Singapore Scam Case: ਸਿੰਗਾਪੁਰ ’ਚ ਕਰੋੜਾਂ ਰੁਪਏ ਦੇ ਮਨੀ ਟਰਾਂਸਫਰ ਘੁਟਾਲੇ ’ਚ ਭਾਰਤੀ ਨਾਗਰਿਕ ’ਤੇ ਲੱਗੇ 39 ਸੰਗੀਨ ਦੋਸ਼
ਚੀਨ ਭੇਜੇ ਗਏ 1.3 ਕਰੋੜ ਸਿੰਗਾਪੁਰੀ ਡਾਲਰ (SGD) ਹੋਏ ਫ੍ਰੀਜ਼; ‘ਸੈਮਲਿਟ ਮਨੀਚੇਂਜਰ’ ਦੇ ਕੰਪਲਾਇੰਸ ਮੈਨੇਜਰ ਅਤੇ ਸਿੰਗਾਪੁਰੀ ਮਹਿਲਾ ਡਾਇਰੈਕਟਰ ’ਤੇ ਅਦਾਲਤੀ ਸ਼ਿਕੰਜਾ
ਸਿੰਗਾਪੁਰ ਦੀ ਇੱਕ ਅਦਾਲਤ ਵਿੱਚ ਚੀਨ ਫੰਡ ਟਰਾਂਸਫਰ ਕਰਨ ਨਾਲ ਜੁੜੇ ਇੱਕ ਵੱਡੇ ਵਿੱਤੀ ਘੁਟਾਲੇ ਵਿੱਚ ਭਾਰਤੀ ਨਾਗਰਿਕ, ਉਸ ਦੀ ਸਿੰਗਾਪੁਰੀ ਸਹਿਕਰਮੀ ਅਤੇ ਸਬੰਧਤ ਕੰਪਨੀ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਇਸ ਮਾਮਲੇ ਵਿੱਚ ਚੀਨ ਭੇਜੇ ਗਏ ਕਰੀਬ 1.3 ਕਰੋੜ ਸਿੰਗਾਪੁਰੀ ਡਾਲਰ (ਲਗਭਗ 10 ਮਿਲੀਅਨ ਅਮਰੀਕੀ ਡਾਲਰ) ਉੱਥੋਂ ਦੇ ਖਾਤਾਧਾਰਕਾਂ ਤੱਕ ਨਹੀਂ ਪਹੁੰਚ ਸਕੇ ਕਿਉਂਕਿ ਚੀਨੀ ਅਧਿਕਾਰੀਆਂ ਨੇ ਇਨ੍ਹਾਂ ਫੰਡਾਂ ਨੂੰ ਫ੍ਰੀਜ਼ (ਜ਼ਬਤ) ਕਰ ਦਿੱਤਾ ਹੈ।
ਅਦਾਲਤ ਵਿੱਚ ਪੇਸ਼ ਕੀਤੇ ਗਏ ਭਾਰਤੀ ਨਾਗਰਿਕ ਦੀ ਪਛਾਣ 36 ਸਾਲਾ ਮਲਿਕ ਸਮੀਰ ਵਜੋਂ ਹੋਈ ਹੈ, ਜੋ ਚਾਈਨਾਟਾਊਨ ਸਥਿਤ ‘ਸੈਮਲਿਟ ਮਨੀਚੇਂਜਰ’ (Samlit Moneychanger) ਵਿੱਚ ਬਤੌਰ ਕੰਪਲਾਇੰਸ ਮੈਨੇਜਰ (ਨਿਯਮ ਪਾਲਣ ਅਧਿਕਾਰੀ) ਤਾਇਨਾਤ ਸੀ। ਸਮੀਰ ’ਤੇ ਫਾਈਨੈਂਸ਼ੀਅਲ ਸਰਵਿਸਿਜ਼ ਐਂਡ ਮਾਰਕੀਟਸ ਐਕਟ (FSMA) ਤਹਿਤ 39 ਦੋਸ਼ ਆਇਦ ਕੀਤੇ ਗਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਮਲਿਕ ਸਮੀਰ ਦੇ ਨਾਲ ਉਸ ਦੀ ਸਿੰਗਾਪੁਰੀ ਸਹਿਕਰਮੀ 45 ਸਾਲਾ ਨੋਵਿਆਂਤੀ, ਜੋ ਕਿ ਕੰਪਨੀ ਦੀ ਡਾਇਰੈਕਟਰ ਹੈ, ਨੂੰ ਵੀ ਅਦਾਲਤ ਵਿੱਚ ਨਾਮਜ਼ਦ ਕੀਤਾ ਗਿਆ ਹੈ। ਸਮੁੱਚੇ ਤੌਰ ’ਤੇ ਸੈਮਲਿਟ ਕੰਪਨੀ, ਨੋਵਿਆਂਤੀ ਅਤੇ ਮਲਿਕ ਸਮੀਰ ’ਤੇ ਇਸ ਐਕਟ ਤਹਿਤ 17-17 ਵੱਖਰੇ ਮਾਮਲੇ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਸਿੰਗਾਪੁਰ ਪੁਲੀਸ ਨੂੰ ਪੈਸੇ ਭੇਜਣ (ਰੇਮੀਟੈਂਸ) ਦੇ ਮਾਮਲਿਆਂ ਵਿੱਚ 670 ਤੋਂ ਵੱਧ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚ ਚੀਨੀ ਅਧਿਕਾਰੀਆਂ ਵੱਲੋਂ ਫੰਡ ਫ੍ਰੀਜ਼ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਇਸ ਘੁਟਾਲੇ ਵਿੱਚ ‘ਸੈਮਲਿਟ ਮਨੀਚੇਂਜਰ’ ਦਾ ਨਾਂ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ।
ਸਿੰਗਾਪੁਰ ਪੁਲੀਸ ਫੋਰਸ (SPF) ਅਤੇ ਮੋਨੇਟਰੀ ਅਥਾਰਟੀ ਆਫ਼ ਸਿੰਗਾਪੁਰ (MAS) ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਚੀਨ ਵਿੱਚ ਮੌਜੂਦ ਲਾਭਪਾਤਰੀਆਂ ਨੂੰ ਇਹ ਰਕਮ ਇਸ ਲਈ ਨਹੀਂ ਮਿਲ ਸਕੀ ਕਿਉਂਕਿ ਉੱਥੋਂ ਦੀਆਂ ਜਾਂਚ ਏਜੰਸੀਆਂ ਨੇ ਇਸ ਪੈਸੇ ਨੂੰ ਜ਼ਬਤ ਕਰ ਲਿਆ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਮੋਨੇਟਰੀ ਅਥਾਰਟੀ (MAS) ਵੱਲੋਂ ਕੰਪਨੀ ਦਾ ਨਿਰੀਖਣ ਕੀਤਾ ਜਾ ਰਿਹਾ ਸੀ, ਤਾਂ ਸੈਮਲਿਟ ਕੰਪਨੀ ਨੇ ਅਚਾਨਕ ਆਪਣਾ ਪੇਮੈਂਟ ਸਰਵਿਸਿਜ਼ ਲਾਇਸੈਂਸ ਸਰੰਡਰ ਕਰਕੇ ਕਾਰੋਬਾਰ ਬੰਦ ਕਰਨ ਦੀ ਕੋਸ਼ਿਸ਼ ਕੀਤੀ।
ਇਸ ਤੋਂ ਇਲਾਵਾ ਫਰਵਰੀ ਅਤੇ ਅਗਸਤ 2024 ਦਰਮਿਆਨ ਪੁਲੀਸ ਵੱਲੋਂ ਜ਼ਬਤ ਕੀਤੇ ਗਏ ਡਿਵਾਈਸਾਂ ਅਤੇ ਈਮੇਲ ਖਾਤਿਆਂ ਦੇ ਪਾਸਵਰਡ ਦੇਣ ਦੇ ਜਾਰੀ ਕੀਤੇ ਗਏ 20 ਆਦੇਸ਼ਾਂ ਦੀ ਵੀ ਕੰਪਨੀ ਵੱਲੋਂ ਉਲੰਘਣਾ ਕੀਤੀ ਗਈ। ਅਦਾਲਤ ਨੇ ਸੈਮਲਿਟ ਕੰਪਨੀ, ਮਲਿਕ ਅਤੇ ਨੋਵਿਆਂਤੀ ਨਾਲ ਸਬੰਧਤ ਇਸ ਮਾਮਲੇ ਦੀ ਅਗਲੀ ਸੁਣਵਾਈ 6 ਅਗਸਤ, 2026 ਤੱਕ ਮੁਲਤਵੀ ਕਰ ਦਿੱਤੀ ਹੈ।
