DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pakistan ਦੇ ਪੇਸ਼ਾਵਰ 'ਚ ਨਿੱਜੀ ਸਕੂਲ ਦੀ ਛੱਤ ਡਿੱਗੀ; 34 ਵਿਦਿਆਰਥੀਆਂ ਤੇ 1 ਅਧਿਆਪਕਾ ਦੀ ਮੌਤ

ਪੁਲੀਸ ਨੇ ਸਕੂਲ ਮਾਲਕ ਨੂੰ ਕੀਤਾ ਗ੍ਰਿਫ਼ਤਾਰ

  • fb
  • twitter
  • whatsapp
  • whatsapp
featured-img featured-img
Photo: REUTERS
Advertisement

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿੱਚ ਵੀਰਵਾਰ ਨੂੰ ਇੱਕ ਨਿੱਜੀ ਸਕੂਲ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ 34 ਬੱਚਿਆਂ ਅਤੇ ਇੱਕ ਅਧਿਆਪਕਾ ਦੀ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਅਤੇ ਪੁਲੀਸ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕੀਤੀ ਹੈ।

ਪੇਸ਼ਾਵਰ ਦੇ ਪੁਲੀਸ ਮੁਖੀ ਮੀਆਂ ਸਈਦ ਨੇ ਦੱਸਿਆ ਕਿ ਇਹ ਹਾਦਸਾ ਸ਼ਹਿਰ ਦੇ ਅੰਦਰੂਨੀ ਇਲਾਕੇ ਦੀਰ ਕਾਲੋਨੀ ਵਿੱਚ ਵਾਪਰਿਆ। ਪੁਲੀਸ ਨੇ ਤਿੰਨ ਮੰਜ਼ਿਲਾ ਸਕੂਲ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਦੀ ਛੱਤ ਦਾ ਨਿਰਮਾਣ ਠੀਕ ਢੰਗ ਨਾਲ ਨਹੀਂ ਕੀਤਾ ਗਿਆ ਸੀ। ਇਹ ਸਕੂਲ ਇੱਕ ਐਜੂਕੇਸ਼ਨਲ ਟਰੱਸਟ ਅਧੀਨ ਚਲਾਇਆ ਜਾ ਰਿਹਾ ਸੀ। ਪੁਲੀਸ ਮੁਖੀ ਮੁਤਾਬਕ, ਸਕੂਲ ਵਿੱਚ ਕੁੱਲ 110 ਬੱਚੇ ਦਾਖਲ ਸਨ ਅਤੇ ਹਾਦਸੇ ਸਮੇਂ ਉੱਪਰਲੀ ਮੰਜ਼ਿਲ ਦੀਆਂ ਜਮਾਤਾਂ ਵਿੱਚ 30 ਵਿਦਿਆਰਥੀ ਮੌਜੂਦ ਸਨ।

Advertisement

ਲੇਡੀ ਰੀਡਿੰਗ ਹਸਪਤਾਲ (LRH) ਦੇ ਬੁਲਾਰੇ ਮੁਹੰਮਦ ਆਸਿਮ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 34 ਵਿਦਿਆਰਥੀ (ਜਿਨ੍ਹਾਂ ਵਿੱਚ ਛੇ ਕੁੜੀਆਂ ਹਨ) ਅਤੇ ਇੱਕ ਅਧਿਆਪਕਾ ਸ਼ਾਮਲ ਹੈ। ਮ੍ਰਿਤਕ ਬੱਚਿਆਂ ਦੀ ਉਮਰ 13 ਸਾਲ ਜਾਂ ਇਸ ਤੋਂ ਘੱਟ ਹੈ। ਹਾਦਸੇ ਵਿੱਚ 20 ਵਿਦਿਆਰਥੀਆਂ ਸਮੇਤ 40 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੇ ਇਲਾਜ ਲਈ ਹਸਪਤਾਲ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ।

Advertisement

ਡਿਪਟੀ ਕਮਿਸ਼ਨਰ ਅਫਾਕ ਵਜ਼ੀਰ ਅਨੁਸਾਰ ਮਲਬੇ ਹੇਠਾਂ ਫਸੇ ਸਾਰੇ ਲੋਕਾਂ ਨੂੰ ਕੱਢ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਸੂਬਾਈ ਸਿੱਖਿਆ ਸਕੱਤਰ ਇਨਾਇਤੁੱਲਾ ਵਸੀਮ ਨੇ ਪ੍ਰਾਈਵੇਟ ਸਕੂਲ ਰੈਗੂਲੇਟਰੀ ਅਥਾਰਟੀ ਤੋਂ ਸ਼ੁੱਕਰਵਾਰ ਤੱਕ ਰਿਪੋਰਟ ਤਲਬ ਕੀਤੀ ਹੈ। ਤੰਗ ਗਲੀਆਂ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲ ਆਈ। ਆਈਜੀ ਜੁਲਫਿਕਾਰ ਹਮੀਦ ਨੇ ਐਂਬੂਲੈਂਸਾਂ ਦੀ ਆਵਾਜਾਈ ਲਈ 'ਗ੍ਰੀਨ ਕੋਰੀਡੋਰ' ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਸਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ, ਰਾਜਪਾਲ ਫੈਸਲ ਕਰੀਮ ਕੁੰਡੀ ਅਤੇ ਪੀਪੀਪੀ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਅਤੇ ਘਟੀਆ ਨਿਰਮਾਣ ਸਮੱਗਰੀ ਕਾਰਨ ਇਮਾਰਤਾਂ ਡਿੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਜੁਲਾਈ ਅਤੇ ਜੂਨ ਮਹੀਨੇ ਵਿੱਚ ਵੀ ਸਿੰਧ ਅਤੇ ਲਾਹੌਰ ਵਿਖੇ ਅਜਿਹੇ ਹਾਦਸਿਆਂ ਵਿੱਚ ਕਈ ਸਕੂਲੀ ਬੱਚਿਆਂ ਦੀ ਜਾਨ ਜਾ ਚੁੱਕੀ ਹੈ।

Advertisement
×