Pakistan ਅਤਿਵਾਦ ਦੀ ਲਗਾਤਾਰ ਵਰਤੋਂ ਕਰਨ ਦੇ ਮਾਮਲੇ ਵਿੱਚ 'ਅਨੋਖਾ' ਦੇਸ਼: ਜੈਸ਼ੰਕਰ
ਜੈਸ਼ੰਕਰ ਨੇ 'ਇਕਨਾਮਿਕ ਟਾਈਮਜ਼ ਵਰਲਡ ਲੀਡਰਸ ਫੋਰਮ' ਵਿੱਚ ਕੀਤੀਆਂ ਇਹ ਟਿੱਪਣੀਆਂ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਾਕਿਸਤਾਨ ਨੂੰ ਦੁਨੀਆ ਦਾ "ਅਨੋਖਾ" ਦੇਸ਼ ਦੱਸਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਕੋਈ ਹੋਰ ਰਾਸ਼ਟਰ ਅਜਿਹਾ ਨਹੀਂ ਹੈ, ਜੋ ਆਪਣੇ ਗੁਆਂਢੀ 'ਤੇ ਹਮਲਾ ਕਰਨ ਅਤੇ ਦਬਾਅ ਬਣਾਉਣ ਲਈ "ਲਗਾਤਾਰ ਅਤੇ ਇੰਨੇ ਯੋਜਨਾਬੱਧ ਤਰੀਕੇ ਨਾਲ ਅਤਿਵਾਦ ਦੀ ਵਰਤੋਂ" ਕਰਦਾ ਹੋਵੇ।
ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਮੌਜੂਦਾ ਸੰਬੰਧਾਂ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਕਿਸੇ ਵੀ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਉਸ ਨੂੰ "ਆਪਸੀ ਹਿੱਤ" ਦੀ ਕਸੌਟੀ 'ਤੇ ਖਰਾ ਉਤਰਨਾ ਜ਼ਰੂਰੀ ਹੈ।
ਜੈਸ਼ੰਕਰ ਨੇ ਇਹ ਟਿੱਪਣੀਆਂ 'ਇਕਨਾਮਿਕ ਟਾਈਮਜ਼ ਵਰਲਡ ਲੀਡਰਸ ਫੋਰਮ' ਵਿੱਚ ਕੀਤੀਆਂ।
ਭਾਰਤ ਤੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੀ ਬੰਗਲਾਦੇਸ਼ ਦੀ ਮੰਗ ਬਾਰੇ ਇੱਕ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰਦੇ ਹੋਏ, ਉਨ੍ਹਾਂ ਕਿਹਾ, "ਮੈਂ ਸਿਰਫ ਇਹੀ ਕਹਿ ਸਕਦਾ ਹਾਂ ਕਿ ਕਿਸੇ ਵੀ ਰਿਸ਼ਤੇ ਨੂੰ ਅੱਗੇ ਵਧਾਉਣ ਲਈ, ਇਸਨੂੰ ਆਪਸੀ ਹਿੱਤ ਦੀ ਪ੍ਰੀਖਿਆ ਨੂੰ ਪੂਰਾ ਕਰਨਾ ਚਾਹੀਦਾ ਹੈ। ਇਹ ਸਾਡੇ ਲਈ ਵੀ ਲਾਭਦਾਇਕ ਹੋਣਾ ਚਾਹੀਦਾ ਹੈ।"
ਜੈਸ਼ੰਕਰ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਬਹੁ-ਉਡੀਕੀ ਜਾ ਰਹੀ ਭਾਰਤ ਯਾਤਰਾ ਨੂੰ ਲੈ ਕੇ ਅਨਿਸਚਿਤਤਾ ਬਣੀ ਹੋਈ ਹੈ। ਸੂਤਰਾਂ ਮੁਤਾਬਕ ਦੋਵੇਂ ਧਿਰਾਂ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਇਸ ਯਾਤਰਾ ਦੀ ਸੰਭਾਵਨਾ ਤਲਾਸ਼ਣ ਲਈ ਪਰਦੇ ਦੇ ਪਿੱਛੇ ਗੱਲਬਾਤ ਜਾਰੀ ਰੱਖ ਰਹੀਆਂ ਹਨ।
ਗੁਆਂਢੀ ਦੇਸ਼ਾਂ ਨਾਲ ਸਬੰਧਾਂ ਦਾ ਹਵਾਲਾ ਦਿੰਦੇ ਹੋਏ, ਜੈਸ਼ੰਕਰ ਨੇ ਕਿਹਾ, "ਮੈਂ ਗੁਆਂਢੀ ਦੇਸ਼ਾਂ ਤੋਂ ਸਿਰਫ਼ ਉਹੀ ਕਰਨ ਦੀ ਉਮੀਦ ਨਹੀਂ ਕਰਦਾ ਜੋ ਸਾਡੇ ਹਿੱਤ ਵਿੱਚ ਹੈ। ਮੈਨੂੰ ਉਨ੍ਹਾਂ ਦੇ ਹਿੱਤਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਸਤਿਕਾਰ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਵੇਂ ਕਿ ਮੈਂ ਉਨ੍ਹਾਂ ਤੋਂ ਵੀ ਇਹੀ ਉਮੀਦ ਕਰਦਾ ਹਾਂ।"
ਉਨ੍ਹਾਂ ਕਿਹਾ, "ਜਦੋਂ ਤੁਸੀਂ ਉਸ ਸਾਂਝੇ ਬਿੰਦੂ ਤੱਕ ਪਹੁੰਚਦੇ ਹੋ, ਤਾਂ ਹੀ ਸੰਬੰਧ ਸੁਚਾਰੂ ਰੂਪ ਵਿੱਚ ਚੱਲਦੇ ਹਨ।" ਵਿਦੇਸ਼ ਮੰਤਰੀ ਨੇ ਕਿਹਾ ਕਿ ਆਪਸੀ ਹਿੱਤਾਂ ਦੀ ਸਮਝ ਹੀ ਦੋਵਾਂ ਧਿਰਾਂ ਵਿਚਕਾਰ ਸੰਬੰਧਾਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਜੈਸ਼ੰਕਰ ਨੇ ਪਾਕਿਸਤਾਨ-ਅਮਰੀਕਾ ਸੰਬੰਧਾਂ ਨਾਲ ਜੁੜੇ ਇੱਕ ਸਵਾਲ 'ਤੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸੰਬੰਧਾਂ ਦਾ "ਲੰਮਾ ਇਤਿਹਾਸ" ਰਿਹਾ ਹੈ।
ਉਨ੍ਹਾਂ ਕਿਹਾ, "ਬਹੁਤ ਹੱਦ ਤੱਕ, ਅਸੀਂ ਹੁਣ ਅਮਰੀਕਾ ਨਾਲ ਆਪਣੇ ਰਿਸ਼ਤੇ ਵਿਕਸਤ ਕਰ ਲਏ ਹਨ, ਪਰ ਇੱਥੇ ਮਹੱਤਵਪੂਰਨ ਨੁਕਤਾ ਇਹ ਹੈ ਕਿ ਪਾਕਿਸਤਾਨ ਸਿਰਫ਼ ਇਸ ਲਈ ਅਨੋਖਾ ਨਹੀਂ ਹੈ ਕਿਉਂਕਿ ਇਹ ਭਾਰਤ ਦਾ ਗੁਆਂਢੀ ਹੈ। ਸਾਡੇ ਹੋਰ ਗੁਆਂਢੀ ਹਨ। ਹੋਰ ਦੇਸ਼ ਵੀ ਹਨ ਜਿਨ੍ਹਾਂ ਦੇ ਸਾਡੇ ਨਾਲ ਮਤਭੇਦ ਹਨ।"
ਜੈਸ਼ੰਕਰ ਨੇ ਕਿਹਾ, "ਇਹ ਦੇਸ਼ ਇਸ ਲਈ ਅਨੋਖਾ ਹੈ ਕਿਉਂਕਿ ਅੱਜ ਦੇ ਦੌਰ ਵਿੱਚ ਕੋਈ ਹੋਰ ਦੇਸ਼ ਨਹੀਂ ਹੈ ਜੋ ਕਿਸੇ ਹੋਰ ਗੁਆਂਢੀ 'ਤੇ ਹਮਲਾ ਕਰਨ ਅਤੇ ਦਬਾਅ ਪਾਉਣ ਲਈ ਅਤਿਵਾਦ ਦੀ ਵਰਤੋਂ ਲਗਾਤਾਰ ਅਤੇ ਇੰਨੀ ਯੋਜਨਾਬੱਧ ਢੰਗ ਨਾਲ ਕਰਦਾ ਹੋਵੇ।"

