ਨਵੀਂ ਦਿੱਲੀ, 10 ਸਤੰਬਰ
ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਸਣੇ ਹੋਰਨਾਂ ਆਲਮੀ ਸੰਸਥਾਵਾਂ ਵਿੱਚ ਸੁਧਾਰਾਂ ਲਈ ਨਵੇਂ ਸਿਰੇ ਤੋਂ ਜ਼ੋਰ ਪਾਉਂਦਿਆਂ ਕਿਹਾ ਕਿ ਵਿਸ਼ਵ ਦੀਆਂ ‘ਨਵੀਆਂ ਹਕੀਕਤਾਂ’ ‘ਨਵੇਂ ਆਲਮੀ ਢਾਂਚੇ’ ਤੋਂ ਝਲਕਣੀ ਚਾਹੀਦੀ ਹੈ ਕਿਉਂਕਿ ਕੁਦਰਤ ਦਾ ਨੇਮ ਹੈ ਕਿ ਜੋ ਸਮੇਂ ਮੁਤਾਬਕ ਨਹੀਂ ਬਦਲਦੇ ਉਹ ਆਪਣੀ ਵੁੱਕਤ ਗੁਆ ਬੈਠਦੇ ਹਨ। ਸ੍ਰੀ ਮੋਦੀ ਜੀ-20 ਸਿਖਰ ਸੰਮੇਲਨ ਦੇ ‘ਇਕ ਭਵਿੱਖ’ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਕੁਲ ਆਲਮ ਨੂੰ ਚੰਗੇ ਭਵਿੱਖ ਵੱਲ ਲਿਜਾਣਾ ਹੇ ਤਾਂ ਆਲਮੀ ਸੰਸਥਾਵਾਂ ਵਿਚੋਂ ਅੱਜ ਦੀਆਂ ਹਕੀਕਤਾਂ ਦਾ ਝਲਕਾਰਾ ਮਿਲਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮਿਸਾਲ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਥਾਪਨਾ ਮੌਕੇ ਇਸ ਦੇ ਬਾਨੀ ਮੈਂਬਰਾਂ ਦੀ ਗਿਣਤੀ 51 ਸੀ, ਜੋ ਵੱਧ ਕੇ 200 ਦੇ ਕਰੀਬ ਹੋ ਗਈ ਹੈ। ਉਨ੍ਹਾਂ ਕਿਹਾ, ‘‘ਇਸ ਦੇ ਬਾਵਜੂਦ ਯੂਐੱਨ ਸੁਰੱਖਿਆ ਕੌਂਸਲ ਵਿੱਚ ਸਥਾਈ ਮੈਂਬਰਾਂ ਦੀ ਗਿਣਤੀ ਵਿਚ ਕੋਈ ਇਜ਼ਾਫਾ ਨਹੀਂ ਹੋਇਆ। ਯੂਐੱਨ ਦੀ ਸਥਾਪਨਾ ਮਗਰੋਂ ਆਲਮੀ ਪੱਧਰ ’ਤੇ ਲਗਪਗ ਹਰ ਪਹਿਲੂ ਵਿੱਚ ਬਦਲਾਅ ਆਇਆ ਹੈ। ਟਰਾਂਸਪੋਰਟ, ਸੰਚਾਰ, ਸਿਹਤ ਤੇ ਸਿੱਖਿਆ, ਹਰ ਖੇਤਰ ਦੀ ਕਾਇਆਕਲਪ ਹੋਈ ਹੈ। ਇਹ ਨਵੀਆਂ ਹਕੀਕਤਾਂ ਸਾਡੇ ਨਵੇਂ ਆਲਮੀ ਢਾਂਚੇ ਵਿੱਚੋਂ ਝਲਕਣੀਆਂ ਚਾਹੀਦੀਆਂ ਹਨ।’’ ਚੇਤੇ ਰਹੇ ਕਿ ਯੂਐੱਨ ਸਲਾਮਤੀ ਕੌਂਸਲ ਦੇ ਪੰਜ- ਅਮਰੀਕਾ, ਚੀਨ, ਫਰਾਂਸ, ਬਰਤਾਨੀਆ ਤੇ ਰੂਸ- ਸਥਾਈ ਮੈਂਬਰ ਹਨ। -ਪੀਟੀਆਈ