ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਆਪਣੇ ਸੇਵਾਮੁਕਤ ਹੌਲਦਾਰ ਦੇ ਮਾਰੇ ਜਾਣ ਦੇ ਦਾਅਵੇ ਨੂੰ ਨਕਾਰਿਆ
ਮੱਧ ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਮੰਗਲਵਾਰ ਰਾਤ ਸਾਂਝੇ ਆਪਰੇਸ਼ਨ ਦੌਰਾਨ ਮਾਰਿਆ ਗਿਆ ਸੀ ਮੁਹੰਮਦ ਆਸਿਫ਼ ਉਰਫ਼ ਹਾਸ਼ਿਮ ਮੂਸਾ
ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਮੱਧ ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਆਪਣੇ ਐਲੀਟ ਸਪੈਸ਼ਲ ਸਰਵਿਸਿਜ਼ ਗਰੁੱਪ (ਐੱਸ ਐੱਸ ਜੀ) ਦੇ ਇੱਕ ਸੇਵਾਮੁਕਤ ਹੌਲਦਾਰ ਦੇ ਮਾਰੇ ਜਾਣ ਦੇ ਦਾਅਵਿਆਂ ਨੂੰ ਨਕਾਰ ਕਰ ਦਿੱਤਾ ਹੈ।
ਭਾਰਤੀ ਅਧਿਕਾਰੀਆਂ ਅਨੁਸਾਰ, ਮੰਗਲਵਾਰ ਰਾਤ ਬਡਗਾਮ ਜ਼ਿਲ੍ਹੇ ਵਿੱਚ ਭਾਰਤੀ ਫੌਜ ਅਤੇ ਹੋਰ ਸੁਰੱਖਿਆ ਬਲਾਂ ਵੱਲੋਂ ਚਲਾਏ ਗਏ ਇੱਕ ਸਾਂਝੇ ਆਪਰੇਸ਼ਨ ਵਿੱਚ ਮੁਹੰਮਦ ਆਸਿਫ਼ ਉਰਫ਼ ਹਾਸ਼ਿਮ ਮੂਸਾ ਨੂੰ ਢੇਰ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਹਾਸ਼ਿਮ ਮੂਸਾ ਨੇ ਇੱਕ ਵਾਰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਸੁਰੱਖਿਆ ਕਾਫ਼ਲੇ ਵਿੱਚ ਵੀ ਸੇਵਾ ਨਿਭਾਈ ਸੀ।
ਅਧਿਕਾਰੀਆਂ ਮੁਤਾਬਕ, ਆਸਿਫ਼ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਦਾ ਇੱਕ ਚੋਟੀ ਦਾ ਅਤਿਵਾਦੀ ਸੀ ਜੋ ਕਈ ਵੱਡੇ ਹਮਲਿਆਂ ਵਿੱਚ ਸ਼ਾਮਲ ਰਿਹਾ ਸੀ। ਖਾਸ ਕਰਕੇ ਉਦੋਂ, ਜਦ ਪਿਛਲੇ ਤਿੰਨ ਸਾਲਾਂ ਦੌਰਾਨ ਫੌਜੀ ਜਵਾਨਾਂ ਅਤੇ ਆਮ ਨਾਗਰਿਕਾਂ 'ਤੇ ਘਾਤ ਲਗਾ ਕੇ ਕੀਤੇ ਗਏ ਹਮਲਿਆਂ ਵਿੱਚ ਵਾਧਾ ਹੋਇਆ ਹੈ।
ਉੱਥੇ ਹੀ ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, "ਛੇ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਮੂਸਾ ਉਰਫ਼ ਆਸਿਫ਼ ਫੌਜੀ ਨੂੰ ਢੇਰ ਕਰ ਦਿੱਤਾ ਗਿਆ ਹੈ। ਵਧਾਈਆਂ, ਤਾੜੀਆਂ।" ਫਿਰ ਉਸ ਨੇ ਇੱਕ ਵਿਅਕਤੀ ਨੂੰ ਪੇਸ਼ ਕੀਤਾ ਅਤੇ ਉਸਦੀ ਪਛਾਣ ਆਸਿਫ਼ ਵਜੋਂ ਕਰਵਾਈ, ਜਿਸ ਬਾਰੇ ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨੀ ਪੰਜਾਬ ਦੇ ਅਟਕ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਲੈਫਟੀਨੈਂਟ ਚੌਧਰੀ ਨੇ ਕਿਹਾ, "ਤਾਂ ਇਹ ਰਿਹਾ ਉਹ ਸੁਪਰਮੈਨ। ਤੁਸੀਂ ਇਸ ਸੁਪਰਮੈਨ ਨੂੰ ਦੇਖ ਸਕਦੇ ਹੋ। ਆਓ, ਮੇਰੇ ਭਰਾ। ਸਾਨੂੰ ਆਪਣੀਆਂ ਇਨ੍ਹਾਂ ਪ੍ਰਾਪਤੀਆਂ ਬਾਰੇ ਦੱਸੋ, ਤੁਸੀਂ ਕੀ-ਕੀ ਕਰਦੇ ਰਹੇ ਹੋ।"
ਉਸ ਵਿਅਕਤੀ ਨੇ ਸੰਖੇਪ ਗੱਲਬਾਤ ਵਿੱਚ ਕਿਹਾ ਕਿ ਇੱਕ ਦਿਨ ਪਹਿਲਾਂ ਕੁਝ ਦੋਸਤਾਂ ਨੇ ਉਸ ਨੂੰ ਫੋਨ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਆਈਆਂ ਉਨ੍ਹਾਂ ਰਿਪੋਰਟਾਂ ਬਾਰੇ ਦੱਸਿਆ ਕਿ ਉਸ ਨੂੰ "ਕਸ਼ਮੀਰ ਵਿੱਚ ਭਾਰਤੀ ਫੌਜ ਵੱਲੋਂ" ਮਾਰ ਦਿੱਤਾ ਗਿਆ ਹੈ। ਆਪਣੀ ਪਛਾਣ ਆਸਿਫ਼ ਵਜੋਂ ਦੱਸਣ ਵਾਲੇ ਉਸ ਵਿਅਕਤੀ ਨੇ ਕਿਹਾ, "ਮੈਂ ਹੈਰਾਨ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਕਿਉਂਕਿ ਮੈਂ ਤਾਂ ਆਪਣੇ ਘਰ ਵਿੱਚ ਬੈਠਾ ਸੀ।"
ਉਸ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ 2000 ਵਿੱਚ ਪਾਕਿਸਤਾਨੀ ਫੌਜ ਵਿੱਚ ਭਰਤੀ ਹੋਇਆ ਸੀ। ਉਸ ਨੇ ਕਿਹਾ, "2005 ਵਿੱਚ, ਮੈਂ ਐੱਸ ਐੱਸ ਜੀ (SSG) ਵਿੱਚ ਸ਼ਾਮਲ ਹੋਇਆ, 18 ਸਾਲ ਬਹਾਦਰੀ ਨਾਲ ਆਪਣੀ ਡਿਊਟੀ ਨਿਭਾਈ ਅਤੇ 2023 ਵਿੱਚ ਸੇਵਾਮੁਕਤ ਹੋਇਆ।"
ਉਸ ਨੇ ਦੱਸਿਆ, ''ਮੈਂ ਤਿੰਨ ਸਾਲ ਇੱਕ ਪ੍ਰਾਈਵੇਟ ਸਕਿਓਰਿਟੀ ਕੰਪਨੀ ਲਈ ਕੰਮ ਕੀਤਾ ਸੀ ਅਤੇ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਆਪਣੇ ਪਰਿਵਾਰ ਨਾਲ ਰਾਵਲਪਿੰਡੀ ਸਥਿਤ ਆਪਣੇ ਘਰ ਵਿੱਚ ਰਹਿ ਰਿਹਾ ਹਾਂ।''

