ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਜਹਾਜ਼ ਰਨਵੇਅ ਤੋਂ ਖਿਸਕਿਆ
ਕਾਠਮੰਡੂ ਤੋਂ ਭਦਰਪੁਰ ਜਾ ਰਹੀ ਬੁੱਧਾ ਏਅਰ ਦਾ ਜਹਾਜ਼ ਨੰਬਰ 901 ਸ਼ੁੱਕਰਵਾਰ ਦੇਰ ਰਾਤ ਨੇਪਾਲ ਦੇ ਝਾਪਾ ਜ਼ਿਲ੍ਹੇ ਦੇ ਭਦਰਪੁਰ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਰਨਵੇਅ ਤੋਂ ਖਿਸਕ ਗਿਆ। ਅਧਿਕਾਰੀਆਂ ਅਨੁਸਾਰ ਜਹਾਜ਼ ਵਿੱਚ 51 ਯਾਤਰੀ ਅਤੇ ਚਾਲਕ ਦਲ ਦੇ...
ਕਾਠਮੰਡੂ ਤੋਂ ਭਦਰਪੁਰ ਜਾ ਰਹੀ ਬੁੱਧਾ ਏਅਰ ਦਾ ਜਹਾਜ਼ ਨੰਬਰ 901 ਸ਼ੁੱਕਰਵਾਰ ਦੇਰ ਰਾਤ ਨੇਪਾਲ ਦੇ ਝਾਪਾ ਜ਼ਿਲ੍ਹੇ ਦੇ ਭਦਰਪੁਰ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਰਨਵੇਅ ਤੋਂ ਖਿਸਕ ਗਿਆ। ਅਧਿਕਾਰੀਆਂ ਅਨੁਸਾਰ ਜਹਾਜ਼ ਵਿੱਚ 51 ਯਾਤਰੀ ਅਤੇ ਚਾਲਕ ਦਲ ਦੇ 4 ਮੈਂਬਰ ਸਵਾਰ ਸਨ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਨੇਪਾਲ ਪੁਲੀਸ ਨੇ 'X' (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਰਾਹੀਂ ਪੁਸ਼ਟੀ ਕੀਤੀ ਕਿ ਲੈਂਡਿੰਗ ਦੌਰਾਨ ਵਾਪਰੇ ਇਸ ਹਾਦਸੇ ਤੋਂ ਬਾਅਦ ਪੁਲੀਸ ਅਤੇ ਸਬੰਧਤ ਅਧਿਕਾਰੀਆਂ ਨੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।
ਬੁੱਧਾ ਏਅਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਜਹਾਜ਼ (9N-AMF) ਲੈਂਡਿੰਗ ਵੇਲੇ ਰਨਵੇਅ ਤੋਂ ਲਾਂਭੇ ਹੋ ਗਿਆ ਸੀ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਕਾਠਮੰਡੂ ਤੋਂ ਇੱਕ ਤਕਨੀਕੀ ਅਤੇ ਰਾਹਤ ਟੀਮ ਦੂਜੇ ਜਹਾਜ਼ ਰਾਹੀਂ ਭੇਜੀ ਜਾ ਰਹੀ ਹੈ। ਇਹ ਫਲਾਈਟ ਰਾਤ 8:23 ਵਜੇ ਕਾਠਮੰਡੂ ਤੋਂ ਰਵਾਨਾ ਹੋਈ ਸੀ ਅਤੇ ਇਸ ਨੇ ਰਾਤ ਭਦਰਪੁਰ ਹਵਾਈ ਅੱਡੇ 'ਤੇ ਰੁਕ ਕੇ ਅਗਲੀ ਸਵੇਰ ਵਾਪਸ ਪਰਤਣਾ ਸੀ। ਨੇਪਾਲ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਹੋਏ ਕਈ ਗੰਭੀਰ ਜਹਾਜ਼ ਹਾਦਸਿਆਂ, ਜਿਵੇਂ ਕਿ ਜੁਲਾਈ 2024 ਵਿੱਚ ਸੌਰਿਆ ਏਅਰਲਾਈਨਜ਼ ਦਾ ਹਾਦਸਾ ਜਿਸ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ, ਤੋਂ ਬਾਅਦ ਹਵਾਈ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਹਨ।

