DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੁਰੂ ਨਾਨਕ ਦੇਵ ਦੇ ਪੁਰਖਿਆਂ ਦਾ ਪਿੰਡ ਪੱਠੇਵਿੰਡ ਪੁਰ (ਲੋਹਾਰ)

ਪੰਜਾਬ ਦੇ ਬਾਰੀ ਦੁਆਬ (ਮਾਝੇ) ਦੇ ਇਲਾਕੇ ਦਾ ਸੂਬੇ ਦੇ ਇਤਿਹਾਸ ਵਿੱਚ ਬਹੁਤ ਖਾਸ ਥਾਂ ਰਿਹਾ ਹੈ। ਮਾਝੇ ਦੇ ਇਲਾਕੇ ਨੂੰ ਸਿੱਖੀ ਦਾ ਧੁਰਾ ਵੀ ਕਿਹਾ ਜਾਂਦਾ ਹੈ। ਇਹ ਓਹੀ ਇਲਾਕਾ ਹੈ ਜਿੱਥੇ ਸਿੱਖੀ ਦੀਆਂ ਜੜ੍ਹਾਂ ਮੌਜੂਦ ਹਨ। ਪਾਕਿਸਤਾਨ ਸਥਿਤ...

  • fb
  • twitter
  • whatsapp
  • whatsapp
Advertisement

ਪੰਜਾਬ ਦੇ ਬਾਰੀ ਦੁਆਬ (ਮਾਝੇ) ਦੇ ਇਲਾਕੇ ਦਾ ਸੂਬੇ ਦੇ ਇਤਿਹਾਸ ਵਿੱਚ ਬਹੁਤ ਖਾਸ ਥਾਂ ਰਿਹਾ ਹੈ। ਮਾਝੇ ਦੇ ਇਲਾਕੇ ਨੂੰ ਸਿੱਖੀ ਦਾ ਧੁਰਾ ਵੀ ਕਿਹਾ ਜਾਂਦਾ ਹੈ। ਇਹ ਓਹੀ ਇਲਾਕਾ ਹੈ ਜਿੱਥੇ ਸਿੱਖੀ ਦੀਆਂ ਜੜ੍ਹਾਂ ਮੌਜੂਦ ਹਨ।

ਪਾਕਿਸਤਾਨ ਸਥਿਤ ਰਾਇ-ਭੋਇ ਦੀ ਤਲਵੰਡੀ ਵਿੱਚ ਜਦੋਂ 15ਵੀਂ ਸਦੀ ’ਚ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਤਾਂ ਪਿੰਡ ਤਲਵੰਡੀ ਰਾਇ-ਭੋਇ ਤੋਂ ਨਨਕਾਣਾ ਹੋ ਗਿਆ। ਜੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਨਨਕਾਣੇ ਤੋਂ ਪਹਿਲਾਂ ਦੀਆਂ ਜੜ੍ਹਾਂ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ‘ਪੱਠੇਵਿੰਡ ਪੁਰ’ (ਲੋਹਾਰ) ਨਾਲ ਜੁੜਦੀਆਂ ਹਨ।

Advertisement

ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ‘ਲੋਹਾਰ’ ਦੇ ਰਕਬੇ ਵਿੱਚ ਉੱਤਰ ਵੱਲ ਅਤੇ ਪਿੰਡ ‘ਜਾਮਾਰਾਏ’ ਤੋਂ ਡੇਢ ਮੀਲ ਦੇ ਕਰੀਬ ਪੱਛਮ ਵੱਲ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਪੱਠੇਵਿੰਡ ਪੁਰ ਸੁਸ਼ੋਭਿਤ ਹੈ। ਗੁਰੂ ਨਾਨਕ ਸਾਹਿਬ ਦੇ ਪੁਰਖੇ ਇਸੇ ਪਿੰਡ ਦੇ ਵਸਨੀਕ ਸਨ। ਗੁਰੂ ਨਾਨਕ ਦੇਵ ਦੇ ਪਿਤਾ ਮਹਿਤਾ ਕਾਲੂ ਦਾ ਜਨਮ ਵੀ ਇਸੇ ਪਿੰਡ ਵਿੱਚ ਹੋਇਆ ਸੀ। ਇਹ ਉਹ ਪਾਵਨ ਅਸਥਾਨ ਹੈ, ਜਿੱਥੇ ਗੁਰੂ ਨਾਨਕ ਸਾਹਿਬ ਵੀ ਆਏ ਸਨ ਅਤੇ ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਪਿੰਡ ਦੇ ਦਰਸ਼ਨ ਕੀਤੇ ਸਨ।

Advertisement

ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਪਹਿਲਾਂ ਇਸ ਪਿੰਡ ਦਾ ਨਾਂ ‘ਪੱਠੇਵਿੰਡ’ ਸੀ। ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਲਿਆਣ ਦਾਸ (ਮਹਿਤਾ ਕਾਲੂ) ਇੱਥੋਂ ਦੇ ਵਸਨੀਕ ਸਨ ਅਤੇ ਰਾਇ-ਭੋਇ ਦੀ ਤਲਵੰਡੀ ਵਿੱਚ ਮੁਲਾਜ਼ਮਤ ਹੋਣ ਕਰਕੇ ਰਹਿੰਦੇ ਸਨ। ਇਸ ਥਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਅਸਥਾਨ ਬਣਵਾਇਆ। ਇਲਾਕੇ ਦੀ ਸੰਗਤ ਨੇ ਕਮੇਟੀ ਬਣਾ ਕੇ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਕੀਤੀ। ਪਿੰਡ ਜਾਮਾਰਾਏ ਦੇ ਸਰਦਾਰ ਭਾਨ ਸਿੰਘ ਨੇ ਸੰਗਤ ਕੋਲੋਂ ਪ੍ਰੇਰਣਾ ਲੈ ਕੇ ਗੁਰਦੁਆਰੇ ਦੀ ਇਮਾਰਤ ਦੀ ਸੇਵਾ ਕੀਤੀ ਅਤੇ ਗੁਰਦੁਆਰੇ ਦੇ ਨਾਲ ਹੀ ਇੱਕ ਖ਼ਾਲਸਾ ਮਿਡਲ ਸਕੂਲ ਵੀ ਬਣਵਾਇਆ ਸੀ। ਭਾਈ ਕਾਹਨ ਸਿੰਘ ਨਾਭਾ ਜ਼ਿਕਰ ਕਰਦੇ ਹਨ ਕਿ ਇਸ ਪਾਵਨ ਅਸਥਾਨ ’ਤੇ ਚੇਤ, ਹਾੜ੍ਹ, ਕੱਤਕ ਦੀ ਪੂਰਨਮਾਸ਼ੀ ਅਤੇ ਮਾਘੀ ਨੂੰ ਮੇਲਾ ਲੱਗਦਾ ਸੀ।

ਕਹਿੰਦੇ ਹਨ ਕਿ ਰਾਇ ਭੋਇ, ਜਾਮਾਰਾਇ ਪਿੰਡ (ਜ਼ਿਲ੍ਹਾ ਤਰਨ ਤਾਰਨ ਦਾ ਪਿੰਡ) ਦਾ ਹਿੰਦੂ ਰਜਵਾੜਾ ਸੀ, ਜਿਸ ਨੂੰ ਮੁਸਲਿਮ ਧਰਮ ਅਪਣਾਉਣ ’ਤੇ ਲੋਧੀਆਂ ਨੇ ਕਾਲੀ ਬਾਰ ਵਿੱਚ 40,000 ਏਕੜ ਜ਼ਮੀਨ ਅਲਾਟ ਕੀਤੀ ਸੀ, ਜਿਸ ਉਪਰ ਉਸ ਨੇ ਤਲਵੰਡੀ ਰਾਇ ਭੋਇ ਵਸਾਈ। ਜ਼ਮੀਨ ਦੇ ਬੰਦੋਬਸਤ ਲਈ ਉਹ ਆਪਣੇ ਲਾਗਲੇ ਪਿੰਡ ਪੱਠੇਵਿੰਡ (ਲੋਹਾਰ) ਤੋਂ ਗੁਰੂ ਨਾਨਕ ਸਾਹਿਬ ਦੇ ਦਾਦਾ ਸ਼ਿਵ ਰਾਮ ਜੀ ਨੂੰ ਨਾਲ ਲੈ ਗਿਆ, ਜਿਸ ਨੇ ਸਾਰੇ ਪਿੰਡ ਦੀ ਜ਼ਮੀਨ ਦਾ ਪ੍ਰਬੰਧ ਬਾਖੂਬੀ ਕੀਤਾ। ਅੱਗੋਂ ਰਾਇ ਭੋਇ ਦੇ ਪੁੱਤਰ ਰਾਏ ਬੁਲਾਰ ਨੇ ਵੀ ਸ਼ਿਵ ਰਾਮ ਦੇ ਪੁੱਤਰ ਮਹਿਤਾ ਕਲਿਆਣ ਦਾਸ ਨੂੰ ਜ਼ਮੀਨੀ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ, ਜੋ ਉਹ ਤਨਦੇਹੀ ਨਾਲ ਨਿਭਾ ਰਿਹਾ ਸੀ ਤੇ ਦੋਹਾਂ ਪਰਿਵਾਰਾਂ ਵਿੱਚ ਇੱਕ ਡੂੰਘੀ ਸਾਂਝ ਪੈ ਗਈ।

ਰਾਇ ਭੋਇ ਦੀ ਤਲਵੰਡੀ ਵਿੱਚ ਸੰਨ 1469 ਨੂੰ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਅਤੇ ਨਾਨਕ ਸਾਹਿਬ ਦੇ ਆਉਣ ਨਾਲ ਇਸ ਨਗਰ ਦਾ ਨਾਮ ਤਲਵੰਡੀ ਰਾਇ-ਭੋਇ ਤੋਂ ਨਨਕਾਣਾ ਸਾਹਿਬ ਹੋ ਗਿਆ। ਨਾਨਕ ਤੇ ਨਨਕਾਣਾ ਰੂਹਾਨੀਅਤ ਦੇ ਕੇਂਦਰ ਬਣ ਗਏ। 1947 ਦੀ ਵੰਡ ਨੇ ਸਿੱਖਾਂ ਕੋਲੋਂ ਉਨ੍ਹਾਂ ਦਾ ਸਭ ਤੋਂ ਪਿਆਰਾ ਮਰਕਜ਼ੀ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਛੋੜ ਦਿੱਤਾ ਅਤੇ ਅੱਜ ਵੀ ਹਰ ਸਿੱਖ ਰੋਜ਼ਾਨਾ ਅਰਦਾਸ ਵਿੱਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਵਿੱਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਮੰਗ ਕਰਦਾ ਹੈ।

ਖੈਰ, ਵਾਪਸ ਗੱਲ ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦੇ ਪਿੰਡ ਪੱਠੇਵਿੰਡ ਪੁਰ ਦੀ ਕਰਦੇ ਹਾਂ। ਗੁਰੂ ਕਾਲ ਦੌਰਾਨ ਇਹ ਪਿੰਡ ਉੱਜੜ ਗਿਆ ਸੀ ਅਤੇ ਇੱਥੇ ਸਿਰਫ ਇੱਕ ਉੱਚਾ ਥੇਹ ਅਤੇ ਪੁਰਾਤਨ ਖੂਹ ਹੀ ਬਾਕੀ ਰਹਿ ਗਏ ਸਨ। ਸਮਾਂ ਬੀਤਿਆ, ਛੇਵੇਂ ਗੁਰੂ ਹਰਗੋਬਿੰਦ ਸਾਹਿਬ, ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦੇ ਪਿੰਡ ਆਏ। ਉਸ ਸਮੇਂ ਇਹ ਜਗ੍ਹਾ ਇੱਕ ਥੇਹ ਦਾ ਰੂਪ ਧਾਰਨ ਕਰ ਚੁੱਕੀ ਸੀ। ਮੀਰੀ-ਪੀਰੀ ਦੇ ਮਾਲਕ ਨੇ ਆਪਣੀ ਅੰਤਰ-ਦ੍ਰਿਸ਼ਟੀ ਨਾਲ ਇਸ ਪਵਿੱਤਰ ਧਰਤੀ ਦੀ ਪਛਾਣ ਕੀਤੀ ਅਤੇ ਗੁਰੂ ਸਾਹਿਬ ਦੇ ਪੁਰਖਿਆਂ ਦੇ ਘਰ ਦੀ ਨਿਸ਼ਾਨਦੇਹੀ ਕਰਕੇ ਉੱਥੇ ਧਰਮਸਾਲ ਥਾਪੀ। ਉਨ੍ਹਾਂ ਦੇ ਮੁਬਾਰਕ ਚਰਨ ਪੈਣ ਨਾਲ ਇਸ ਉੱਜੜ ਚੁੱਕੇ ਨਗਰ ਦੇ ਭਾਗ ਮੁੜ ਜਾਗ ਪਏ, ਜੋ ਬਾਅਦ ਵਿੱਚ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਣ ਲੱਗੀ। ਇੱਥੇ ਹੀ ਇੱਕ ਪੁਰਾਤਨ ਖੂਹ ਅੱਜ ਵੀ ਮੌਜੂਦ ਹੈ ਜੋ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਦੇ ਪੁਰਖਿਆਂ ਦਾ ਸੀ। ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦੇ ਪਿੰਡ ਬਾਰੇ ਲਿਖਦੇ ਹਨ:

ਇਹ ਸ੍ਰੀ ਨਾਨਕ ਕੋ ਇਸਥਾਨੇ,

ਪਠੇਵਿੰਡ ਪੁਰ ਨਾਮ ਕਹੰਤੇ,

ਖੱਤਰੀ ਬੇਦੀ ਬ੍ਰਿਧ ਬਸੰਤੇ।

ਸੰਗ ਹੁਤੇ ਬਾਲੇ ਮਰਦਾਨਾ,

ਸ੍ਰੀ ਨਾਨਕ ਆਏ ਇਸਥਾਨਾ।

ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਮੌਜੂਦਾ ਇਮਾਰਤ ਦੀ ਕਾਰ ਸੇਵਾ ਬਾਬਾ ਗੁਰਮੁੱਖ ਸਿੰਘ ਰਾਹੀਂ ਸੰਨ 1947 ਵਿੱਚ ਸ਼ੁਰੂ ਹੋਈ। ਇਸ ਵੇਲੇ ਵੀ ਬਾਬਾ ਲੱਖਾ ਸਿੰਘ ਕੋਟਾ ਵਾਲਿਆਂ ਵੱਲੋਂ ਕਾਰ ਸੇਵਾ ਜਾਰੀ ਹੈ। ਇਸ ਸੇਵਾ ਸਦਕਾ ਅੱਜ ਇੱਥੇ ਇੱਕ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਚਿੱਟੇ ਰੰਗ ਦੀ ਇਹ ਵਿਸ਼ਾਲ ਇਮਾਰਤ ਦੂਰੋਂ ਹੀ ਸੰਗਤ ਦਾ ਮਨ ਮੋਹ ਲੈਂਦੀ ਹੈ। ਗੁਰਦੁਆਰਾ ਕੰਪਲੈਕਸ ਦੇ ਅੰਦਰ ਦਾ ਵਾਤਾਵਰਨ ਬਹੁਤ ਹੀ ਸ਼ਾਂਤਮਈ ਅਤੇ ਰੂਹਾਨੀ ਸਕੂਨ ਦੇਣ ਵਾਲਾ ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਧੀਨ ਲੋਕਲ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਪੱਠੇਵਿੰਡ ਪੁਰ (ਲੋਹਾਰ) ਦੇ ਮੁੱਖ ਸੇਵਾਦਾਰ ਭਾਈ ਨਿਰਮਲ ਸਿੰਘ ਦੱਸਦੇ ਹਨ ਕਿ ਗੁਰਦੁਆਰੇ ਵਿੱਚ ਹਰ ਸਾਲ 1 ਕੱਤਕ ਨੂੰ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਦਾ ਜਨਮ ਦਿਹਾੜਾ ਸੰਗਤ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਦੀ ਸੰਗਤ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਨੂੰ ਆਉਂਦੀ ਹੈ।

ਭਾਵੇਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਰਾਇ-ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਹੋਇਆ ਸੀ ਪਰ ਜ਼ਿਲ੍ਹਾ ਤਰਨ ਤਾਰਨ ਦਾ ਪਿੰਡ ਪੱਠੇਵਿੰਡ ਪੁਰ (ਲੋਹਾਰ) ਗੁਰੂ ਸਾਹਿਬ ਦੇ ਪੁਰਖਿਆਂ ਦਾ ਜੱਦੀ ਪਿੰਡ ਹੋਣ ਕਰਕੇ ਬਹੁਤ ਖਾਸ ਹੈ। ਜ਼ਿਲ੍ਹਾ ਤਰਨ ਤਾਰਨ ਜਿੱਥੇ ਆਪਣੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਲਈ ਪ੍ਰਸਿੱਧ ਹੈ, ਉੱਥੇ ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦਾ ਜੱਦੀ ਪਿੰਡ ਵੀ ਇਸ ਜ਼ਿਲ੍ਹੇ ਵਿੱਚ ਹੋਣਾ ਇਸ ਨੂੰ ਹੋਰ ਵੀ ਖਾਸ ਬਣਾ ਦਿੰਦਾ ਹੈ। ਅਗਲੀ ਵਾਰ ਜਦੋਂ ਕਿਤੇ ਹਰੀਕੇ-ਅੰਮ੍ਰਿਤਸਰ ਰੋਡ ਵੱਲ ਦੀ ਲੰਘੋ ਤਾਂ ਸਰਹਾਲੀ ਲਾਗੇ ਪੈਂਦੇ ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦੇ ਪਿੰਡ ਪੱਠੇਵਿੰਡ ਪੁਰ ਵਿੱਚ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਕੇ ਆਉਣਾ। ਗੁਰੂ ਸਾਹਿਬ ਦੇ ਪੁਰਖਿਆਂ ਦਾ ਇਹ ਪਿੰਡ ਵੀ ਨਨਕਾਣੇ ਵਾਂਗ ਹੀ ਰੂਹਾਨੀਅਤ ਵਿੱਚ ਰੰਗਿਆ ਮਿਲੇਗਾ।

ਸੰਪਰਕ: 98155-77574

Advertisement
×