈ। ਅਮਰੀਕੀ ਫ਼ੌਜ ਨੇ ਦੱਸਿਆ ਹੈ ਕਿ ਹਰਮੁਜ਼ ਜਲ ਮਾਰਗ (Strait of Hormuz) ਵਿੱਚ ਵਪਾਰਕ ਜਹਾਜ਼ਾਂ ਅਤੇ ਮੱਧ ਪੂਰਬ ਵਿੱਚ ਤਾਇਨਾਤ ਅਮਰੀਕੀ ਫ਼ੌਜੀਆਂ ਉੱਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਵੱਲੋਂ ਕੀਤੇ ਗਏ ਹਮਲੇ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੇ ਇਰਾਨ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਅਮਰੀਕਾ ਨੇ ਮੰਗਲਵਾਰ ਨੂੰ ਇਰਾਨੀ ਟਿਕਾਣਿਆਂ 'ਤੇ ਨਵੇਂ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਜੁਲਾਈ ਤੋਂ ਬਾਅਦ ਪਹਿਲੀ ਵਾਰ ਹੋਏ ਸਿੱਧੇ ਹਮਲਿਆਂ ਅਤੇ ਹਰਮੁਜ਼ ਜਲ ਮਾਰਗ (Strait of Hormuz) ਤੋਂ ਲੰਘ ਰਹੇ ਦੋ ਤੇਲ ਟੈਂਕਰਾਂ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਪਹਿਲਾਂ ਹੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਚੁੱਕਾ ਹੈ। ਦੱਸ ਦੇਈਏ ਕਿ ਇਰਾਨ ਨੇ ਇਸ ਗਲੋਬਲ ਤੇਲ ਸਪਲਾਈ ਜਲ ਮਾਰਗ ਨੂੰ ਸ਼ਿਪਿੰਗ ਲਈ ਬੰਦ ਕੀਤਾ ਹੋਇਆ ਹੈ।
ਇਰਾਨੀ ਲੀਡਰਸ਼ਿਪ ਦਾ ਹਾਲੇ ਵੀ ਅੜੀਅਲ ਰੁਖ਼ ਕਾਇਮ ਹੈ ਅਤੇ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਖਾੜੀ ਵਿੱਚੋਂ ਤੇਲ ਦੀ ਬਰਾਮਦ ਨੂੰ ਰੋਕ ਦੇਵੇਗਾ। ਇਹ ਸਭ ਕੁਝ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਸ ਧਮਕੀ ਦੇ ਬਾਵਜੂਦ ਹੋ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੇ ਇਰਾਨ ਦੇ ਤਾਜ਼ਾ ਹਮਲਿਆਂ ਦੇ ਜਵਾਬ ਵਿੱਚ ਉਸ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੀ ਚਿਤਾਵਨੀ ਦਿੱਤੀ ਸੀ। ਇਸ ਦੇ ਨਾਲ ਹੀ ਅਮਰੀਕੀ ਖ਼ਜ਼ਾਨਾ ਸਕੱਤਰ ਸਕੌਟ ਬੇਸੈਂਟ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਵਾਸ਼ਿੰਗਟਨ ਜਲਦੀ ਹੀ ਨਵੀਆਂ ਪਾਬੰਦੀਆਂ ਲਾਉਣ ਜਾ ਰਿਹਾ ਹੈ।
ਅਮਰੀਕੀ ਸੈਂਟਰਲ ਕਮਾਂਡ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਉੱਤੇ ਪੋਸਟ ਕਰਦਿਆਂ ਕਿਹਾ, "ਅੱਜ ਦੁਪਹਿਰ 12 ਵਜੇ ਅਮਰੀਕੀ ਫ਼ੌਜਾਂ ਨੇ ਇਰਾਨ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।"
ਇਸ ਦੌਰਾਨ ਇਰਾਨ ਦੇ ਸਰਕਾਰੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਹਰਮੁਜ਼ ਜਲ ਮਾਰਗ ਦੇ ਪੂਰਬੀ ਪਾਸੇ ਸਥਿਤ ਸ਼ਹਿਰਾਂ ਉੱਤੇ ਚਾਰ ਪ੍ਰੋਜੈਕਟਾਈਲ (ਮਿਜ਼ਾਈਲਾਂ) ਡਿੱਗੇ ਹਨ। ਸੂਬਾਈ ਅਧਿਕਾਰੀ ਅਲੀ ਖਲੀਲਾਬਾਦੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਚਾਬਹਾਰ ਅਤੇ ਕੋਨਾਰਕ ਕਾਉਂਟੀਜ਼ ਦੇ ਇਲਾਕਿਆਂ ਵਿੱਚ ਇਹ ਧਮਾਕੇ ਹੋਏ ਹਨ। ਛੇ ਮਹੀਨਿਆਂ ਦੀ ਜੰਗ ਤੋਂ ਬਾਅਦ ਵੀ ਹਰਮੁਜ਼ ਜਲ ਮਾਰਗ ਬੰਦ ਹੈ ਅਤੇ ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਜਾਰੀ ਹੈ।
ਟਰੰਪ ਵੱਲੋਂ ਇਰਾਨ ’ਤੇ ਆਰਥਿਕ ਘੇਰਾਬੰਦੀ ਦੀ ਯੋਜਨਾ
ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਅਮਰੀਕੀ ਹਮਲਿਆਂ ਦਾ ਕੋਈ ਵੀ ਜਵਾਬ ਦਿੱਤਾ ਤਾਂ ਤਹਿਰਾਨ ਨੂੰ ਇਸ ਤੋਂ ਵੀ ਕਿਤੇ ਵੱਧ ਤਬਾਹਕੁੰਨ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਕਿਹਾ ਕਿ ਜੇਕਰ ਇਰਾਨ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਸ ਦੀ ਬਹੁਤ ਬੁਰੀ ਹਾਲਤ ਕਰ ਦਿੱਤੀ ਜਾਵੇਗੀ ਅਤੇ ਇਸਲਾਮਿਕ ਰਿਪਬਲਿਕ ਆਫ਼ ਇਰਾਨ ਦਾ ਨਾਂ-ਨਿਸ਼ਾਨ ਨਹੀਂ ਬਚੇਗਾ। ਇਸ ਤੋਂ ਇਲਾਵਾ, ਅਮਰੀਕਾ ਵੱਲੋਂ ਇਰਾਨ ਉੱਤੇ ਆਰਥਿਕ ਪਾਬੰਦੀਆਂ ਦਾ ਸ਼ਿਕੰਜਾ ਕੱਸਣ ਦੀ ਯੋਜਨਾ ਉੱਤੇ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼ ਨੂੰ ਆਰਥਿਕ ਤੌਰ 'ਤੇ ਤੋੜਿਆ ਜਾ ਸਕੇ।

