Balochistan ਵਿੱਚ ਸਰਗਰਮ ਅਤਿਵਾਦੀਆਂ ਨੂੰ ਮਿਲ ਰਹੀ ਹੈ ਵਿਦੇਸ਼ੀ ਮਦਦ: ਪਾਕਿਸਤਾਨੀ ਫ਼ੌਜ ਮੁਖੀ
ਬਲੂਚਿਸਤਾਨ ਅਤੇ ਪਾਕਿਸਤਾਨ ਦਾ ਵਰਤਮਾਨ ਅਤੇ ਭਵਿੱਖ "ਇੱਕ ਹੈ ਅਤੇ ਹਮੇਸ਼ਾ ਇੱਕ ਰਹੇਗਾ: ਮੁਨੀਰ
ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨੇ ਸ਼ੁੱਕਰਵਾਰ ਨੂੰ ਬਲੂਚਿਸਤਾਨ ਵਿੱਚ ਸਰਗਰਮ ਅਤਿਵਾਦੀਆਂ ਨੂੰ "ਵਿਦੇਸ਼ਾਂ ਵੱਲੋਂ ਸਮਰਥਿਤ ਪ੍ਰੌਕਸੀ ਸੈਨਿਕ" ਕਰਾਰ ਦਿੰਦਿਆਂ ਕਿਹਾ ਕਿ ਉਹ ਸੂਬੇ ਨੂੰ ਅਸਥਿਰ ਕਰਨ ਦਾ ਕੰਮ ਕਰ ਰਹੇ ਹਨ।
ਫ਼ੌਜ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ, ਮੁਨੀਰ ਨੇ ਬਲੂਚਿਸਤਾਨ ਦੇ ਪ੍ਰਮੁੱਖ ਲੋਕਾਂ ਅਤੇ ਆਗੂਆਂ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ।
ਬਲੂਚਿਸਤਾਨ ਲੰਮੇ ਸਮੇਂ ਤੋਂ ਵੱਖਵਾਦੀ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ। ਖਣਿਜਾਂ ਨਾਲ ਭਰੂਪਰ ਇਸ ਸੂਬੇ ਵਿੱਚ ਪਾਬੰਦੀਸ਼ੁਦਾ ਬਲੂਚਿਸਤਾਨ ਲਿਬਰੇਸ਼ਨ ਆਰਮੀ (ਬੀ ਐੱਲ ਏ) ਸਮੇਤ ਕਈ ਸੰਗਠਨ ਸਰਗਰਮ ਹਨ, ਜੋ ਇਸ ਦੀ ਆਜ਼ਾਦੀ ਦੀ ਮੰਗ ਕਰ ਰਹੇ ਹਨ।
ਮੁਨੀਰ ਨੇ ਕਿਹਾ ਕਿ ਬਲੂਚਿਸਤਾਨ ਅਤੇ ਪਾਕਿਸਤਾਨ ਦਾ ਵਰਤਮਾਨ ਅਤੇ ਭਵਿੱਖ "ਇੱਕ ਹੈ ਅਤੇ ਹਮੇਸ਼ਾ ਇੱਕ ਰਹੇਗਾ।"
ਉਨ੍ਹਾਂ ਨੇ ਕਿਸੇ ਦੇਸ਼ ਦਾ ਨਾਮ ਲਏ ਬਿਨਾਂ ਦੋਸ਼ ਲਗਾਇਆ ਕਿ ਸੂਬੇ ਵਿੱਚ "ਸਰਗਰਮ ਅਤਿਵਾਦੀਆਂ ਨੂੰ ਵਿਦੇਸ਼ੀ ਮਦਦ ਮਿਲ ਰਹੀ ਹੈ, ਜਿਸ ਦੀ ਵਰਤੋਂ ਦੁਸ਼ਮਣ ਤੱਤ ਬਲੂਚਿਸਤਾਨ ਨੂੰ ਅਸਥਿਰ ਕਰਨ, ਇਸ ਦੇ ਵਿਕਾਸ ਵਿੱਚ ਰੁਕਾਵਟ ਪਾਉਣ ਅਤੇ ਸੂਬੇ ਤੇ ਲੋਕਾਂ ਵਿਚਕਾਰ ਦੂਰੀ ਪੈਦਾ ਕਰਨ ਲਈ ਕਰ ਰਹੇ ਹਨ।"
ਫ਼ੌਜ ਮੁਖੀ ਨੇ ਕਿਹਾ ਕਿ ਬਲੂਚਿਸਤਾਨ ਦਾ ਭਵਿੱਖ ਸਿਰਫ਼ ਉੱਥੋਂ ਦੇ ਲੋਕਾਂ ਦੇ ਹੱਥਾਂ ਵਿੱਚ ਹੈ।
ਹਾਲ ਹੀ ਦੇ ਸਾਲਾਂ ਵਿੱਚ ਬੀ ਐੱਲ ਏ ਨੇ ਸੁਰੱਖਿਆ ਬਲਾਂ, ਸਰਕਾਰੀ ਅਦਾਰਿਆਂ, ਚੀਨੀ ਨਾਗਰਿਕਾਂ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ ਪੀ ਈ ਸੀ) ਨਾਲ ਜੁੜੇ ਪ੍ਰਾਜੈਕਟਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਤੇਜ਼ ਕਰ ਦਿੱਤੇ ਹਨ।

