Pakistan Mine Blast: ਪਾਕਿਸਤਾਨ ਦੇ ਕੋਲਾ ਖਾਣ ਕੰਪਲੈਕਸ ਵਿੱਚ ਧਮਾਕਾ; 11 ਮੌਤਾਂ
ਬਲੋਚਿਸਤਾਨ ਵਿੱਚ ਮੀਥੇਨ ਗੈਸ ਕਾਰਨ ਹੋਇਆ ਧਮਾਕਾ; ਕੋਲਾ ਖਾਣ ਕੰਪਲੈਕਸ ਵਿਚ 36 ਜਣੇ ਸਨ ਮੌਜੂਦ; 25 ਲਾਪਤਾ
Pakistan Coal Explosion: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਕੋਲਾ ਖਾਣ ਕੰਪਲੈਕਸ ਵਿੱਚ ਧਮਾਕੇ ਕਾਰਨ ਇਕ ਹਿੱਸਾ ਡਿੱਗ ਗਿਆ ਜਿਸ ਕਾਰਨ 11 ਕਾਮਿਆਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲਾਪਤਾ ਹਨ। ਬਲੋਚਿਸਤਾਨ ਦੇ ਖਾਣ ਅਤੇ ਖਣਿਜ ਵਿਕਾਸ ਮੰਤਰੀ ਸ਼ੋਏਬ ਨੋਸ਼ਰਵਾਨੀ ਨੇ ਦੱਸਿਆ ਕਿ ਧਮਾਕੇ ਸਮੇਂ ਕੰਪਲੈਕਸ ਵਿੱਚ 36 ਜਣੇ ਮੌਜੂਦ ਸਨ, ਜਿਨ੍ਹਾਂ ਵਿੱਚੋਂ ਵੀਰਵਾਰ ਰਾਤ ਤੱਕ 25 ਲਾਪਤਾ ਸਨ।
ਇਹ ਧਮਾਕਾ ਸੂਬਾਈ ਰਾਜਧਾਨੀ ਕੋਇਟਾ ਨੇੜੇ ਇੱਕ ਦੂਰ-ਦੁਰਾਡੇ ਇਲਾਕੇ ਸੋਰਾਂਗੇ ਵਿੱਚ ਹੋਇਆ ਜਿੱਥੇ ਆਪਸ ਵਿੱਚ ਜੁੜੀਆਂ ਦੋ ਖਾਣਾਂ ਇੱਕ ਸ਼ਕਤੀਸ਼ਾਲੀ ਮੀਥੇਨ ਗੈਸ ਧਮਾਕੇ ਕਾਰਨ ਨੁਕਸਾਨੀਆਂ ਗਈਆਂ।
4,000 ਫੁੱਟ ਦੀ ਡੂੰਘਾਈ ’ਤੇ ਰਾਹਤ ਅਤੇ ਬਚਾਅ ਕਾਰਜ ਜਾਰੀ
ਸੂਬੇ ਦੇ ਮੁੱਖ ਖਾਣ ਨਿਰੀਖਕ ਮੁਹੰਮਦ ਆਤਿਫ਼ ਨੇ ਦੱਸਿਆ ਕਿ ਜ਼ਮੀਨ ਤੋਂ 4,000 ਫੁੱਟ (1,219 ਮੀਟਰ) ਦੀ ਡੂੰਘਾਈ ’ਤੇ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕੁਝ ਜਣਿਆਂ ਦੇ ਜਿਉਂਦੇ ਮਿਲਣ ਦੀ ਉਮੀਦ ਹੈ। ਖੇਤਰ ਦੇ ਇੱਕ ਸੀਨੀਅਰ ਸਰਕਾਰੀ ਖਾਣ ਅਧਿਕਾਰੀ ਅਬਦੁੱਲ ਗਨੀ ਬਲੋਚ ਨੇ ਵੀ ਮੀਥੇਨ ਗੈਸ ਦੇ ਇਸ ਭਿਆਨਕ ਧਮਾਕੇ ਦੀ ਪੁਸ਼ਟੀ ਕੀਤੀ ਹੈ। ਪ੍ਰਸ਼ਾਸਨ ਵੱਲੋਂ ਲਾਪਤਾ ਮਜ਼ਦੂਰਾਂ ਦੀ ਭਾਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

