Nepal Floods: ਨੇਪਾਲ ਹੜ੍ਹ: ਮਰਨ ਵਾਲਿਆਂ ਦੀ ਗਿਣਤੀ ਵਧ ਕੇ 788 ਹੋਈ
ਭੋਟੇਕੋਸ਼ੀ ਨਦੀ ’ਚ ਪਾਣੀ ਵਧਣ ਦੀ ਚਿਤਾਵਨੀ; 2500 ਤੋਂ ਵੱਧ ਹਾਲੇ ਵੀ ਲਾਪਤਾ; ਹੁਣ ਤੱਕ ਪ੍ਰਭਾਵਿਤ ਜ਼ਿਲ੍ਹਿਆਂ ਤੋਂ 8,186 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ
ਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 788 ਤੱਕ ਪਹੁੰਚ ਗਈ ਹੈ, ਜਦੋਂ ਕਿ ਬਚਾਅ ਕਰਮਚਾਰੀਆਂ ਵੱਲੋਂ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਹਨ। ਇਸ ਕੁਦਰਤੀ ਆਫ਼ਤ ਨੂੰ ਪੰਜ ਦਿਨ ਬੀਤ ਚੁੱਕੇ ਹਨ ਅਤੇ ਰਾਹਤ ਟੀਮਾਂ ਸਮੇਂ ਦੇ ਵਿਰੁੱਧ ਦੌੜ ਲਗਾਉਂਦਿਆਂ ਲਾਪਤਾ ਲੋਕਾਂ ਦੀ ਭਾਲ ਅਤੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਕੱਢਣ ਵਿੱਚ ਜੁੱਟੀਆਂ ਹੋਈਆਂ ਹਨ। ਪ੍ਰਭਾਵਿਤ ਹੋਏ ਅੱਠ ਜ਼ਿਲ੍ਹਿਆਂ ਵਿੱਚੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ।
ਨੇਪਾਲ ਭਿਆਨਕ ਕੁਦਰਤੀ ਆਫ਼ਤ ਦੇ ਕਹਿਰ ਤੋਂ ਹਾਲੇ ਉਭਰਿਆ ਵੀ ਨਹੀਂ ਹੈ ਕਿ ਹੁਣ ਭੋਟੇਕੋਸ਼ੀ ਨਦੀ ’ਚ ਪਾਣੀ ਦਾ ਪੱਧਰ ਮੁੜ ਵਧਣ ਲੱਗ ਪਿਆ ਹੈ। ਅਧਿਕਾਰੀਆਂ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਨੇਪਾਲ ’ਚ ਮੌਤਾਂ ਦਾ ਅੰਕੜਾ ਵਧ ਕੇ 788 ਹੋ ਗਿਆ ਹੈ ਜਦਕਿ ਕਰੀਬ 2500 ਵਿਅਕਤੀ ਹਾਲੇ ਵੀ ਲਾਪਤਾ ਹਨ। ਭਾਰਤ ਨਾਲ ਸਬੰਧਤ 403 ਨਾਗਰਿਕ ਲਾਪਤਾ ਹਨ ਅਤੇ 149 ਨੂੰ ਬਚਾਇਆ ਜਾ ਚੁੱਕਿਆ ਹੈ। ਹੁਣ ਤੱਕ 9500 ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ।
ਕੌਮੀ ਆਫ਼ਤ ਜੋਖ਼ਮ ਕਟੌਤੀ ਅਤੇ ਪ੍ਰਬੰਧਨ ਅਥਾਰਿਟੀ ਨੇ ਚਿਤਾਵਨੀ ਦਿੱਤੀ ਹੈ ਕਿ ਭੋਟੇਕੋਸ਼ੀ ਨਦੀ ਦਾ ਪਾਣੀ ਵਧਣ ਕਾਰਨ ਪ੍ਰਭਾਵਿਤ ਖੇਤਰਾਂ ’ਚ ਖ਼ਤਰਾ ਬਣਿਆ ਹੋਇਆ ਹੈ। ਚੀਨੀ ਸਰਹੱਦ ਨੇੜੇ ਗਲੇਸ਼ੀਅਰ ਦੇ ਟੁੱਟਣ ਕਾਰਨ ਬਣੀ ਝੀਲ ਤੋਂ ਬਾਅਦ ਹੁਣ ਕੁਦਰਤੀ ਡੈਮ ਨੇੜੇ ਢਿੱਗਾਂ ਡਿੱਗਣ ਕਾਰਨ ਇੱਕ ਹੋਰ ‘ਡੈਮ ਝੀਲ’ ਬਣਨ ਦੀਆਂ ਰਿਪੋਰਟਾਂ ਹਨ ਜਿਸ ਕਾਰਨ ਇਲਾਕੇ ਨੂੰ ਖ਼ਾਲੀ ਕਰਵਾਇਆ ਜਾ ਰਿਹਾ ਹੈ।
ਮੌਸਮ ਵਿਭਾਗ ਨੇ ਪ੍ਰਭਾਵਿਤ ਇਲਾਕਿਆਂ ’ਚ ਮੀਂਹ ਅਤੇ ਤੂਫ਼ਾਨ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਕਾਰਨ ਚੱਲ ਰਹੇ ਬਚਾਅ ਕਾਰਜਾਂ ’ਚ ਭਾਰੀ ਰੁਕਾਵਟ ਆ ਰਹੀ ਹੈ। ਤ੍ਰਿਸ਼ੂਲੀ ਨਦੀ ਦੇ ਤੇਜ਼ ਵਹਾਅ ਕਾਰਨ ਕ੍ਰਿਸ਼ਨਾਭੀਰ ਵਿਖੇ ਪ੍ਰਿਥਵੀ ਹਾਈਵੇਅ ਦਾ ਇੱਕ ਹਿੱਸਾ ਰੁੜ੍ਹ ਗਿਆ ਜਿਸ ਕਾਰਨ ਕਾਠਮੰਡੂ ਨੂੰ ਪੋਖਰਾ ਅਤੇ ਪੱਛਮੀ ਨੇਪਾਲ ਨਾਲ ਜੋੜਨ ਵਾਲਾ ਮੁੱਖ ਮਾਰਗ ਠੱਪ ਹੋ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਬਦਲਵੇਂ ਰੂਟ ਵਰਤਣ ਦੀ ਸਲਾਹ ਦਿੱਤੀ ਹੈ।
ਅੰਕੜਿਆਂ ਮੁਤਾਬਕ ਹੁਣ ਤੱਕ 2,502 ਲੋਕ ਲਾਪਤਾ ਹਨ, ਜਦੋਂ ਕਿ 9,435 ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਸੁਰੱਖਿਅਤ ਬਚਾ ਲਿਆ ਗਿਆ ਹੈ। ਚੀਨੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਆਫ਼ਤ ਕਾਰਨ ਚੀਨੀ ਵਾਲੇ ਪਾਸੇ ਵੀ 16 ਲੋਕਾਂ ਦੀ ਮੌਤ ਹੋਈ ਹੈ ਅਤੇ ਤਿੱਬਤ ਵਿੱਚ ਲਗਭਗ 550 ਲੋਕ ਲਾਪਤਾ ਹਨ।
ਗਲੇਸ਼ੀਅਰ ਦੇ ਟੁੱਟਣ ਨਾਲ ਆਇਆ ਹੜ੍ਹ
ਪਿਛਲੇ 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਗਲੇਸ਼ੀਅਰ ਫਟਣ ਕਾਰਨ ਬਰਫ਼ ਅਤੇ ਪੱਥਰਾਂ ਦਾ ਵੱਡਾ ਹੜ੍ਹ ਆਇਆ ਸੀ, ਜਿਸ ਨਾਲ ਪਾਣੀ, ਮਿੱਟੀ ਅਤੇ ਮਲਬੇ ਦਾ ਤੇਜ਼ ਵਹਾਅ ਹੇਠਾਂ ਵੱਲ ਆਇਆ। ਇਸ ਨਾਲ ਉੱਤਰੀ ਅਤੇ ਮੱਧ ਨੇਪਾਲ ਦੇ ਕਈ ਕਸਬੇ, ਪਿੰਡ, ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਪਣਬਿਜਲੀ ਪ੍ਰੋਜੈਕਟ ਤਬਾਹ ਹੋ ਗਏ।
NDRRMA ਨੇ ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਚਿਤਾਵਨੀ ਦਿੱਤੀ ਹੈ ਕਿ ਭੋਟੇਕੋਸ਼ੀ ਨਦੀ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਮੁੜ ਵਧ ਗਿਆ ਹੈ, ਇਸ ਲਈ ਸਬੰਧਤ ਲੋਕਾਂ ਨੂੰ ਇਹਤਿਆਤ ਵਰਤਣ ਦੀ ਅਪੀਲ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ (MEA) ਨੇ ਦੱਸਿਆ ਕਿ ਨੇਪਾਲ ਵਿੱਚ 275 ਤੋਂ ਵੱਧ ਭਾਰਤੀ ਅਤੇ 128 ਮੂਲ ਭਾਰਤੀ ਜਾਂ ਤਾਂ ਲਾਪਤਾ ਹਨ ਜਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ। ਹਾਲਾਂਕਿ, ਐਤਵਾਰ ਨੂੰ ਵਿਦੇਸ਼ ਮੰਤਰਾਲੇ ਨੇ ਆਪਣੇ ਐਕਸ (X) ਹੈਂਡਲ 'ਤੇ 149 ਸੁਰੱਖਿਅਤ ਬਚਾਏ ਗਏ ਲੋਕਾਂ ਦੀ ਸੂਚੀ ਸਾਂਝੀ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਸਾਰੇ ਅੱਠ ਜ਼ਿਲ੍ਹਿਆਂ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਆਫ਼ਤ ਦੇ ਪੰਜਵੇਂ ਦਿਨ ਵੀ ਬਚਾਅ ਕਰਮਚਾਰੀ ਲਾਪਤਾ ਲੋਕਾਂ ਦੀ ਤਲਾਸ਼ ਵਿੱਚ ਲੱਗੇ ਹਨ ਅਤੇ ਨਾਲ ਹੀ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਮੁਹਿੰਮ ਵੀ ਜਾਰੀ ਹੈ।
ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਗਲੇਸ਼ੀਅਰ ਟੁੱਟਣ ਤੋਂ ਬਾਅਦ ਬਰਫ਼ ਦੇ ਤੋਦੇ ਡਿੱਗਣ ਦੀ ਘਟਨਾ ਕਰਕੇ ਪਾਣੀ, ਚਿੱਕੜ ਅਤੇ ਮਲਬੇ ਦਾ ਤੇਜ਼ ਵਹਾਅ ਹੇਠਾਂ ਵੱਲ ਆਇਆ, ਜਿਸ ਨੇ ਬੁੱਧਵਾਰ ਨੂੰ ਮੱਧ ਨੇਪਾਲ ਵਿੱਚ ਕਸਬਿਆਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ। ਇਸ ਤੋਂ ਇਲਾਵਾ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ।
ਰਾਸ਼ਟਰੀ ਆਫ਼ਤ ਜੋਖਮ ਘਟਾਓ ਅਤੇ ਪ੍ਰਬੰਧਨ ਅਥਾਰਟੀ (ਐੱਨ ਡੀ ਆਰ ਆਰ ਐੱਮ ਏ) ਨੇ ਦੱਸਿਆ ਕਿ ਇਨ੍ਹਾਂ ਹੜ੍ਹਾਂ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਗਈ ਹੈ।
ਐੱਨ ਡੀ ਆਰ ਆਰ ਐੱਮ ਏ ਦੇ ਅਨੁਸਾਰ, ਹੁਣ ਤੱਕ ਚਿਤਵਾਨ ਜ਼ਿਲ੍ਹੇ ਤੋਂ 259, ਨਵਲਪਰਾਸੀ ਪੂਰਬ ਤੋਂ 184, ਨਵਲਪਰਾਸੀ ਪੱਛਮੀ ਤੋਂ 82 ਅਤੇ ਗੋਰਖਾ ਜ਼ਿਲ੍ਹੇ ਤੋਂ 58 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ, ਨੁਵਾਕੋਟ ਤੋਂ 52, ਧਾਡਿੰਗ ਤੋਂ 50, ਤਨਾਹੂ ਤੋਂ 36 ਅਤੇ ਰਸੁਵਾ ਤੋਂ 13 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਅਥਾਰਟੀ ਨੇ ਦੱਸਿਆ ਕਿ ਇਸ ਆਫ਼ਤ ਤੋਂ ਬਾਅਦ ਹੁਣ ਵੀ 2,498 ਲੋਕ ਲਾਪਤਾ ਹਨ। ਇਨ੍ਹਾਂ ਵਿੱਚ 85 ਸੁਰੱਖਿਆ ਕਰਮਚਾਰੀ ਅਤੇ 320 ਵਿਦੇਸ਼ੀ ਨਾਗਰਿਕ ਸ਼ਾਮਲ ਹਨ।
ਅਧਿਕਾਰੀਆਂ ਅਨੁਸਾਰ, ਬਚਾਅ ਮੁਹਿੰਮ ਦੌਰਾਨ ਹੁਣ ਤੱਕ ਪ੍ਰਭਾਵਿਤ ਜ਼ਿਲ੍ਹਿਆਂ ਤੋਂ 8,186 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ, ਜਿਨ੍ਹਾਂ ਵਿੱਚ 227 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

