Nepal flood: 32 ਕੈਨੇਡੀਅਨ ਲਾਪਤਾ; Canada ਵੱਲੋਂ 5 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ
ਹੁਣ ਤੱਕ ਕਿਸੇ ਕੈਨੇਡੀਅਨ ਦੀ ਮੌਤ ਦੀ ਸਰਕਾਰੀ ਪੁਸ਼ਟੀ ਨਹੀਂ ਹੋਈ
ਨੇਪਾਲ-ਤਿੱਬਤ ਸਰਹੱਦ ’ਤੇ ਆਏ ਭਿਆਨਕ ਹੜ੍ਹਾਂ ਨੇ ਕੈਨੇਡਾ ਵਿੱਚ ਵੀ ਸਹਿਮ ਪੈਦਾ ਕਰ ਦਿੱਤਾ ਹੈ। ਇਸ ਆਫ਼ਤ ਦਾ ਅਸਰ ਕੈਨੇਡਾ ਵਿੱਚ ਬੈਠੇ ਪਰਿਵਾਰਾਂ ਤੱਕ ਵੀ ਪਹੁੰਚ ਗਿਆ ਹੈ। ਕੈਨੇਡਾ ਸਰਕਾਰ ਮੁਤਾਬਕ 32 ਕੈਨੇਡੀਅਨ ਨਾਗਰਿਕ ਅਤੇ ਪਰਮਾਨੈਂਟ ਰੈਜ਼ੀਡੈਂਟ ਅਜੇ ਵੀ ਲਾਪਤਾ ਹਨ। ਹਾਲਾਂਕਿ ਹੁਣ ਤੱਕ ਕਿਸੇ ਕੈਨੇਡੀਅਨ ਦੀ ਮੌਤ ਦੀ ਸਰਕਾਰੀ ਪੁਸ਼ਟੀ ਨਹੀਂ ਹੋਈ।
ਸਰਕਾਰ ਨੇ ਸਾਰੇ 32 ਲੋਕਾਂ ਦੇ ਨਾਮ ਅਤੇ ਘਰੇਲੂ ਸ਼ਹਿਰ ਜਨਤਕ ਨਹੀਂ ਕੀਤੇ, ਪਰ ਪਰਿਵਾਰਾਂ ਅਤੇ ਕੈਨੇਡੀਅਨ ਮੀਡੀਆ ਰਾਹੀਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਲਾਪਤਾ ਲੋਕਾਂ ਵਿੱਚ ਵਿਨੀਪੈਗ, ਪੋਰਟ ਮੂਡੀ, ਕੋਕਿਟਲਮ ਅਤੇ ਵੈਨਕੂਵਰ ਨਾਲ ਜੁੜੇ ਲੋਕ ਸ਼ਾਮਲ ਹਨ।
ਵਿਨੀਪੈਗ ਦੇ 49 ਸਾਲਾ ਮੋਹਿਤ ਕੌਸ਼ਿਕ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਏ ਹੋਏ ਸਨ। ਪਰਿਵਾਰ ਮੁਤਾਬਕ ਉਨ੍ਹਾਂ ਨਾਲ 26 ਅਗਸਤ ਤੋਂ ਸੰਪਰਕ ਨਹੀਂ ਹੋਇਆ। ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪਰਿਵਾਰ ਚਿੰਤਤ ਹੈ ਅਤੇ ਸਰਕਾਰੀ ਅੱਪਡੇਟ ਦੀ ਉਡੀਕ ਕਰ ਰਿਹਾ ਹੈ। ਪੋਰਟ ਮੂਡੀ, ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਿਤ ਧਵਲ ਸ਼ਾਹ ਅਤੇ ਮੇਘਾ ਸ਼ਾਹ ਵੀ ਲਾਪਤਾ ਲੋਕਾਂ ਵਿੱਚ ਸ਼ਾਮਲ ਹਨ। ਪਰਿਵਾਰ ਮੁਤਾਬਕ ਉਨ੍ਹਾਂ ਨਾਲ ਆਖ਼ਰੀ ਵਾਰ ਮੰਗਲਵਾਰ ਨੂੰ ਸੰਪਰਕ ਹੋਇਆ ਸੀ।
ਕੋਕਿਟਲਮ ਨਾਲ ਸਬੰਧਿਤ ਸੁਮਿਤ ਰਾਵਲ ਅਤੇ ਸ਼ੁਬਾਕਸ਼ੀ ਰਾਵਲ ਬਾਰੇ ਵੀ ਪਰਿਵਾਰ ਨੂੰ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦੀ ਧੀ ਮੁਤਾਬਕ ਮਾਪਿਆਂ ਨਾਲ ਆਖ਼ਰੀ ਸੰਪਰਕ 26 ਅਗਸਤ ਦੀ ਸਵੇਰ ਹੋਇਆ ਸੀ। ਦੋਵੇਂ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹਨ ਅਤੇ ਸਿੰਗਾਪੁਰ ਦੇ ਪਾਸਪੋਰਟ ਰੱਖਦੇ ਹਨ। ਇਸ ਤੋਂ ਇਲਾਵਾ ਟੋਰਾਂਟੋ ਨਾਲ ਜੁੜੇ ਪੂਨਮ ਦਲੀਪ-ਕੁਮਾਰ ਠੱਕਰ ਅਤੇ ਹਿਮਾਂਸ਼ੂ ਅਗਰਵਾਲ ਦੇ ਲਾਪਤਾ ਹੋਣ ਦੀ ਜਾਣਕਾਰੀ ਵੀ ਉਨ੍ਹਾਂ ਦੇ ਦੋਸਤਾਂ ਵੱਲੋਂ ਦਿੱਤੀ ਗਈ ਹੈ।
ਅਧਿਕਾਰੀਆਂ ਮੁਤਾਬਕ ਲਾਪਤਾ ਲੋਕਾਂ ਵਿੱਚ ਕਈ ਯਾਤਰੀ ਧਾਰਮਿਕ ਯਾਤਰਾ, ਖ਼ਾਸ ਕਰਕੇ ਕੈਲਾਸ਼ ਮਾਨਸਰੋਵਰ ਰੂਟ ’ਤੇ, ਗਏ ਹੋਏ ਸਨ।
ਇਸੇ ਦੌਰਾਨ ਕੈਨੇਡਾ ਨੇ ਨੇਪਾਲ ਲਈ 5 ਮਿਲੀਅਨ ਡਾਲਰ ਦੀ ਤੁਰੰਤ ਮਨੁੱਖਤਾਵਾਦੀ ਸਹਾਇਤਾ ਦਾ ਐਲਾਨ ਕੀਤਾ ਹੈ। ਇਹ ਰਕਮ ਭੋਜਨ, ਸਾਫ਼ ਪਾਣੀ, ਸਿਹਤ ਸੇਵਾਵਾਂ, ਸੈਨੀਟੇਸ਼ਨ ਅਤੇ ਐਮਰਜੈਂਸੀ ਸ਼ੈਲਟਰ ਵਰਗੀਆਂ ਜ਼ਰੂਰੀ ਲੋੜਾਂ ਲਈ ਵਰਤੀ ਜਾਵੇਗੀ। ਉੱਥੇ ਹੀ ਕੈਨੇਡਾ ਦੇ ਕੌਂਸਲਰ ਅਧਿਕਾਰੀ ਨੇਪਾਲੀ ਸਰਕਾਰ ਨਾਲ ਮਿਲ ਕੇ ਲਾਪਤਾ ਕੈਨੇਡੀਅਨਾਂ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ।

