ਪਟਨਾ ਹਸਪਤਾਲ ਕਤਲ ਕੇਸ: ਬੰਗਾਲ ਦੇ ਨਿਊ ਟਾਊਨ ਤੋਂ 5 ਗ੍ਰਿਫ਼ਤਾਰ
ਪਟਨਾ ਦੇ ਇੱਕ ਹਸਪਤਾਲ ਵਿੱਚ ਗੈਂਗਸਟਰ ਚੰਦਨ ਮਿਸ਼ਰਾ ਦੇ ਕਤਲ ਦੇ ਸਬੰਧ ਵਿੱਚ ਕੋਲਕਾਤਾ ਦੇ ਨੇੜੇ ਨਿਊ ਟਾਊਨ ਤੋਂ ਘੱਟੋ-ਘੱਟ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਤੜਕੇ ਪਟਨਾ ਪੁਲੀਸ ਅਤੇ ਪੱਛਮੀ ਬੰਗਾਲ ਐੱਸਟੀਐੱਫ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਦੋਸ਼ੀਆਂ ਨੂੰ ਮਹਾਨਗਰ ਦੀ ਸੈਟੇਲਾਈਟ ਟਾਊਨਸ਼ਿਪ ਵਿੱਚ ਇੱਕ ਹਾਊਸਿੰਗ ਕੰਪਲੈਕਸ ਤੋਂ ਕਾਬੂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਬਿਹਾਰ ਦੇ ਬਕਸਰ ਜ਼ਿਲ੍ਹੇ ਦਾ ਰਹਿਣ ਵਾਲੇ ਮਿਸ਼ਰਾ, ਜੋ ਇੱਕ ਕਤਲ ਕੇਸ ਵਿੱਚ ਦੋਸ਼ੀ ਸੀ ਅਤੇ ਪੈਰੋਲ ’ਤੇ ਬਾਹਰ ਸੀ, ਨੂੰ ਵੀਰਵਾਰ ਸਵੇਰੇ ਪਟਨਾ ਦੇ ਇੱਕ ਨਿੱਜੀ ਹਸਪਤਾਲ ਦੇ ਅੰਦਰ ਬੰਦੂਕਧਾਰੀਆਂ ਦੁਆਰਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਸਾਰੇ ਦੋਸ਼ੀ ਨਿਊ ਟਾਊਨ ਖੇਤਰ ਵਿੱਚ ਇੱਕ ਹਾਊਸਿੰਗ ਕੰਪਲੈਕਸ ਦੇ ਇੱਕ ਫਲੈਟ ਵਿੱਚ ਲੁਕੇ ਹੋਏ ਸਨ। ਪੰਜਾਂ ਵਿੱਚੋਂ ਚਾਰ ਸਿੱਧੇ ਤੌਰ 'ਤੇ ਕਤਲ ਵਿੱਚ ਸ਼ਾਮਲ ਸਨ। ਘਟਨਾ ਤੋਂ ਬਾਅਦ ਉਹ ਪਟਨਾ ਤੋਂ ਫਰਾਰ ਹੋ ਗਏ ਅਤੇ ਕੋਲਕਾਤਾ ਆ ਗਏ ਸਨ।” ਉਨ੍ਹਾਂ ਕਿਹਾ, “ਮੁਲਜ਼ਮਾਂ ਦੇ ਮੋਬਾਈਲ ਫੋਨ ਟਾਵਰ ਦੀ ਲੋਕੇਸ਼ਨ ਨੇ ਸਾਨੂੰ ਉਨ੍ਹਾਂ ਨੂੰ ਟਰੈਕ ਕਰਨ ਵਿੱਚ ਮਦਦ ਕੀਤੀ। ਬਿਹਾਰ ਪੁਲੀਸ ਉਨ੍ਹਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਦਿਆਂ ਟਰਾਂਜ਼ਿਟ ਰਿਮਾਂਡ ਦੀ ਮੰਗ ਕਰੇਗੀ।”