Pakistan Petrol Prices: ਪੈਟਰੋਲ ਦੀਆਂ ਕੀਮਤਾਂ ’ਚ 80 ਰੁਪਏ ਦੀ ਭਾਰੀ ਕਟੌਤੀ
Pakistan Petrol Prices: ਤੇਲ ਦੀਆਂ ਵਧੀਆਂ ਕੀਮਤਾਂ ’ਤੇ ਪਏ ਭਾਰੀ ਵਿਰੋਧ ਤੋਂ ਬਾਅਦ ਲਿਆ ਫੈਸਲਾ
Pakistan Petrol Prices: ਪਾਕਿਸਤਾਨ ਸਰਕਾਰ ਨੇ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਮਚੇ ਹਾਹਾਕਾਰ ਦੇ ਵਿਚਕਾਰ ਜਨਤਾ ਨੂੰ ਵੱਡੀ ਰਾਹਤ ਦਿੰਦਿਆਂ ਪੈਟਰੋਲ ਦੀ ਕੀਮਤ ਵਿੱਚ 80 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸ਼ੁੱਕਰਵਾਰ ਅੱਧੀ ਰਾਤ ਨੂੰ ਕੌਂਮ ਦੇ ਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੈਟਰੋਲ ਵਿੱਚ ਕਮੀ ਕਰਕੇ ਹੁਣ ਪੈਟਰੋਲ 378 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲੇਗਾ।
ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ 43 ਫੀਸਦੀ ਦਾ ਬੇਮਿਸਾਲ ਵਾਧਾ ਕੀਤਾ ਸੀ, ਜਿਸ ਕਾਰਨ ਕੀਮਤ 458 ਰੁਪਏ ਤੋਂ ਪਾਰ ਚਲੀ ਗਈ ਸੀ। ਇਸ ਭਾਰੀ ਵਾਧੇ ਤੋਂ ਬਾਅਦ ਸਰਕਾਰ ਨੂੰ ਜਨਤਾ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਪ੍ਰਧਾਨ ਮੰਤਰੀ ਨੇ ਕੀਮਤਾਂ ਵਿੱਚ ਵਾਧੇ ਲਈ ਖਾੜੀ ਦੇਸ਼ਾਂ ਦੀ ਮੌਜੂਦਾ ਸਥਿਤੀ ਅਤੇ ਪੱਛਮੀ ਏਸ਼ੀਆ ਦੇ ਸੰਘਰਸ਼ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਹਤ ਪੈਕੇਜ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਮੋਟਰਸਾਈਕਲ ਸਵਾਰਾਂ ਨੂੰ 100 ਰੁਪਏ ਪ੍ਰਤੀ ਲੀਟਰ ਦੀ ਸਬਸਿਡੀ ਦਿੱਤੀ ਜਾਵੇਗੀ ਅਤੇ ਛੋਟੇ ਕਿਸਾਨਾਂ ਨੂੰ 1,500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਮਿਲੇਗੀ। ਇਸ ਤੋਂ ਇਲਾਵਾ, ਸਰਕਾਰ ਨੇ ਕਰੜੇ ਕਦਮ ਚੁੱਕਦਿਆਂ ਫੈਡਰਲ ਕੈਬਨਿਟ ਮੈਂਬਰਾਂ ਦੀਆਂ ਤਨਖਾਹਾਂ ਛੇ ਮਹੀਨਿਆਂ ਲਈ ਰੋਕਣ ਦਾ ਫੈਸਲਾ ਕੀਤਾ ਹੈ। ਸ਼ਰੀਫ਼ ਨੇ ਭਰੋਸਾ ਦਿੱਤਾ ਕਿ ਪੈਟਰੋਲ ਦੀਆਂ ਇਹ ਨਵੀਆਂ ਕੀਮਤਾਂ ਅਗਲੇ ਇੱਕ ਮਹੀਨੇ ਤੱਕ ਸਥਿਰ ਰਹਿਣਗੀਆਂ ਤਾਂ ਜੋ ਆਮ ਆਦਮੀ ਨੂੰ ਮਹਿੰਗਾਈ ਦੇ ਇਸ ਤੂਫ਼ਾਨ ਤੋਂ ਬਚਾਇਆ ਜਾ ਸਕੇ।

