ਹਿੰਦੂ ਕਾਰੋਬਾਰੀ ਦੀ ਮੌਤ ਨਾਲ ਜੁੜੇ ਮਾਮਲੇ ’ਚ ਤਿੰਨ ਗ੍ਰਿਫ਼ਤਾਰ
ਪੀਡ਼ਤ ਨੇ ਮਰਨ ਤੋਂ ਪਹਿਲਾਂ ਦੱਸੇ ਸਨ ਮੁਲਜ਼ਮਾਂ ਦੇ ਨਾਂ
ਬੰਗਲਾਦੇਸ਼ ਦੇ ਸ਼ਰੀਅਤਪੁਰ ਜ਼ਿਲ੍ਹੇ ਵਿੱਚ ਹਿੰਦੂ ਕਾਰੋਬਾਰੀ ਖੋਕੋਨ ਚੰਦਰ ਦਾਸ (50) ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਮਗਰੋਂ ਪੈਟਰੋਲ ਪਾ ਕੇ ਉਸ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਸਾਂਝੀ ਕੀਤੀ। ਸਥਾਨਕ ਅਖ਼ਬਾਰ ‘ਪ੍ਰੋਥੋਮ ਆਲੋ’ ਦੀ ਖ਼ਬਰ ਮੁਤਾਬਕ ਰੈਪਿਡ ਐਕਸ਼ਨ ਬਟਾਲੀਅਨ (ਆਰ ਏ ਬੀ) ਦੀ ਟੀਮ ਨੇ ਅੱਜ ਸਵੇਰੇ ਢਾਕਾ ਦੇ ਉੱਤਰ-ਪੂਰਬ ’ਚ ਲਗਪਗ 100 ਕਿਲੋਮੀਟਰ ਦੂਰੀ ’ਤੇ ਸਥਿਤ ਕਿਸ਼ੋਰਗੰਜ ਤੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਸੋਹਾਗ ਖ਼ਾਨ (27), ਰੱਬੀ ਮੌਲੀਆ (21) ਅਤੇ ਪਲਾਸ਼ ਸਰਦਾਰ (25) ਵਜੋਂ ਹੋਈ ਹੈ। ਆਰ ਏ ਬੀ ਮਦਾਰੀਪੁਰ ਕੈਂਪ ਕੰਪਨੀ ਕਮਾਂਡਰ ਐੱਸ ਪੀ ਮੀਰ ਮੁਨੀਰ ਹੁਸੈਨ ਨੇ ‘ਪ੍ਰੋਥੋਮ ਆਲੋ’ ਨੂੰ ਦੱਸਿਆ ਕਿ ਮੁਲਜ਼ਮਾਂ ਨੂੰ ਕਿਸ਼ੋਰਗੰਜ ਤੋਂ ਮਦਾਰੀਪੁਰ ਕੈਂਪ ਲਿਆਂਦਾ ਗਿਆ ਹੈ। ਇਹ ਸਥਾਨ ਸ਼ਰੀਅਤਪੁਰ ਤੋਂ ਲਗਪਗ 20 ਕਿਲੋਮੀਟਰ ਦੂਰ ਸਥਿਤ ਹੈ। ਨਿਊਜ਼ ਪੋਰਟਲ ‘ਬੀ ਡੀ ਨਿਊਜ਼ 24’ ਨੇ ਸ਼ਰੀਅਤਪੁਰ ਦੇ ਐੱਸ ਪੀ ਰਵਾਂਕ ਜਹਾਨ ਦੇ ਹਵਾਲੇ ਨਾਲ ਦੱਸਿਆ ਕਿ ਪੀੜਤ ਨੇ ਮੌਤ ਤੋਂ ਪਹਿਲਾਂ ਮੁਲਜ਼ਮਾਂ ਦੇ ਨਾਂ ਲਏ ਸਨ। ਸ਼ਨਿਚਰਵਾਰ ਨੂੰ ਦਾਸ ਦੀ ਮੌਤ ਮਗਰੋਂ ਬੰਗਲਾਦੇਸ਼ ਹਿੰਦੂ ਬੁੱਧ ਈਸਾਈ ਏਕਤਾ ਕੌਂਸਿਲ ਦੇ ਬੁਲਾਰੇ ਕਾਜੋਲ ਦੇਬਨਾਥ ਨੇ ਕਿਹਾ ਸੀ ਕਿ ਦਸੰਬਰ ਤੋਂ ਮੁਲਕ ’ਚ ਚੱਲ ਰਹੇ ਹਿੰਸਕ ਮਾਹੌਲ ਦਰਮਿਆਨ ਇਹ ਹਿੰਦੂ ਭਾਈਚਾਰੇ ਨਾਲ ਸਬੰਧਤ ਪੰਜਵੇਂ ਵਿਅਕਤੀ ਦੀ ਮੌਤ ਹੈ।

