Pakistan earthquake: ਪਾਕਿਸਤਾਨ ਅਤੇ ਜਾਪਾਨ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 5.3 ਤੇ 5.8
Earthquakes Hit Pakistan and Japan: ਪਾਕਿਸਤਾਨ ਅਤੇ ਜਾਪਾਨ ਵਿੱਚ ਕੁਝ ਘੰਟਿਆਂ ਦੇ ਫ਼ਰਕ ਨਾਲ ਅੱਜ ਸ਼ਾਮ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਦੋਵੇਂ ਦੇਸ਼ ਭੂਚਾਲ ਦੇ ਖ਼ਤਰੇ ਵਾਲੇ ਖੇਤਰਾਂ ਵਿੱਚ ਆਉਂਦੇ ਹਨ। ਹਾਲਾਂਕਿ ਕਿਸੇ ਵੀ ਥਾਂ ਤੋਂ ਵੱਡੇ...
Earthquakes Hit Pakistan and Japan: ਪਾਕਿਸਤਾਨ ਅਤੇ ਜਾਪਾਨ ਵਿੱਚ ਕੁਝ ਘੰਟਿਆਂ ਦੇ ਫ਼ਰਕ ਨਾਲ ਅੱਜ ਸ਼ਾਮ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਦੋਵੇਂ ਦੇਸ਼ ਭੂਚਾਲ ਦੇ ਖ਼ਤਰੇ ਵਾਲੇ ਖੇਤਰਾਂ ਵਿੱਚ ਆਉਂਦੇ ਹਨ। ਹਾਲਾਂਕਿ ਕਿਸੇ ਵੀ ਥਾਂ ਤੋਂ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ।
ਭਾਰਤ ਦੇ ਕੌਮੀ ਭੂਚਾਲ ਵਿਗਿਆਨ ਕੇਂਦਰ (ਐੱਨਸੀਐੱਸ) ਅਨੁਸਾਰ ਪਾਕਿਸਤਾਨ ਵਿੱਚ ਸ਼ਾਮ 5:18 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5.3 ਮਾਪੀ ਗਈ। ਇਸ ਭੂਚਾਲ ਦੀ ਡੂੰਘਾਈ ਜ਼ਮੀਨ ਦੇ ਹੇਠਾਂ 75 ਕਿਲੋਮੀਟਰ ਦਰਜ ਕੀਤੀ ਗਈ।
ਦੂਜੇ ਪਾਸੇ ਯੂਰਪੀਅਨ-ਮੈਡੀਟੇਰੀਅਨ ਭੂਚਾਲ ਵਿਗਿਆਨ ਕੇਂਦਰ (ਈਐੱਮਐੱਸਸੀ) ਮੁਤਾਬਕ ਜਾਪਾਨ ਦੇ ਪੂਰਬੀ ਹੋਨਸ਼ੂ ਟਾਪੂ ਨੇੜੇ 5.8 ਸ਼ਿੱਦਤ ਵਾਲਾ ਭੂਚਾਲ ਆਇਆ। ਭੂਚਾਲ ਦੇ ਝਟਕੇ ਸ਼ੁੱਕਰਵਾਰ ਨੂੰ ਮਹਿਸੂਸ ਕੀਤੇ ਗਏ। ਫਿਲਹਾਲ ਜਾਪਾਨੀ ਅਧਿਕਾਰੀਆਂ ਵੱਲੋਂ ਕਿਸੇ ਵੱਡੇ ਨੁਕਸਾਨ ਜਾਂ ਸੁਨਾਮੀ ਦੀ ਚਿਤਾਵਨੀ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।
ਪਾਕਿਸਤਾਨ ਨੂੰ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਦੇ ਮਿਲਾਪ ਵਾਲੇ ਖੇਤਰ ਵਿੱਚ ਸਥਿਤ ਹੈ। ਇਸ ਕਾਰਨ ਬਲੋਚਿਸਤਾਨ, ਖੈਬਰ ਪਖਤੂਨਖਵਾ, ਗਿਲਗਿਟ-ਬਾਲਟਿਸਤਾਨ, ਪੰਜਾਬ ਅਤੇ ਸਿੰਧ ਵਰਗੇ ਇਲਾਕਿਆਂ ਵਿੱਚ ਸਮੇਂ-ਸਮੇਂ 'ਤੇ ਭੂਚਾਲ ਆਉਂਦੇ ਰਹਿੰਦੇ ਹਨ।
ਉੱਥੇ ਹੀ ਜਾਪਾਨ ਵੀ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ। ਇਹ ਪ੍ਰਸ਼ਾਂਤ ਮਹਾਸਾਗਰ ਦੇ 'ਰਿੰਗ ਆਫ਼ ਫਾਇਰ' ਖੇਤਰ ਵਿੱਚ ਸਥਿਤ ਹੈ, ਜਿੱਥੇ ਕਈ ਟੈਕਟੋਨਿਕ ਪਲੇਟਾਂ ਆਪਸ ਵਿੱਚ ਮਿਲਦੀਆਂ ਹਨ। ਇਸ ਕਾਰਨ ਉੱਥੇ ਅਕਸਰ ਭੂਚਾਲ ਅਤੇ ਜਵਾਲਾਮੁਖੀ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ।
ਦੋਵੇਂ ਦੇਸ਼ਾਂ ਵਿੱਚ ਆਏ ਇਨ੍ਹਾਂ ਭੂਚਾਲਾਂ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਹੁਣ ਤੱਕ ਕਿਸੇ ਵੱਡੀ ਤਬਾਹੀ ਦੀ ਪੁਸ਼ਟੀ ਨਹੀਂ ਹੋਈ ਹੈ।

