Surrey ’ਚ ਅਸਥੀਆਂ ਦੇ ਵਿਸਰਜਨ ਲਈ ਮਿਲਿਆ ਅਧਿਕਾਰਤ ਸਥਾਨ; 21 ਸਤੰਬਰ ਤੋਂ ਔਨਲਾਈਨ ਬੁਕਿੰਗ
ਪ੍ਰਤੀ ਸਮਾਗਮ 237 ਕੈਨੇਡੀਅਨ ਡਾਲਰ ਫ਼ੀਸ
ਕੈਨੇਡਾ ਵਿੱਚ ਰਹਿੰਦੇ ਭਾਰਤੀ ਅਤੇ ਹੋਰ ਦੱਖਣੀ ਏਸ਼ੀਆਈ ਪਰਿਵਾਰਾਂ ਲਈ ਅੰਤਿਮ ਰਸਮਾਂ ਨਾਲ ਜੁੜੀ ਇੱਕ ਅਹਿਮ ਲੋੜ ਨੂੰ ਪੂਰਾ ਕਰਨ ਵੱਲ ਸਰੀ ਸਿਟੀ ਨੇ ਕਦਮ ਚੁੱਕਿਆ ਹੈ। ਸਿਟੀ ਨੇ ਫਰੇਜ਼ਰ ਦਰਿਆ ਦੇ ਕੰਢੇ Surrey Public Wharf ’ਤੇ ਅਸਥੀਆਂ ਦੇ ਵਿਸਰਜਨ ਲਈ ਇੱਕ ਨਿਰਧਾਰਿਤ ਸਥਾਨ ਤਿਆਰ ਕੀਤਾ ਹੈ। ਇੱਥੇ ਪਰਿਵਾਰ ਆਪਣੇ ਵਿੱਛੜੇ ਹੋਏ ਜੀਅ ਦੀਆਂ ਅਸਥੀਆਂ ਪਾਣੀ ਵਿੱਚ ਵਿਸਰਜਿਤ ਕਰ ਸਕਣਗੇ। ਸਰੀ ਸਿਟੀ ਮੁਤਾਬਕ ਇਹ ਸਹੂਲਤ ਕਿਸੇ ਇੱਕ ਧਰਮ ਜਾਂ ਭਾਈਚਾਰੇ ਤੱਕ ਸੀਮਤ ਨਹੀਂ ਹੈ। ਵੱਖ-ਵੱਖ ਸਭਿਆਚਾਰਕ ਅਤੇ ਧਾਰਮਿਕ ਪਿਛੋਕੜ ਵਾਲੇ ਲੋਕ ਇਸ ਸਥਾਨ ਦੀ ਵਰਤੋਂ ਕਰ ਸਕਣਗੇ। ਸਿਟੀ ਨੇ ਇਸ ਨੂੰ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਹੈ।
ਅਸਥੀਆਂ ਦੇ ਵਿਸਰਜਨ ਲਈ ਸਥਾਨ ਦੀ ਵਰਤੋਂ ਕਰਨ ਵਾਲੇ ਪਰਿਵਾਰਾਂ ਨੂੰ ਪਹਿਲਾਂ ਤੋਂ ਤਾਰੀਖ਼ ਅਤੇ ਸਮਾਂ ਬੁੱਕ ਕਰਨਾ ਹੋਵੇਗਾ। ਸਰੀ ਸਿਟੀ ਵੱਲੋਂ 21 ਸਤੰਬਰ 2026 ਤੋਂ ਔਨਲਾਈਨ ਬੁਕਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਪ੍ਰਬੰਧ ਦਾ ਮਕਸਦ ਸਮਾਗਮ ਦੌਰਾਨ ਨਿੱਜਤਾ, ਸੁਰੱਖਿਆ ਅਤੇ ਪਾਰਕ ਦੀ ਸਾਂਝੀ ਵਰਤੋਂ ਨੂੰ ਕਾਇਮ ਰੱਖਣਾ ਹੈ। ਇਸ ਸਹੂਲਤ ਲਈ 237 ਕੈਨੇਡੀਅਨ ਡਾਲਰ ਫ਼ੀਸ ਨਿਰਧਾਰਿਤ ਕੀਤੀ ਗਈ ਹੈ। ਸਿਟੀ ਅਨੁਸਾਰ ਇਹ ਰਕਮ ਬੁਕਿੰਗ ਪ੍ਰਬੰਧਨ, ਸਾਈਟ ਦੀ ਤਿਆਰੀ ਅਤੇ ਸਮਾਗਮ ਦੌਰਾਨ ਸਟਾਫ਼ ਦੀ ਨਿਗਰਾਨੀ ਨਾਲ ਸਬੰਧਿਤ ਖ਼ਰਚਿਆਂ ਲਈ ਹੈ।
ਸਿਟੀ ਵੱਲੋਂ ਵਾਤਾਵਰਨ ਦੀ ਸੁਰੱਖਿਆ ਲਈ ਕੁਝ ਸਪਸ਼ਟ ਨਿਯਮ ਵੀ ਬਣਾਏ ਗਏ ਹਨ। ਇੱਥੇ ਸਿਰਫ਼ cremated remains (ਅਸਥੀਆਂ) ਹੀ ਪਾਣੀ ਵਿੱਚ ਪ੍ਰਵਾਹਿਤ ਕਰਨ ਦੀ ਇਜਾਜ਼ਤ ਹੈ। ਹੋਰ ਪੂਜਾ ਸਮਗਰੀ ਜਾਂ ਵਸਤਾਂ ਦਰਿਆ ਵਿੱਚ ਪਾਉਣ ਦੀ ਮਨਾਹੀ ਹੈ। ਸਮਾਗਮ ਵਿੱਚ ਸ਼ਾਮਲ ਲੋਕਾਂ ਨੂੰ ਸਿਟੀ ਵੱਲੋਂ ਜਾਰੀ ਹਦਾਇਤਾਂ ਅਤੇ ਸਟਾਫ਼ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।
ਪਾਣੀ ਵਿੱਚ ਅਸਥੀਆਂ ਵਿਸਰਜਿਤ ਕਰਨਾ ਕਈ ਪਰਿਵਾਰਾਂ ਲਈ ਧਾਰਮਿਕ, ਸਭਿਆਚਾਰਕ ਅਤੇ ਨਿੱਜੀ ਤੌਰ ’ਤੇ ਮਹੱਤਵਪੂਰਨ ਰਸਮ ਹੈ। ਕੈਨੇਡਾ ਵਿੱਚ ਰਹਿੰਦੇ ਕੁਝ ਪਰਿਵਾਰ ਇਸ ਰਸਮ ਲਈ ਭਾਰਤ ਜਾਂ ਹੋਰ ਥਾਵਾਂ ’ਤੇ ਜਾਣ ਨੂੰ ਤਰਜੀਹ ਦਿੰਦੇ ਰਹੇ ਹਨ। ਹਵਾਈ ਯਾਤਰਾ, ਰਹਿਣ-ਸਹਿਣ ਅਤੇ ਹੋਰ ਖ਼ਰਚਿਆਂ ਕਾਰਨ ਇਹ ਪ੍ਰਕਿਰਿਆ ਕਈ ਵਾਰ ਪਰਿਵਾਰਾਂ ਲਈ ਮੁਸ਼ਕਲ ਬਣ ਜਾਂਦੀ ਹੈ। ਸਰੀ ਵਿੱਚ ਨਵਾਂ ਸਥਾਨ ਅਜਿਹੇ ਪਰਿਵਾਰਾਂ ਨੂੰ ਸਥਾਨਕ ਵਿਕਲਪ ਦੇਵੇਗਾ। ਹਾਲਾਂਕਿ ਸਿਟੀ ਦੀ ਇਹ ਸਹੂਲਤ ਕਿਸੇ ਪਰਿਵਾਰ ਦੀ ਧਾਰਮਿਕ ਰੀਤ ਨੂੰ ਬਦਲਣ ਦੀ ਬਜਾਏ ਨਿਰਧਾਰਿਤ ਅਤੇ ਸੁਰੱਖਿਅਤ ਸਥਾਨ ਮੁਹੱਈਆ ਕਰਵਾਉਣ ਲਈ ਹੈ।
ਇਸ ਪ੍ਰੋਜੈਕਟ ’ਤੇ ਕੰਮ 2024 ਵਿੱਚ ਸ਼ੁਰੂ ਹੋਇਆ ਸੀ। ਸਰੀ ਸਿਟੀ ਕੌਂਸਲ ਨੇ ਫਰੇਜ਼ਰ ਦਰਿਆ ਦੇ ਕੰਢੇ ਅਸਥੀਆਂ ਦੇ ਵਿਸਰਜਨ ਲਈ ਢੁਕਵੀਂ ਥਾਂ ਲੱਭਣ ਲਈ ਸਟਾਫ਼ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਸਨ। ਬਾਅਦ ਵਿੱਚ ਤਕਨੀਕੀ ਜਾਂਚ, ਕਮਿਊਨਿਟੀ ਨਾਲ ਵਿਚਾਰ-ਵਟਾਂਦਰੇ ਅਤੇ ਵਾਤਾਵਰਨ ਮੁਲਾਂਕਣ ਤੋਂ ਬਾਅਦ Surrey Public Wharf ਦੀ ਚੋਣ ਕੀਤੀ ਗਈ। ਪ੍ਰੋਜੈਕਟ ਲਈ ਫੰਡਿੰਗ 2025 ਦੇ ਕੈਪੀਟਲ ਬਜਟ ਵਿੱਚ ਮਨਜ਼ੂਰ ਕੀਤੀ ਗਈ ਸੀ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਵਹਿੰਦੇ ਪਾਣੀ ਵਿੱਚ ਕਿਸੇ ਆਪਣੇ ਦੀਆਂ ਅਸਥੀਆਂ ਵਿਸਰਜਿਤ ਕਰਨਾ ਕਈ ਪਰਿਵਾਰਾਂ ਲਈ ਡੂੰਘੀ ਧਾਰਮਿਕ, ਸਭਿਆਚਾਰਕ ਅਤੇ ਨਿੱਜੀ ਮਹੱਤਤਾ ਰੱਖਦਾ ਹੈ। ਸਿਟੀ ਅਨੁਸਾਰ ਪ੍ਰਾਜੈਕਟ ਦਾ ਉਦੇਸ਼ ਸਭਿਆਚਾਰਕ ਰਵਾਇਤਾਂ, ਵਾਤਾਵਰਨ ਦੀ ਸੰਭਾਲ ਅਤੇ ਜਨਤਕ ਸਥਾਨ ਦੀ ਸਾਂਝੀ ਵਰਤੋਂ ਵਿਚਕਾਰ ਸੰਤੁਲਨ ਬਣਾਉਣਾ ਹੈ। ਪਾਇਲਟ ਦੌਰਾਨ ਮਿਲਣ ਵਾਲੇ ਲੋਕਾਂ ਦੇ ਫ਼ੀਡਬੈਕ ਦੇ ਆਧਾਰ ’ਤੇ ਸਿਟੀ ਵੱਲੋਂ ਭਵਿੱਖ ਵਿੱਚ ਇਸ ਸਥਾਨ ਵਿੱਚ ਹੋਰ ਸੁਧਾਰਾਂ ਬਾਰੇ ਫ਼ੈਸਲਾ ਕੀਤਾ ਜਾਵੇਗਾ।

