Shooting in US: ਓਕਲਾਹੋਮਾ ਸ਼ਹਿਰ ਨੇੜੇ ਝੀਲ ’ਤੇ ਗੋਲੀਬਾਰੀ; 10 ਤੋਂ ਜ਼ਿਆਦਾ ਜ਼ਖ਼ਮੀ
ਨੌਜਵਾਨਾਂ ਦੀ ਪਾਰਟੀ ਦੌਰਾਨ ਵਾਪਰੀ ਘਟਨਾ; ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
ਅਮਰੀਕਾ ਦੇ ਓਕਲਾਹੋਮਾ ਸ਼ਹਿਰ ਦੇ ਨਜ਼ਦੀਕ ਸਥਿਤ ਸੈਲਾਨੀ ਸਥਾਨ ਤੇ ਝੀਲ ’ਤੇ ਚੱਲ ਰਹੀ ਪਾਰਟੀ ਦੌਰਾਨ ਅਚਾਨਕ ਗੋਲੀਬਾਰੀ ਹੋਈ ਜਿਸ ਕਾਰਨ 10 ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਪੁਲੀਸ ਅਨੁਸਾਰ ਇਹ ਘਟਨਾ ਐਤਵਾਰ ਰਾਤ ਲਗਪਗ 9 ਵਜੇ ਵਾਪਰੀ, ਜਦੋਂ ਆਰਕੇਡੀਆ ਝੀਲ (Arcadia Lake) ਕੋਲ ਨੌਜਵਾਨਾਂ ਦਾ ਇੱਕ ਵੱਡਾ ਇਕੱਠ ਹੋਇਆ ਸੀ। ਗੋਲੀਆਂ ਚੱਲਣ ਦੀਆਂ ਕਈ ਰਿਪੋਰਟਾਂ ਮਿਲਣ ਤੋਂ ਤੁਰੰਤ ਬਾਅਦ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ।
ਐਡਮੰਡ ਪੁਲੀਸ ਦੀ ਬੁਲਾਰਾ ਐਮਿਲੀ ਵਾਰਡ ਨੇ ਦੱਸਿਆ ਕਿ 10 ਜਣਿਆਂ ਨੂੰ ਸਰਕਾਰੀ ਐਂਬੂਲੈਂਸਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ, ਜਦਕਿ ਕਈ ਹੋਰ ਜ਼ਖ਼ਮੀ ਅਜਿਹੇ ਵੀ ਹੋ ਸਕਦੇ ਹਨ ਜੋ ਨਿੱਜੀ ਵਾਹਨਾਂ ਰਾਹੀਂ ਖੁਦ ਹਸਪਤਾਲ ਪਹੁੰਚੇ ਹਨ। ਹਸਪਤਾਲ ਵਿੱਚ ਦਾਖਲ ਕੀਤੇ ਗਏ ਪੀੜਤਾਂ ਦੀ ਹਾਲਤ ਗੰਭੀਰ ਤੋਂ ਅਤਿ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਕਾਫ਼ੀ ਚਿੰਤਾਜਨਕ ਹੈ। ਅਧਿਕਾਰੀ ਫਿਲਹਾਲ ਸਾਰੇ ਪੀੜਤਾਂ ਦੀ ਸੂਚੀ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਇਕੱਠੀ ਕਰ ਰਹੇ ਹਨ।
ਆਰਕੇਡੀਆ ਝੀਲ ਓਕਲਾਹੋਮਾ ਸ਼ਹਿਰ ਤੋਂ ਲਗਪਗ 21 ਕਿਲੋਮੀਟਰ ਦੂਰ ਐਡਮੰਡ ਉਪਨਗਰ ਵਿੱਚ ਸਥਿਤ ਹੈ। ਇਹ ਥਾਂ ਸਥਾਨਕ ਲੋਕਾਂ ਵਿੱਚ ਪਿਕਨਿਕ, ਕੈਂਪਿੰਗ ਅਤੇ ਮੱਛੀ ਫੜਨ ਲਈ ਬਹੁਤ ਮਸ਼ਹੂਰ ਹੈ। ਲਗਪਗ 1 ਲੱਖ ਦੀ ਆਬਾਦੀ ਵਾਲੇ ਇਸ ਸ਼ਾਂਤ ਇਲਾਕੇ ਵਿੱਚ ਵਾਪਰੀ ਇਸ ਹਿੰਸਕ ਘਟਨਾ ਨੇ ਸਥਾਨਕ ਨਿਵਾਸੀਆਂ ਨੂੰ ਡਰ ਦੇ ਸਾਏ ਵਿੱਚ ਲਿਆ ਦਿੱਤਾ ਹੈ। ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੋਲੀਬਾਰੀ ਕਿਸ ਮਕਸਦ ਨਾਲ ਕੀਤੀ ਗਈ ਸੀ ਅਤੇ ਇਸ ਦੇ ਪਿੱਛੇ ਕੌਣ ਲੋਕ ਸ਼ਾਮਲ ਸਨ।

