Saudi Arabia Airport: ਰਿਆਧ ਦਾ ਕੌਮਾਂਤਰੀ ਹਵਾਈ ਅੱਡਾ 17 ਅਕਤੂਬਰ ਤੱਕ ਬੰਦ
ਇਰਾਨ-ਸਮਰਥਕ ਹੂਤੀ ਬਾਗ਼ੀਆਂ ਦੇ ਹਮਲਿਆਂ ਮਗਰੋਂ ਲਿਆ ਫ਼ੈਸਲਾ
Saudi Arabia Airport: ਸਾਊਦੀ ਅਰਬ ਦੀ ਰਾਜਧਾਨੀ ਰਿਆਧ ਦਾ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡਾ 17 ਅਕਤੂਬਰ ਤੱਕ ਬੰਦ ਰਹੇਗਾ। ਸੋਮਵਾਰ ਨੂੰ ਜਾਰੀ ਹਵਾਈ ਮਿਸ਼ਨਾਂ ਸਬੰਧੀ ਨੋਟਿਸ ਮੁਤਾਬਕ, ਹਵਾਈ ਅੱਡੇ ਨੂੰ 17 ਅਕਤੂਬਰ ਨੂੰ ਰਾਤ 9 ਵਜੇ ਜੀ ਐੱਮ ਟੀ ਤੱਕ ਬੰਦ ਰੱਖਿਆ ਜਾਵੇਗਾ। ਇਹ ਸਮਾਂ ਭਾਰਤੀ ਮਿਆਰੀ ਸਮੇਂ ਮੁਤਾਬਕ 18 ਅਕਤੂਬਰ ਨੂੰ ਤੜਕੇ 2.30 ਵਜੇ ਬਣਦਾ ਹੈ।
ਜਾਣਕਾਰੀ ਅਨੁਸਾਰ ਇਰਾਨ-ਸਮਰਥਕ ਹੂਤੀ ਬਾਗ਼ੀਆਂ ਵੱਲੋਂ ਕੀਤੇ ਗਏ ਲੜੀਵਾਰ ਜਾਨਲੇਵਾ ਹਮਲਿਆਂ ਮਗਰੋਂ ਹਵਾਈ ਅੱਡੇ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਹਾਲਾਂਕਿ, ਜਾਰੀ ਨੋਟਿਸ ਵਿੱਚ ਹਵਾਈ ਅੱਡਾ ਬੰਦ ਕਰਨ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ।
ਰਿਆਧ ਦਾ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡਾ ਸਾਊਦੀ ਅਰਬ ਦੇ ਪ੍ਰਮੁੱਖ ਹਵਾਈ ਅੱਡਿਆਂ ਵਿੱਚੋਂ ਇੱਕ ਹੈ। ਇਸ ਰਾਹੀਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਹੁੰਦਾ ਹੈ। ਹਵਾਈ ਅੱਡੇ ਦੇ ਲੰਮੇ ਸਮੇਂ ਤੱਕ ਬੰਦ ਰਹਿਣ ਨਾਲ ਯਾਤਰੀਆਂ ਦੀ ਆਵਾਜਾਈ ਅਤੇ ਉਡਾਣਾਂ ਦੇ ਕਾਰਜਕ੍ਰਮ ’ਤੇ ਅਸਰ ਪੈ ਸਕਦਾ ਹੈ।
ਹਵਾਈ ਮਿਸ਼ਨਾਂ ਸਬੰਧੀ ਨੋਟਿਸ ਉਡਾਣਾਂ ਦੇ ਸੰਚਾਲਨ ਨਾਲ ਜੁੜੀਆਂ ਪਾਬੰਦੀਆਂ ਅਤੇ ਮਹੱਤਵਪੂਰਨ ਤਬਦੀਲੀਆਂ ਬਾਰੇ ਪਾਇਲਟਾਂ ਤੇ ਹਵਾਈ ਕੰਪਨੀਆਂ ਨੂੰ ਜਾਣਕਾਰੀ ਦੇਣ ਲਈ ਜਾਰੀ ਕੀਤਾ ਜਾਂਦਾ ਹੈ। ਹਵਾਈ ਅੱਡੇ ਨੂੰ ਮੁੜ ਖੋਲ੍ਹਣ ਜਾਂ ਪਾਬੰਦੀ ਵਿੱਚ ਕਿਸੇ ਤਬਦੀਲੀ ਬਾਰੇ ਇਸ ਰਿਪੋਰਟ ਵਿੱਚ ਹੋਰ ਜਾਣਕਾਰੀ ਨਹੀਂ ਦਿੱਤੀ ਗਈ।

