ਪੰਜਾਬੀ ‘ਕੜੇ’ ਦੀ ਤਾਕਤ: Indian-American Lawyer ਨੇ ਅਮਰੀਕੀ Supreme Court ਵਿੱਚ Trump ਵਿਰੁੱਧ ਜਿੱਤਿਆ ਕੇਸ
ਸਿੱਖ ਧਰਮ ਦੇ ਪ੍ਰਤੀਕ ‘ਕੜੇ’ ਤੋਂ ਮਿਲੀ ਹਿੰਮਤ ਸਦਕਾ ਪਰਵਾਸੀ ਦੇ ਪੁੱਤ ਨੀਲ ਕਟਿਆਲ ਨੇ ਅਮਰੀਕੀ ਸੰਵਿਧਾਨ ਦੀ ਜਿੱਤ ਯਕੀਨੀ ਬਣਾਈ
ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਕਿਵੇਂ ਇੱਕ ਪੰਜਾਬੀ ਕੜੇ ਨੇ ਉਸ ਭਾਰਤੀ-ਅਮਰੀਕੀ ਵਕੀਲ ਨੂੰ ਹੌਸਲਾ ਦਿੱਤਾ ਜਿਸ ਤੋਂ ਬਾਅਦ ਉਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਇੱਕ ਇਤਿਹਾਸਕ ਕੇਸ ਜਿੱਤਿਆ। ਨੀਲ ਕਟਿਆਲ ਅਕਸਰ ਆਪਣੇ ਆਪ ਨੂੰ ਮਾਣ ਨਾਲ ਪਰਵਾਸੀਆਂ ਦਾ ਪੁੱਤ ਕਹਿੰਦਾ ਹੈ। ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਮਰੀਕੀ ਸੁਪਰੀਮ ਕੋਰਟ ਦੇ ਉਸ ਵੱਡੇ ਫੈਸਲੇ ਪਿੱਛੇ, ਜਿਸ ਨੇ ਟਰੰਪ ਦੇ ਟੈਰਿਫ (ਟੈਕਸ) ਨਿਯਮਾਂ ਨੂੰ ਰੋਕ ਦਿੱਤਾ, ਇੱਕ ਪੰਜਾਬੀ ਕੜੇ ਦੀ ਸ਼ਕਤੀ ਸੀ। ਇਸ ਕੇਸ ਨੂੰ ਜਿੱਤਣ ਤੋਂ ਬਾਅਦ ਨੀਲ ਕਟਿਆਲ ਨੇ ਕਿਹਾ ਕਿ ਰਾਸ਼ਟਰਪਤੀ ਤਾਕਤਵਰ ਹੁੰਦੇ ਹਨ ਪਰ ਸਾਡਾ ਸੰਵਿਧਾਨ ਉਨ੍ਹਾਂ ਤੋਂ ਵੀ ਵੱਧ ਤਾਕਤਵਰ ਹੈ।
ਨੀਲ ਨੇ ਟਰੰਪ ਵੱਲੋਂ 1977 ਦੇ ਐਮਰਜੈਂਸੀ ਆਰਥਿਕ ਕਾਨੂੰਨ (IEEPA) ਦੀ ਵਰਤੋਂ ਕਰਕੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਾਮਾਨ 'ਤੇ ਲਗਾਏ ਗਏ ਭਾਰੀ ਟੈਕਸਾਂ ਵਿਰੁੱਧ ਅਦਾਲਤ ਵਿੱਚ ਬਹਿਸ ਕੀਤੀ। ਉਨ੍ਹਾਂ ਨੇ ਇਨ੍ਹਾਂ ਟੈਕਸਾਂ ਨੂੰ ਅਨਿਆਂਪੂਰਨ ਅਤੇ ਗੈਰ-ਸੰਵਿਧਾਨਕ ਦੱਸਿਆ। ਸ਼ਿਕਾਗੋ ਵਿੱਚ ਜਨਮੇ ਨੀਲ ਦੇ ਮਾਪੇ ਭਾਰਤ ਤੋਂ ਅਮਰੀਕਾ ਗਏ ਸਨ, ਜਿੱਥੇ ਉਨ੍ਹਾਂ ਦੀ ਮਾਂ ਇੱਕ ਡਾਕਟਰ ਅਤੇ ਪਿਤਾ ਇੱਕ ਇੰਜਨੀਅਰ ਸਨ। ਨੀਲ ਨੇ ਅਮਰੀਕਾ ਦੇ ਨਾਮੀ ਡਾਰਟਮਾਊਥ ਕਾਲਜ ਅਤੇ ਯੇਲ ਲਾਅ ਸਕੂਲ ਤੋਂ ਪੜ੍ਹਾਈ ਕੀਤੀ ਹੈ।
ਨਵੰਬਰ 2025 ਵਿੱਚ ਜਦੋਂ ਸੁਪਰੀਮ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਚੱਲ ਰਹੀ ਸੀ ਤਾਂ ਕਟਿਆਲ ਨੇ ਸੋਸ਼ਲ ਮੀਡੀਆ ’ਤੇ ਇੱਕ ਫੋਟੋ ਸਾਂਝੀ ਕੀਤੀ ਸੀ। ਇਸ ਫੋਟੋ ਵਿੱਚ ਉਨ੍ਹਾਂ ਦੇ ਕਾਨੂੰਨੀ ਕਾਗਜ਼ਾਂ (ਬ੍ਰੀਫ) ਉੱਤੇ ਇੱਕ ਪੰਜਾਬੀ 'ਕੜਾ' ਰੱਖਿਆ ਹੋਇਆ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਉਹ ਸਭ ਤੋਂ ਪਹਿਲਾਂ ਆਪਣੇ ਪਿਤਾ ਬਾਰੇ ਸੋਚ ਰਹੇ ਹਨ ਜੋ ਆਜ਼ਾਦੀ ਦੀ ਭਾਲ ਵਿੱਚ ਇਸ ਧਰਤੀ 'ਤੇ ਆਏ ਸਨ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਲੜਾਈ ਵਿੱਚ ਸੰਵਿਧਾਨ ਦੀ ਹੀ ਜਿੱਤ ਹੋਵੇ। ਅੰਤ ਵਿੱਚ ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਜੋ ਨੀਲ ਕਟਿਆਲ ਅਤੇ ਭਾਰਤੀ ਭਾਈਚਾਰੇ ਲਈ ਇੱਕ ਵੱਡੀ ਜਿੱਤ ਸਾਬਤ ਹੋਇਆ।
ਉਨ੍ਹਾਂ ਦਾ ਇਹ ਇਸ਼ਾਰਾ ਆਪਣੇ ਵਿਰਸੇ ਨਾਲ ਜੁੜੀਆਂ ਭਾਵਨਾਵਾਂ ਅਤੇ ਉਸ ਤਾਕਤ ਬਾਰੇ ਬਹੁਤ ਕੁਝ ਦੱਸਦਾ ਹੈ ਜੋ ਉਹ ਕੜੇ ਤੋਂ ਪ੍ਰਾਪਤ ਕਰਦੇ ਹਨ ਜੋ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਹੈ।
ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮੇਂ ਅਮਰੀਕਾ ਦੇ ਸਾਬਕਾ ਐਕਟਿੰਗ ਸੋਲੀਸਿਟਰ ਜਨਰਲ ਰਹਿ ਚੁੱਕੇ ਨੀਲ ਕਟਿਆਲ, ਹੁਣ ਜਾਰਜਟਾਊਨ ਯੂਨੀਵਰਸਿਟੀ ਲਾਅ ਸੈਂਟਰ ਵਿੱਚ ਨੈਸ਼ਨਲ ਸਕਿਓਰਿਟੀ ਲਾਅ ਦੇ 'ਪਾਲ ਐਂਡ ਪੈਟਰੀਸ਼ੀਆ ਸੌਂਡਰਜ਼' ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ। ਇਸ ਦੇ ਨਾਲ ਹੀ ਉਹ ਵਾਸ਼ਿੰਗਟਨ ਡੀ.ਸੀ. ਵਿੱਚ ਮਿਲਬੈਂਕ ਐਲ.ਐਲ.ਪੀ.' (Milbank LLP) ਫਰਮ ਦੇ ਹਿੱਸੇਦਾਰ ਹਨ ਅਤੇ ਫਰਮ ਦੇ ਮੁਕੱਦਮੇਬਾਜ਼ੀ ਅਤੇ ਆਰਬਿਟਰੇਸ਼ਨ ਗਰੁੱਪ ਦੇ ਮੈਂਬਰ ਹਨ।

