DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Pakistan Suicide Blast: ਪਾਕਿਸਤਾਨ ਵਿੱਚ ਰੈਲੀ ਦੌਰਾਨ ਧਮਾਕਾ: 14 ਹਲਾਕ; 15 ਤੋਂ ਵੱਧ ਜ਼ਖ਼ਮੀ

Pakistan Terror Blast: ਖੈਬਰ ਪਖ਼ਤੂਨਖ਼ਵਾ ਵਿੱਚ ਕਾਬਲ ਪੁਲੀਸ ਸਟੇਸ਼ਨ ਬਾਹਰ ਹੋਇਆ ਆਤਮਘਾਤੀ ਹਮਲਾ; ਮਰਨ ਵਾਲਿਆਂ ਵਿਚ ਅੱਠ ਪੁਲੀਸ ਮੁਲਾਜ਼ਮ ਵੀ ਸ਼ਾਮਲ

  • fb
  • twitter
  • whatsapp
  • whatsapp
featured-img featured-img
ਕਾਬਲ ਪੁਲੀਸ ਸਟੇਸ਼ਨ ਦੇ ਬਾਹਰ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ।
Advertisement

Pakistan Suicide Blast: ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਐਤਵਾਰ ਨੂੰ ਇੱਕ ਰੈਲੀ ਦੌਰਾਨ ਪੁਲੀਸ ਸਟੇਸ਼ਨ 'ਤੇ ਹੋਏ ਆਤਮਘਾਤੀ ਧਮਾਕੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਅੱਠ ਪੁਲੀਸ ਕਰਮੀ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸਵਾਤ ਜ਼ਿਲ੍ਹੇ ਦੇ ਕਾਬਲ ਕਸਬੇ ਵਿੱਚ ਪੁਲੀਸ ਸਟੇਸ਼ਨ ਦੇ ਬਿਲਕੁਲ ਸਾਹਮਣੇ 'ਸਵਾਤ ਸ਼ਾਂਤੀ ਰੈਲੀ' ਕੱਢੀ ਜਾ ਰਹੀ ਸੀ। ਹੁਣ ਤੱਕ ਕਿਸੇ ਵੀ ਅਤਿਵਾਦੀ ਸਮੂਹ ਜਾਂ ਵਿਅਕਤੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਸਵਾਤ ਬਚਾਅ ਏਜੰਸੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ 9 ਮ੍ਰਿਤਕਾਂ ਦੀਆਂ ਦੇਹਾਂ ਨੂੰ ਕੇਂਦਰੀ ਸੈਦੂ ਸ਼ਰੀਫ਼ ਹਸਪਤਾਲ ਪਹੁੰਚਾਇਆ ਗਿਆ ਹੈ, ਜਦੋਂ ਕਿ ਕਾਬਲ ਹਸਪਤਾਲ ਦੇ ਡਾਕਟਰਾਂ ਨੇ ਪੰਜ ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ। 'ਸਵਾਤ ਸ਼ਾਂਤੀ ਰੈਲੀ' ਸਵਾਤ ਅਮਨ ਜਿਰਗਾ (ਸਥਾਨਕ ਕਬਾਇਲੀ ਪਰਿਸ਼ਦ) ਵੱਲੋਂ ਕਰਵਾਈ ਗਈ ਸੀ। ਰੈਲੀ ਵਿੱਚ ਸ਼ਾਮਲ ਲੋਕਾਂ ਨੇ ਇਲਾਕੇ ਵਿੱਚ ਅਸ਼ਾਂਤੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅਮਨ ਸ਼ਾਂਤੀ ਦੀ ਮੰਗ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਦੀ ਕਾਰਵਾਈ ਨਾ ਹੋਣ ਕਾਰਨ ਪਿਛਲੇ ਕੁਝ ਮਹੀਨਿਆਂ ਵਿੱਚ ਸੁਰੱਖਿਆ ਹਾਲਾਤ ਵਿਗੜੇ ਹਨ।

Advertisement

ਸਵਾਤ ਦੇ ਜ਼ਿਲ੍ਹਾ ਪੁਲੀਸ ਅਧਿਕਾਰੀ ਮੁਤਾਬਕ, ਸ਼ੱਕੀ ਆਤਮਘਾਤੀ ਹਮਲਾਵਰ ਨੇ ਕਾਬਲ ਪੁਲੀਸ ਸਟੇਸ਼ਨ ਅਤੇ ਪੁਲੀਸ ਲਾਈਨ ਕੰਪਲੈਕਸ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਮੁੱਖ ਗੇਟ 'ਤੇ ਤਾਇਨਾਤ ਪੁਲੀਸ ਵਾਲਿਆਂ ਨੇ ਉਸ ਨੂੰ ਰੋਕ ਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਹਮਲਾਵਰ ਨੇ ਆਪਣੇ ਆਪ ਨੂੰ ਧਮਾਕੇ ਨਾਲ ਉਡਾ ਲਿਆ। ਖੇਤਰੀ ਪੁਲੀਸ ਅਧਿਕਾਰੀ ਮਲਕੰਦ ਸਈਦ ਫਿਦਾ ਹਸਨ ਸ਼ਾਹ ਨੇ ਕਿਹਾ ਕਿ ਪੁਲੀਸ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਇੱਕ ਬਹੁਤ ਵੱਡਾ ਹਾਦਸਾ ਟਲ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹਮਲਾਵਰ ਕਾਬਲ ਪੁਲੀਸ ਕੰਪਲੈਕਸ ਦੇ ਅੰਦਰ ਦਾਖ਼ਲ ਹੋਣ ਵਿੱਚ ਕਾਮਯਾਬ ਹੋ ਜਾਂਦਾ ਤਾਂ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਬਹੁਤ ਜ਼ਿਆਦਾ ਹੋ ਸਕਦੀ ਸੀ।

Advertisement

ਜ਼ਿਕਰਯੋਗ ਹੈ ਕਿ ਕਾਬਲ ਪੁਲੀਸ ਕੰਪਲੈਕਸ ਵਿੱਚ ਪੁਲੀਸ ਸਟੇਸ਼ਨ, ਪੁਲੀਸ ਲਾਈਨ, ਇੱਕ ਸਹੂਲਤ ਕੇਂਦਰ ਅਤੇ ਕਈ ਹੋਰ ਸਰਕਾਰੀ ਦਫ਼ਤਰ ਮੌਜੂਦ ਹਨ। ਪੁਲੀਸ ਮੁਤਾਬਕ ਘਟਨਾ ਵਿੱਚ ਜ਼ਖ਼ਮੀ ਹੋਏ 15 ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਖੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਮੁਹੰਮਦ ਸੁਹੇਲ ਅਫਰੀਦੀ ਨੇ ਸਵਾਤ ਜ਼ਿਲ੍ਹੇ ਦੇ ਕਾਬਲ ਇਲਾਕੇ ਵਿੱਚ ਹੋਏ ਇਸ ਧਮਾਕੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਪੁਲੀਸ ਮੁਖੀ ਨੂੰ ਇਸ ਪੂਰੇ ਮਾਮਲੇ ਦੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।

ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸ਼ਾਂਤੀ ਰੈਲੀ ਵਿੱਚ ਆਖਰੀ ਬੁਲਾਰਾ ਭਾਸ਼ਣ ਦੇ ਰਿਹਾ ਸੀ। ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਰੈਲੀ ਵਿੱਚ ਮੌਜੂਦ ਲੋਕਾਂ ਵਿੱਚ ਭਗਦੜ ਮੱਚ ਗਈ ਅਤੇ ਚਾਰੇ ਪਾਸੇ ਅਫ਼ਰਾ-ਤਫ਼ਰੀ ਫੈਲ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਸਾਰੇ ਲੋਕਾਂ ਨੂੰ ਤੁਰੰਤ ਸੈਦੂ ਸ਼ਰੀਫ਼ ਟੀਚਿੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਫਿਲਹਾਲ ਕਿਸੇ ਵੀ ਦਹਿਸ਼ਤੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਘਟਨਾ ਤੋਂ ਬਾਅਦ ਪੁਲੀਸ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਮੌਕੇ ਤੋਂ ਸਬੂਤ ਜੁਟਾਉਣ ਲਈ ਤਲਾਸ਼ੀ ਅਤੇ ਜਾਂਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ ਤਾਂ ਜੋ ਅਜਿਹੀ ਕਿਸੇ ਹੋਰ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।

Advertisement
×