Trump Zelensky Election: ਟਰੰਪ ਵੱਲੋਂ ਯੂਕਰੇਨ ’ਚ ਨਵੇਂ ਰਾਸ਼ਟਰਪਤੀ ਦੀ ਚੋਣ ਕਰਨ ਦੀ ਸਲਾਹ
ਰੂਸ ਨਾਲ ਜੰਗ ਖ਼ਤਮ ਕਰਨ ਲਈ ਸਮਝੌਤਾ ਕਰ ਸਕਣ ਵਾਲਾ ਆਗੂ ਚੁਣਨ ਦੀ ਗੱਲ ਕਹੀ; ਜ਼ੇਲੈਂਸਕੀ ਨੂੰ ਰੂਸੀ ਤੇਲ ਸੋਧਕ ਕਾਰਖਾਨਿਆਂ ’ਤੇ ਹਮਲੇ ਰੋਕਣ ਦੀ ਚਿਤਾਵਨੀ
Trump Zelensky Election: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਸੁਝਾਅ ਦਿੱਤਾ ਕਿ ਯੂਕਰੇਨ ਨੂੰ ਨਵਾਂ ਰਾਸ਼ਟਰਪਤੀ ਚੁਣਨਾ ਚਾਹੀਦਾ ਹੈ, ਜੋ ਰੂਸ ਨਾਲ ਜੰਗ ਖ਼ਤਮ ਕਰਨ ਲਈ ਸਮਝੌਤਾ ਕਰ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਰੂਸ ਦੇ ਤੇਲ ਸੋਧਕ ਕਾਰਖਾਨਿਆਂ ’ਤੇ ਹਮਲੇ ਕਰਨ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਟਰੰਪ ਦਾ ਇਹ ਬਿਆਨ ਰੂਸ ਨਾਲ ਡੀਜ਼ਲ ਦੀ ਸਪਲਾਈ ਸਬੰਧੀ ਸਮਝੌਤੇ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ।
ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਜ਼ੇਲੈਂਸਕੀ ਨੂੰ ਖ਼ਾਸ ਤੌਰ ’ਤੇ ਰੂਸੀ ਤੇਲ ਸੋਧਕ ਕਾਰਖਾਨਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਖਾਨਿਆਂ ’ਤੇ ਹਮਲਿਆਂ ਨਾਲ ਦੁਨੀਆ ਭਰ ਵਿੱਚ ਬਾਲਣ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਅਤੇ ਅਮਰੀਕੀ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਟਰੰਪ ਨੇ ਕਿਹਾ, “ਅਸੀਂ ਜ਼ੇਲੈਂਸਕੀ ਨੂੰ ਕਿਹਾ ਸੀ ਕਿ ਤੁਸੀਂ ਰੂਸ ਨਾਲ ਜੋ ਮਰਜ਼ੀ ਕਰੋ ਪਰ ਤੇਲ ਸੋਧਕ ਕਾਰਖਾਨਿਆਂ ’ਤੇ ਹਮਲਾ ਨਾ ਕਰੋ, ਕਿਉਂਕਿ ਇਹ ਪੂਰੀ ਦੁਨੀਆ ਲਈ ਸਮੱਸਿਆ ਬਣ ਸਕਦੀ ਹੈ ਪਰ ਉਸ ਨੇ ਕੀ ਕੀਤਾ? ਉਸ ਨੇ ਡੀਜ਼ਲ ਬਣਾਉਣ ਵਾਲੇ ਕਾਰਖਾਨਿਆਂ ’ਤੇ ਹਮਲਾ ਕਰ ਦਿੱਤਾ। ਉਸ ਨੂੰ ਇਹ ਸਭ ਬੰਦ ਕਰ ਦੇਣਾ ਚਾਹੀਦਾ ਹੈ।”
ਜ਼ੇਲੈਂਸਕੀ ਦੀ ਅਗਵਾਈ ’ਤੇ ਚੁੱਕੇ ਸਵਾਲ
ਟਰੰਪ ਨੇ ਰੂਸ ਨਾਲ ਗੱਲਬਾਤ ਦੇ ਮਾਮਲੇ ਵਿੱਚ ਜ਼ੇਲੈਂਸਕੀ ਦੀ ਪਹੁੰਚ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਯੂਕਰੇਨ ਨੂੰ ਅਜਿਹੇ ਆਗੂ ਦੀ ਲੋੜ ਹੈ ਜੋ ਸਮਝੌਤਾ ਕਰ ਸਕੇ।
ਉਨ੍ਹਾਂ ਕਿਹਾ, “ਤੁਸੀਂ ਜਾਣਦੇ ਹੋ ਕਿ ਮੈਂ ਕੀ ਸੁਝਾਅ ਦਿੰਦਾ ਹਾਂ? ਮੇਰਾ ਸੁਝਾਅ ਹੈ ਕਿ ਉਨ੍ਹਾਂ ਨੂੰ ਨਵਾਂ ਆਗੂ ਚੁਣਨਾ ਚਾਹੀਦਾ ਹੈ, ਜੋ ਸਮਝੌਤਾ ਕਰ ਸਕੇ, ਕਿਉਂਕਿ ਉਹ ਕਈ ਸਮਝੌਤੇ ਕਰ ਸਕਦਾ ਸੀ ਪਰ ਕਿਸੇ ਕਾਰਨ ਉਹ ਅਜਿਹਾ ਨਹੀਂ ਕਰਦਾ।”
ਟਰੰਪ ਨੇ ਅੱਗੇ ਕਿਹਾ, “ਮੇਰੇ ਖ਼ਿਆਲ ਵਿੱਚ ਹੁਣ ਯੂਕਰੇਨ ਲਈ ਨਵਾਂ ਰਾਸ਼ਟਰਪਤੀ ਚੁਣਨ ਦਾ ਸਮਾਂ ਆ ਗਿਆ ਹੈ।”
ਰੂਸ ਵੱਲੋਂ ਡੀਜ਼ਲ ਦੀ ਸਪਲਾਈ ਦਾ ਐਲਾਨ
ਟਰੰਪ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਮੰਚ ‘ਟਰੁੱਥ ਸੋਸ਼ਲ’ ’ਤੇ ਐਲਾਨ ਕੀਤਾ ਸੀ ਕਿ ਰੂਸ ਤੁਰੰਤ ਅਮਰੀਕੀ ਅਤੇ ਕੌਮਾਂਤਰੀ ਬਾਜ਼ਾਰਾਂ ਨੂੰ ਤਿੰਨ ਲੱਖ ਟਨ ਤੋਂ ਵੱਧ ਡੀਜ਼ਲ ਦੀ ਸਪਲਾਈ ਕਰੇਗਾ। ਉਨ੍ਹਾਂ ਮੁਤਾਬਕ ਨਵੰਬਰ ਵਿੱਚ ਪੰਜ ਲੱਖ ਟਨ ਅਤੇ ਇਸ ਤੋਂ ਬਾਅਦ 10 ਲੱਖ ਟਨ ਡੀਜ਼ਲ ਹੋਰ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੂਸ ਦੇ ਡੀਜ਼ਲ ਸੋਧਕ ਕਾਰਖਾਨਿਆਂ ਦੀ ਸਥਿਤੀ ਦੇ ਆਧਾਰ ’ਤੇ ਥੋੜ੍ਹੇ ਸਮੇਂ ਵਿੱਚ 30 ਲੱਖ ਟਨ ਡੀਜ਼ਲ ਦੀ ਵਾਧੂ ਸਪਲਾਈ ਵੀ ਕੀਤੀ ਜਾਵੇਗੀ।

