ਅਮਰੀਕਾ ਨੇ ਵੀਜ਼ਾ ਬਿਨੈਕਾਰਾਂ ਕੋਲੋਂ ਸੋਸ਼ਲ ਮੀਡੀਆ ਪਲੈਟਮਫਾਰਮਾਂ ਦੇ ਹੈਂਡਲ ਜਾਂ ਯੂਜ਼ਰਨੇਮ ਮੰਗੇ
ਨਵੀਂ ਦਿੱਲੀ, 26 ਜੂਨਹਰ ਵੀਜ਼ੇ ’ਤੇ ਕੀਤੇ ਫੈਸਲੇ ਨੂੰ ‘ਕੌਮੀ ਸੁਰੱਖਿਆ ਫੈਸਲਾ’ ਦੱਸਦੇ ਹੋਏ ਅਮਰੀਕਾ ਨੇ ਬਿਨੈਕਾਰਾਂ ਨੂੰ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਵੱਲੋਂ ਇਸਤੇਮਾਲ ਕੀਤੇ ਹਰ ਸੋਸ਼ਲ ਮੀਡੀਆ ਪਲੈਟਫਾਰਮਾਂ ਦੇ ਹੈਂਡਲ ਜਾਂ ਯੂਜ਼ਰਨੇਮਜ਼ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ। ਭਾਰਤ ਵਿੱਚ ਅਮਰੀਕੀ ਦੂਤਘਰ ਨੇ ਅੱਜ ਜਾਰੀ ਸੰਖੇਪ ਬਿਆਨ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੌਰਾਨ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਸੋਸ਼ਲ ਮੀਡੀਆ ਸਬੰਧੀ ਸੂਚਨਾ ਸਾਂਝੀ ਨਾ ਕਰਨ ’ਤੇ ਵੀਜ਼ਾ ਅਰਜ਼ੀ ਨਾਮਨਜ਼ੂਰ ਹੋ ਸਕਦੀ ਹੈ ਅਤੇ ਭਵਿੱਖ ਵਿੱਚ ਵੀਜ਼ਾ ਲਈ ਅਯੋਗ ਠਹਿਰਾਇਆ ਜਾ ਸਕਦਾ ਹੈ। ਦੂਤਘਰ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਵੀਜ਼ਾ ਬਿਨੈਕਾਰਾਂ ਨੂੰ ਡੀਐੱਸ-160 ਵੀਜ਼ਾ ਬਿਨੈ ਪੱਤਰ ’ਤੇ ਪਿਛਲੇ ਪੰਜ ਸਾਲਾਂ ਤੋਂ ਇਸਤੇਮਾਲ ਕੀਤੇ ਗਏ ਹਰੇਕ ਸੋਸ਼ਲ ਮੀਡੀਆ ਪਲੈਟਫਾਰਮ ਦੇ ਹੈਂਡਲ ਜਾਂ ਯੂਜ਼ਰਨੇਮ ਨੂੰ ਸੂਚੀਬੱਧ ਕਰਨ ਦੀ ਲੋੜ ਹੈ। ਬਿਨੈਕਾਰ ਦਸਤਖ਼ਤ ਕਰਨ ਅਤੇ ਜਮ੍ਹਾਂ ਕਰਨ ਤੋਂ ਪਹਿਲਾਂ ਪ੍ਰਮਾਣਿਤ ਕਰਨ ਕਿ ਉਨ੍ਹਾਂ ਦੀ ਵੀਜ਼ਾ ਅਰਜ਼ੀ ਵਿੱਚ ਦਿੱਤੀ ਗਈ ਜਾਣਕਾਰੀ ਸੱਚ ਅਤੇ ਸਹੀ ਹੈ।’’
ਇਸ ਨੇ ਕਿਹਾ, ‘‘ਸੋਸ਼ਲ ਮੀਡੀਆ ਸਬੰਧੀ ਜਾਣਕਾਰੀ ਸਾਂਝੀ ਨਾ ਕਰਨ ਨਾਲ ਵੀਜ਼ਾ ਅਰਜ਼ੀ ਨਾਮਨਜ਼ੂਰ ਹੋ ਸਕਦੀ ਹੈ ਅਤੇ ਭਵਿੱਖ ਵਿੱਚ ਵੀਜ਼ਾ ਲਈ ਅਯੋਗ ਠਹਿਰਾਇਆ ਜਾ ਸਕਦਾ ਹੈ।’’ ਅਮਰੀਕੀ ਦੂਤਘਰ ਨੇ 23 ਜੂਨ ਨੂੰ ‘ਐੱਫ, ਐੱਮ ਜਾਂ ਜੇ’ ਸ਼੍ਰੇਣੀ ਦੇ ਗੈਰ-ਪਰਵਾਸੀ ਵੀਜ਼ਾ ਲਈ ਬਿਨੈ ਕਰਨ ਵਾਲਿਆਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਨਿੱਜਤਾ ਸੈਟਿੰਗ ਨੂੰ ‘ਜਨਤਕ’ ਕਰਨ ਲਈ ਕਿਹਾ ਸੀ ਤਾਂ ਜੋ ਮੁੜ ਜਾਂਚ ਕਰਨ ਦੀ ਸੁਵਿਧਾ ਮਿਲ ਸਕੇ। -ਪੀਟੀਆਈ